ਕੇਐੱਮਵੀ ਨੇ ਸ਼ੁਰੂ ਕੀਤਾ ਇਲਾਕੇ ਦਾ ਪਹਿਲਾ ਸਟੂਡੈਂਟ ਰਨ ਰੈਸਟੋਰੈਂਟ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Fri, 13 Feb 2026 07:02 PM (IST)
Updated Date: Fri, 13 Feb 2026 07:06 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਨੇ ਇਲਾਕੇ ਦਾ ਪਹਿਲਾ ਵਿਦਿਆਰਥਣਾਂ ਵੱਲੋਂ ਚਲਾਇਆ ਜਾਣ ਵਾਲਾ ਰੈਸਟੋਰੈਂਟ 'ਅਤਿਥੀਯਮ' ਸ਼ੁਰੂ ਕੀਤਾ ਹੈ। ਇਹ ਰੈਸਟੋਰੈਂਟ ਪ੍ਰਾਹੁਣਚਾਰੀ ਤੇ ਸੈਰ-ਸਪਾਟਾ ਵਿਭਾਗ ਦੀਆਂ ਵਿਦਿਆਰਥੀਆਂ ਵੱਲੋਂ ਚਲਾਇਆ ਜਾਣ ਵਾਲਾ ਇਕ ਪੂਰਾ ਵਿਦਿਆਰਥੀ ਰੈਸਟੋਰੈਂਟ ਹੈ। ਇਸ ਦਾ ਸ਼ੁੱਭ ਆਰੰਭ ਪ੍ਰਧਾਨ ਚੰਦਰ ਮੋਹਨ, ਆਲੋਕ ਸੋਧੀ, ਡਾ. ਸੁਸ਼ਮਾ ਚਾਵਲਾ, ਡਾ. ਸੁਸ਼ਮਾ ਚਪੋੜਾ, ਧਰੁਵ ਮਿੱਤਲ, ਅਨੁਰਾਧਾ ਸੋਂਧੀ, ਡਾ. ਦੀਪਾਲੀ ਲੂਥਰਾ, ਸ਼ਿਵ ਮਿੱਤਲ, ਡਾ. ਐੱਸਪੀ ਗੁਪਤਾ ਤੇ ਡਾ. ਅਤਿਮਾ ਸ਼ਰਮਾ ਨੇ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਇਹ ਸਿਰਫ ਇਕ ਰੈਸਟੋਰੈਂਟ ਜਾਂ ਕੈਫੇ ਨਹੀਂ ਹੈ, ਸਗੋਂ ਇਕ ਲਾਈਵ ਟ੍ਰੇਨਿੰਗ ਲੈਬ ਹੈ। ਇੱਥੇ ਵਿਦਿਆਰਥਣਾਂ ਫੈਕਲਟੀ ਦੀ ਮਾਰਗਦਰਸ਼ਨ ਹੇਠ ਮੈਨਿਊ ਯੋਜਨਾ ਤੇ ਪ੍ਰੋਕਿਓਰਮੈਂਟ ਤੋਂ ਲੈ ਕੇ ਕੁਕਿੰਗ ਸਰਵਿਸ, ਬਿਲਿੰਗ, ਮਾਰਕੀਟਿੰਗ ਤੇ ਇੰਟਰੀਅਰ ਸਟਾਈਲਿੰਗ ਦੇ ਹਰ ਪਹਿਲੂ ਨੂੰ ਸੰਭਾਲਣਗੀਆਂ। ਇਹ ਪੂਰੀ ਤਰ੍ਹਾਂ ਬੈਚਲਰ ਆਫ ਵੋਕੇਸ਼ਨਲ ਹਾਸਪਿਟੈਲਿਟੀ ਤੇ ਟੂਰਿਜ਼ਮ ਦੀ ਅੰਡਰਗ੍ਰੈਜੂਏਟ ਵਿਦਿਆਰਥਣਾਂ ਦੁਆਰਾ ਕੰਸੈਪਟ, ਡਿਜ਼ਾਈਨ ਤੇ ਆਪ੍ਰੇਟ ਕੀਤਾ ਗਿਆ ਹੈ।
ਇਸ ਦਾ ਮੈਨਿਊ ਖਾਸ ਤੌਰ 'ਤੇ ਵਿਦਿਆਰਥੀ ਗਾਹਕਾਂ ਲਈ ਤਿਆਰ ਕੀਤਾ ਗਿਆ ਹੈ। ਇਹ ਕਾਲਜ ਕੈਂਪਸ ’ਚ ਸਥਿਤ ਹੈ ਤੇ ਕਾਲਜ ਦੇ ਸਮੇਂ ਮੁਤਾਬਕ ਖੁੱਲ੍ਹਾ ਰਹੇਗਾ, ਜੋ ਫੂਡ ਐਂਡ ਬੀਵਰੇਜ ਲੈਬੋਰੇਟਰੀ ਨਾਲ ਜੁੜਿਆ ਹੋਇਆ ਹੈ। ਇੱਥੇ ਲਾਈਵ ਟ੍ਰੇਨਿੰਗ ਗ੍ਰਾਊਂਡ ਵਜੋਂ ਵੀ ਕੰਮ ਕੀਤਾ ਜਾਵੇਗਾ, ਜਿੱਥੇ ਵਿਦਿਆਰਥਣਾਂ ਆਪਣੇ ਕਰਿਕੁਲਮ ਦੇ ਹਿੱਸੇ ਵਜੋਂ ਹਰ ਹਫ਼ਤੇ ਸ਼ੈੱਫ, ਬੈਰਿਸਟਾ, ਸਰਵਰ, ਕੈਸ਼ੀਅਰ ਅਤੇ ਮੈਨੇਜਰ ਦੇ ਭੂਮਿਕਾਵਾਂ ਨੂੰ ਬਦਲਦੇ ਰਹਿਣਗੇ।