- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਤਿਹਾਸਿਕ ਗੁਰਦੁਆਰਾ ਗੰਗਸਰ ਨੇੜਿਓ ਮੀਟ,ਸ਼ਰਾਬ ਤੇ ਤੰਬਾਕੂ ਦੀਆਂ ਦੁਕਾਨਾਂ ਚਕਾਉਣ ਲਈ ਦਿੱਤਾ ਮੰਗ ਪੱਤਰ

ਵਰਿੰਦਰ ਲਵਲੀ, ਪੰਜਾਬੀ ਜਾਗਰਣ
ਕਰਤਾਰਪੁਰ : ਮਿਸਲ ਸ਼ਹੀਦਾਂ ਸ਼ੋਮਣੀ ਜਰਨੈਲ ਹਰੀ ਸਿੰਘ ਨਲੂਆ ਮਿਸਲ ਦੋਆਬਾ ਦੇ ਜਥੇਦਾਰ ਬਾਬਾ ਨਰਿੰਦਰ ਸਿੰਘ, ਨਿਹੰਗ ਸਿੰਘ ਫ਼ੌਜਾਂ ਅਤੇ ਕਰਤਾਰਪੁਰ ਸਾਹਿਬ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਇਕੱਤਰਤਾ ਕੀਤੀ ਗਈ। ਇਸ ਵਿੱਚ ਸਮੂਹ ਸੰਗਤਾਂ ਵੱਲੋਂ ਗੁਰਮਤਾ ਕੀਤਾ ਗਿਆ ਕਿ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੋ ਕਿ ਪੰਜਵੀਂ ਅਤੇ ਛੇਵੀਂ ਪਾਤਸ਼ਾਹੀ ਜੀ ਦੀ ਚਰਨ ਛੋਹ ਪ੍ਰਾਪਤ ਹੈ, ਜਿੱਥੇ ਦੂਰ ਦੁਰਾਡਿਓਂ ਸੰਗਤਾਂ ਵੀ ਦਰਸ਼ਨਾਂ ਲਈ ਪਹੁੰਚਦੀਆਂ ਹਨ ਪਰ ਗੁਰੂ ਘਰ ਦੇ ਆਸਪਾਸ ਅਤੇ ਸਿਨੇਮਾ ਮੋੜ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਸਕੂਲ ਤੱਕ ਸਾਰੇ ਰਸਤੇ ਵਿੱਚ ਸਿਗਰਟਾਂ, ਤੰਬਾਕੂ ਖੁੱਲ੍ਹੇ ਵਿੱਚ ਵਿਕਦਾ ਮੀਟ ਅਤੇ ਵਾਲ ਕਟਾਈ ਵਾਲੇ ਨਾਈਆਂ ਦੇ ਖੋਖਿਆਂ ਨੂੰ ਦੇਖ ਕੇ ਇੱਥੇ ਆਉਣ ਵਾਲੀਆਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ। ਇਸ ਕਾਰਨ ਇਹਨਾਂ ਖੋਖਿਆਂ ਨੂੰ ਚੁਕਵਾਉਣ ਅਤੇ ਪੂਰਨ ਤੌਰ ’ਤੇ ਬੰਦ ਕਰਵਾਉਣ ਲਈ ਨਗਰ ਕੌਂਸਲ ਕਰਤਾਰਪੁਰ ਦੇ ਕਾਰਜ ਸਾਧਕ ਅਫਸਰ ਅਤੇ ਐੱਸਐੱਚਓ ਅਤੇ ਡੀਐੱਸਪੀ ਨਾਲ ਮੁਲਾਕਾਤ ਕਰ ਕੇ ਇਸ ਮਾਮਲੇ ਸੰਬੰਧੀ ਮੰਗ ਪੱਤਰ ਦਿੱਤਾ ਗਿਆ।
ਮੰਗ ਪੱਤਰ ’ਚ ਬੇਨਤੀ ਕੀਤੀ ਗਈ ਕਿ ਜੇਕਰ 29 ਅਕਤੂਬਰ ਤੱਕ ਇਹਨਾਂ ਖੋਖਿਆਂ ਨੂੰ ਬੰਦ ਕਰਵਾਉਣ ਲਈ ਕਾਰਵਾਈ ਨਾ ਕੀਤੀ ਗਈ ਤਾਂ ਨਿਹੰਗ ਸਿੰਘ ਫ਼ੌਜਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਹਨਾਂ ਖੋਖਿਆਂ ਉੱਪਰ ਖੁਦ ਕਾਰਵਾਈ ਕੀਤੀ ਜਾਵੇਗੀ ਜਿਸ ਦਾ ਪ੍ਰਸ਼ਾਸਨ ਖੁਦ ਜਿੰਮੇਵਾਰ ਹੋਵੇਗਾ। ਇਸ ਮੌਕੇ ਸੰਗਤਾਂ ਵਿਚ ਜਥੇਦਾਰ ਬਾਬਾ ਨਰਿੰਦਰ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ, ਹਰਜਿੰਦਰ ਸਿੰਘ ਸਰਾਏ, ਸੁਖਦੇਵ ਸਿੰਘ ਸਰਾਏ, ਜਸਵਿੰਦਰ ਸਿੰਘ, ਗੁਰਦਿਆਲ ਸਿੰਘ ਕਾਹਲਵਾਂ, ਜਥੇਦਾਰ ਸਤਨਾਮ ਸਿੰਘ ਜਲਾ ਸਿੰਘ, ਘੁੱਗਾ ਸਿੰਘ ਕਾਹਲਵਾਂ, ਹਰਵਿੰਦਰ ਸਿੰਘ ਰਿੰਕੂ, ਤਜਿੰਦਰ ਸਿੰਘ, ਗੁਰਜੀਤ ਸਿੰਘ ਖਾਲਸਾ, ਸ਼ੇਰ ਸਿੰਘ ਨੰਦਰਾ, ਬਲਵੀਰ ਸਿੰਘ, ਅਮਰਜੀਤ ਸਿੰਘ ਸੰਜੂ, ਸੁਖਪ੍ਰੀਤ ਸਿੰਘ, ਪਰਮਿੰਦਰ ਸਿੰਘ ਗੋਲਡੀ, ਰਮਨਪ੍ਰੀਤ ਸਿੰਘ,ਤਜਿੰਦਰ ਸਿੰਘ ਨਿੱਕਾ,ਗੁਰਵਿੰਦਰ ਸਿੰਘ ਕਾਹਲਵਾਂ ਆਦਿ ਮੌਜੂਦ ਸੀ।