ਸਾਂਝੀ ਸੰਘਰਸ਼ ਕਮੇਟੀ ਸਿਹਤ ਵਿਭਾਗ ਵੱਲੋਂ ਸੀਐੱਮ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਸਾਂਝੀ ਸੰਘਰਸ਼ ਕਮੇਟੀ ਸਿਹਤ ਵਿਭਾਗ ਵੱਲੋਂ ਮੁੱਖ ਮੰਤਰੀ ਵਿਰੁੱਧ ਅਰਥੀ ਫੂਕ ਮੁਜ਼ਾਹਰਾ
Publish Date: Sun, 30 Aug 2026 07:26 PM (IST)
Updated Date: Mon, 31 Aug 2026 04:05 AM (IST)
- ਮਾਮਲਾ ਮੁੱਖ ਮੰਤਰੀ ਦੀ ਲੋਕ ਮਿਲਣੀ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਨਜ਼ਰਬੰਦ ਕਰਨ ਦਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਰਤਾਰਪੁਰ : ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਪਿੰਡ ਕਾਹਲਵਾਂ ਵਿਖੇ ਸਿਹਤ ਵਿਭਾਗ ਦੀ ਮੈਡੀਕਲ ਟੀਮ ਨੂੰ ਕੈਂਪ ’ਤੇ ਜਾਣ ਤੋਂ ਰੋਕਣ ਤੇ ਸਿਹਤ ਕਰਮਚਾਰੀਆਂ ਨੂੰ ਸੈਂਟਰਾਂ ’ਤੇ ਨਜ਼ਰਬੰਦ ਕਰਨ ਦੇ ਰੋਸ ਵਜੋਂ ਸਾਂਝੀ ਸੰਘਰਸ਼ ਕਮੇਟੀ ਸਿਹਤ ਵਿਭਾਗ ਦੀ ਅਗਵਾਈ ਹੇਠ ਸੈਂਕੜੇ ਮੁਲਾਜ਼ਮਾਂ ਵੱਲੋਂ ਅੱਜ ਅੰਬੇਡਕਰ ਚੌਕ ਕਰਤਾਰਪੁਰ ਵਿਖੇ ਰੋਸ ਧਰਨਾ ਦਿੱਤਾ ਗਿਆ। ਇਹ ਧਰਨਾ ਸਵੇਰੇ 11 ਤੋਂ ਦੁਪਹਿਰ 1:30 ਵਜੇ ਤੱਕ ਚੱਲਿਆ। ਉਪਰੰਤ ਡੀਐੱਸਪੀ ਦਫ਼ਤਰ ਤੱਕ ਰੋਹ ਭਰਪੂਰ ਮੁਜ਼ਾਹਰਾ ਕਰਦੇ ਹੋਏ ਮੁਲਾਜ਼ਮਾਂ ਵੱਲੋਂ ਦਫ਼ਤਰ ਸਾਹਮਣੇ ਮੁੱਖ ਸੜਕ ’ਤੇ ਮੁੱਖ ਮੰਤਰੀ ਦੀ ਅਰਥੀ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਆਗੂਆਂ ਨੇ ਦੱਸਿਆ ਕਿ 27 ਅਗਸਤ ਨੂੰ ਸਾਰਾ ਦਿਨ ਭੁੱਖਣ ਭਾਣੇ ਪੁਲਿਸ ਵੱਲੋਂ ਬੰਧਕ ਬਣਾ ਕੇ ਰੱਖਣ ਵਾਲੇ ਮੁਲਾਜ਼ਮਾਂ ਦੀ ਇਸ ਟੀਮ ’ਚ ਡਾਕਟਰ, ਸੀਐੱਚਓ, ਏਐੱਨਐੱਮ, ਮੇਲ ਹੈਲਥ ਵਰਕਰਜ, ਆਸ਼ਾ ਵਰਕਰਾਂ ਤੇ ਹੋਰ ਸਿਹਤ ਕਰਮਚਾਰੀ ਸ਼ਾਮਲ ਸਨ। ਇਹ ਕਰਮਚਾਰੀ ਆਪਣੀ ਡਿਊਟੀ ਅਨੁਸਾਰ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਤਿਆਰ ਸਨ, ਪਰ ਉਨ੍ਹਾਂ ਨੂੰ ਕੈਂਪ ’ਤੇ ਜਾਣ ਤੋਂ ਰੋਕ ਦਿੱਤਾ ਗਿਆ। ਖਾਸ ਤੌਰ ’ਤੇ ਕੰਟਰੈਕਟ ਮਲਟੀਪਰਪਜ ਹੈਲਥ ਵਰਕਰ ਯੂਨੀਅਨ ਦੀ ਸਟੇਟ ਪ੍ਰਧਾਨ ਸਰਬਜੀਤ ਕੌਰ ਦੀ ਡਿਊਟੀ 2:30 ਵਜੇ ਕੈਂਸਲ ਕਰਕੇ ਉਨ੍ਹਾਂ ਨੂੰ ਜ਼ਬਰਦਸਤੀ ਘਰ ਭੇਜ ਦਿੱਤਾ ਗਿਆ, ਜਦਕਿ ਬਾਕੀ ਸਿਹਤ ਵਿਭਾਗ ਦੇ ਸਟਾਫ ਨੂੰ ਸ਼ਾਮ 6 ਵਜੇ ਤੱਕ ਸਿਹਤ ਸੈਂਟਰ ’ਤੇ ਹੀ ਨਜ਼ਰਬੰਦ ਕਰਕੇ ਰੱਖਿਆ ਗਿਆ। ਯੂਨੀਅਨ ਆਗੂਆਂ ਨੇ ਕਿਹਾ ਕਿ ਸਿਹਤ ਕਰਮਚਾਰੀ ਹਮੇਸ਼ਾ ਲੋਕਾਂ ਦੀ ਸੇਵਾ ਲਈ ਆਪਣੀ ਡਿਊਟੀ ਨਿਭਾਉਂਦੇ ਆਏ ਹਨ। ਆਪਣੀ ਡਿਊਟੀ ਕਰਨ ਲਈ ਜਾ ਰਹੇ ਸਿਹਤ ਕਰਮਚਾਰੀਆਂ ਨੂੰ ਕੈਂਪ ’ਤੇ ਜਾਣ ਤੋਂ ਰੋਕਣਾ ਤੇ ਘੰਟਿਆਂਬੱਧੀ ਸੈਂਟਰਾਂ ’ਤੇ ਰੋਕ ਕੇ ਰੱਖਣਾ ਬੇਹੱਦ ਮੰਦਭਾਗਾ ਤੇ ਅਤੀ ਨਿੰਦਣਯੋਗ ਕਾਰਵਾਈ ਹੈ ਤੇ ਇਹ ਸਿਰੇ ਦੀ ਤਾਨਾਸ਼ਾਹੀ ਕਾਰਵਾਈ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੇ ਤਿੱਖੇ ਰੋਸ ਵਜੋਂ ਸਿਹਤ ਵਿਭਾਗ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਸਰਕਾਰ ਵਿਰੁੱਧ ਇਹ ਪ੍ਰਦਰਸ਼ਨ ਕਰਨਾ ਪਿਆ ਤੇ ਮੁੱਖ ਮੰਤਰੀ ਦਾ ਪੁਤਲਾ ਫ਼ੂਕ ਕੇ ਨਾਅਰੇਬਾਜ਼ੀ ਕਰਨ ਲਈ ਮਜ਼ਬੂਰ ਹੋਣਾ ਪਿਆ। ਯੂਨੀਅਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਭਵਿੱਖ ’ਚ ਸਿਹਤ ਕਰਮਚਾਰੀਆਂ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਣ ਜਾਂ ਉਨ੍ਹਾਂ ਨੂੰ ਨਜ਼ਰਬੰਦ ਕਰਨ ਵਰਗੀ ਕਾਰਵਾਈ ਦੁਹਰਾਈ ਗਈ ਤਾਂ ਸਿਹਤ ਵਿਭਾਗ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਹੋਰ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ।ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮ ਜਥੇਬੰਦੀਆਂ ਨਾਲ ਸਰਕਾਰ ਤਰੁੰਤ ਮੀਟਿੰਗਾਂ ਕਰਕੇ ਉਹਨਾਂ ਦੀਆਂ ਮੰਗਾਂ ਨੂੰ ਹੱਲ ਕੀਤਾ ਜਾਵੇ ਅਤੇ ਸਿਹਤ ਕਰਮਚਾਰੀਆਂ ਨੂੰ ਡਿਊਟੀ ਕਰਨ ਤੋਂ ਰੋਕਣਾ ਅਤੇ ਨਜ਼ਰਬੰਦ ਕਰਨ ਤਾਨਾਸ਼ਾਹੀ ਕਾਰਵਾਈ ਨੂੰ ਬੰਦ ਕੀਤਾ ਜਾਵੇ। ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਆਗੂ ਹਰਿੰਦਰ ਦੁਸਾਂਝ ਦੁਸਾਂਝ, ਪੈਰਾ ਮੈਡੀਕਲ ਸੰਘਰਸ਼ ਕਮੇਟੀ ਦੇ ਅਮਨਪ੍ਰੀਤ ਸਿੰਘ, ਕੰਟਰੈਕਟ ਮਲਟੀਪਰਪਜ ਹੈਲਥ ਵਰਕਰ ਯੂਨੀਅਨ ਦੀ ਸੂਬਾ ਪ੍ਰਧਾਨ ਸਰਬਜੀਤ ਕੌਰ, ਯੂਨੀਅਨ ਆਗੂ ਸਟੇਟ ਆਗੂ ਕੁਲਜੀਤ ਕੌਰ, ਸਤਿੰਦਰ ਕੌਰ, ਸ਼ਰਨਜੀਤ ਕੌਰ, ਸੁਰਿੰਦਰ ਕੌਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਯੂਨੀਅਨ ਦੇ ਯੂਥ ਵਿੰਗ ਆਗੂ ਗੁਰਪ੍ਰੀਤ ਸਿੰਘ ਚੀਦਾ, ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਮੇਲ ਦੇ ਪ੍ਰਧਾਨ ਸੁਖਰਾਜ ਸਿੰਘ, ਬਲਜੀਤ ਸਿੰਘ, ਐੱਸਆਈ ਬਲਵਿੰਦਰ ਸਿੰਘ ਕਾਹਲੋਂ, ਫਾਰਮਾਸਿਸਟ ਯੂਨੀਅਨ ਦੇ ਜਨਰਲ ਸਕੱਤਰ ਸ਼ਰਨਜੀਤ ਸਿੰਘ ਬਾਵਾ ਤੇ ਸੀਐੱਚਓ ਯੂਨੀਅਨ ਦੇ ਸੁਖਪ੍ਰੀਤ ਕੌਰ, ਐੱਲਐੱਚਵੀ ਤੇ ਏਐੱਨਐੱਮ ਯੂਨੀਅਨ ਦੇ ਆਗੂ ਰਾਜਵਿੰਦਰ ਕੌਰ, ਇੰਦਰਾ ਦੇਵੀ, ਕੁਲਦੀਪ ਕੌਰ ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਦੀ ਜ਼ਿਲ੍ਹਾ ਆਗੂ ਅੰਮ੍ਰਿਤਪਾਲ ਕੌਰ ਨੂਸੀ, ਸੰਦੀਪ ਕੌਰ, ਮਿੱਡ ਡੇਅ ਮੀਲ ਵਰਕਰਜ਼ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਅਮਾਨਤਪੁਰ ਆਦਿ ਨੇ ਸੰਬੋਧਨ ਕੀਤਾ।