ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਨੇ ਜਿੱਤਿਆ ਖਿਤਾਬ
ਗੁਰੁ ਨਾਨਕ ਦੇਵ ਯੂਨੀਵਰਸਟੀ ਅੰਤਰ ਕਾਲਜ ਮਹਿਲਾ ਹਾਕੀ ਚੈਂਪੀਅਨਸ਼ਿਪ
Publish Date: Sat, 24 Oct 2026 08:39 PM (IST)
Updated Date: Sun, 25 Oct 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਨੇ 2 ਸਾਲ ਬਾਅਦ ਗੁਰੁ ਨਾਨਕ ਦੇਵ ਯੂਨੀਵਰਸਟੀ ਅੰਤਰ ਕਾਲਜ ਮਹਿਲਾ ਹਾਕੀ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ। ਇਸ ਸਬੰਧੀ ਕਾਲਜ ਦੀ ਪ੍ਰਿੰਸੀਪਲ ਡਾ. ਸਰਬਜੀਤ ਕੌਰ ਰਾਏ ਨੇ ਦੱਸਿਆ ਕਿ ਖਾਲਸਾ ਕਾਲਜ ਗਵਰਨਿੰਗ ਕੋਂਸ਼ਲ ਦੇ ਮੁੱਖੀ ਬੀਬੀ ਬਲਬੀਰ ਕੌਰ ਦੀ ਰਹਿਨੁਮਾਈ ਹੇਠ ਰਾਊਂਡ ਗਲਾਸ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਇਸ ਮਹਿਲਾ ਹਾਕੀ ਸੈਂਟਰ ਨੇ ਇਹ ਪ੍ਰਾਪਤੀ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਲ਼ਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੀ ਟੀਮ ਨੇ 3 ਲੀਗ ਮੈਚਾਂ ’ਚ ਕੁੱਲ 21 ਗੋਲ ਕੀਤੇ, ਜਦਕਿ ਸਿਰਫ 2 ਗੋਲ ਹੀ ਖਾਧੇ। ਪਹਿਲੇ ਲੀਗ ਮੈਚ ’ਚ ਟੀਮ ਨੇ ਖਾਲਸਾ ਕਾਲਜ ਅੰਮ੍ਰਿਤਸਰ ਨੂੰ 5-0 ਨਾਲ, ਦੂਜੇ ਲੀਗ ਮੈਚ ’ਚ ਐੱਚਐੱਮਵੀ ਕਾਲਜ ਜਲੰਧਰ ਨੂੰ 12-1 ਨਾਲ ਤੇ ਆਖਰੀ ਲੀਗ ਮੈਚ ’ਚ ਪਿਛਲੇ ਸਾਲ ਦੀ ਜੇਤੂ ਜੀਐੱਨਡੀਯੂ ਕੈਂਪਸ ਅੰਮ੍ਰਿਤਸਰ ਦੀ ਟੀਮ ਨੂੰ 4-1 ਨਾਲ ਹਰਾਇਆ। ਟੀਮ ਦੇ ਕਾਲਜ ਪਹੁੰਚਣ ’ਤੇ ਕਾਲਜ ਦੇ ਅਧਿਆਪਕਾਂ ਤੇ ਵਿਦਿਆਰਥਣਾਂ ਨੇ ਟੀਮ ਦਾ ਸਵਾਗਤ ਕੀਤਾ। ਇਸ ਮੌਕੇ ਹਾਕੀ ਪੰਜਾਬ ਦੇ ਸੀਈਓ ਕੁਲਬੀਰ ਸਿੰਘ, ਚੜ੍ਹਤ ਸਿੰਘ ਤੇ ਲਕਸ਼ੇ ਰਾਏਕਵਰ, ਪਵਨਦੀਪ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਟੀਮ ਦੀ ਪ੍ਰਾਪਤੀ ਤੇ ਕਾਲਜ ਦੀ ਗਵਰਨਿੰਗ ਕੌਂਸਲ ਦੇ ਸਮੂਹ ਮੈਂਬਰਾਂ ਤੇ ਕਾਲਜ ਦੇ ਪ੍ਰੋਫੈਸਰਾਂ ਨੇ ਟੀਮ ਨੂੰ ਵਧਾਈ ਦਿੱਤੀ ਹੈ।