
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੇਐੱਮਵੀ ਦੇ ਫਾਊਂਡੇਸ਼ਨ ਪ੍ਰੋਗਰਾਮ ’ਚ ਮਨੁੱਖੀ ਸਮਾਜ ਤੇ ਸਭਿਅਤਾ ਦੇ ਵਿਕਾਸ ਨੂੰ ਸਮਝਣ ’ਤੇ ਜ਼ੋਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੰਨਿਆ ਮਹਾ ਵਿਦਿਆਲਿਆ ਵਿਖੇ ਨਵੀਂ ਦਾਖ਼ਲ ਹੋਈਆਂ ਵਿਦਿਆਰਥਣਾਂ ਲਈ 14 ਸਾਲਾਂ ਤੋਂ ਲਗਾਤਾਰ ਕਰਵਾਇਆ ਜਾ ਰਿਹਾ ਫਾਊਂਡੇਸ਼ਨ ਕੋਰਸ ‘ਐਨ ਔਡੀਸੀ ਆਫ ਹਿਊਮਨ ਐਂਡੇਵਰ’ ਸਫਲਤਾਪੂਰਵਕ ਸੰਪੰਨ ਹੋਇਆ। ਅੰਡਰਗ੍ਰੈਜੂਏਟ ਪੱਧਰ ਦੇ ਪਹਿਲੇ ਸਮੈਸਟਰ ਦੀਆਂ ਵਿਦਿਆਰਥਣਾਂ ਲਈ ਲਾਜ਼ਮੀ ਇਸ ਪ੍ਰੋਗਰਾਮ ਦਾ ਉਦੇਸ਼ ਉਨ੍ਹਾਂ ਦੇ ਬੌਧਿਕ ਵਿਕਾਸ ਤੇ ਸੋਚ ਨੂੰ ਮਜ਼ਬੂਤ ਬੁਨਿਆਦ ਪ੍ਰਦਾਨ ਕਰਨਾ ਹੈ। ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ‘ਦਿ ਹਿਊਮਨ ਸਟੋਰੀ’ ਵਿਸ਼ੇ ’ਤੇ ਵਿਚਾਰ ਸਾਂਝੇ ਕਰਦਿਆਂ ਮਨੁੱਖੀ ਵਿਕਾਸ, ਸਮਾਜਿਕ ਬਦਲਾਵਾਂ, ਤਕਨੀਕੀ ਤਰੱਕੀ ਤੇ ਵੱਖ-ਵੱਖ ਖੋਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਕਾਸਾਂ ਨੇ ਮਨੁੱਖੀ ਜੀਵਨ ਨੂੰ ਵਧੇਰੇ ਸੁਖਾਲਾ ਬਣਾਇਆ ਹੈ। ਪ੍ਰੋਗਰਾਮ ਦੌਰਾਨ ਵੇਦਾਂ ਤੇ ਭਾਰਤੀ ਫਿਲਾਸਫੀ, ਸਮਾਜ ਤੇ ਸਾਹਿਤ ’ਚ ਬਦਲਾਅ, ਔਰਤਾਂ ਦੀ ਯਾਤਰਾ, ਪ੍ਰਾਚੀਨ ਭਾਰਤੀ ਇਤਿਹਾਸ, ਨਸਲਵਾਦ, ਆਧੁਨਿਕ ਸੰਸਾਰ ਦੇ ਰਾਜਨੀਤਕ ਤੇ ਆਰਥਿਕ ਪੱਖ ਤੇ ਨੈਤਿਕ ਏਆਈ ਵਰਗੇ ਵਿਸ਼ਿਆਂ ’ਤੇ ਵੀ ਚਰਚਾ ਕੀਤੀ ਗਈ। ਪ੍ਰਿੰਸੀਪਲ ਨੇ ਪ੍ਰੋਗਰਾਮ ਦੀ ਸਫਲਤਾ ਲਈ ਡਾ. ਰੂਪਿਕਾ ਸ਼ਰਮਾ, ਡਾ. ਰੀਨਾ ਸ਼ਰਮਾ ਅਤੇ ਡਾ. ਏਕਤਾ ਦੇ ਯਤਨਾਂ ਦੀ ਸ਼ਲਾਘਾ ਕੀਤੀ।