ਕਿਸ਼ਨਗੜ੍ਹ ਪੁਲਿਸ ਵੱਲੋਂ ਨਾਜਾਇਜ਼ ਪਿਸਤੌਲ ਤੇ ਤਿੰਨ ਕਾਰਤੂਸਾਂ ਸਣੇ ਨੌਜਵਾਨ ਕਾਬੂ ਕਿਸ਼ਨਗੜ੍ਹ ਪੁਲਿਸ ਵੱਲੋਂ ਨਾਜਾਇਜ਼ ਪਿਸਟਲ ਤੇ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ ਨੌਜਵਾਨ ਕਾਬੂ
Publish Date: Sun, 04 Oct 2026 08:06 PM (IST)
Updated Date: Sun, 04 Oct 2026 08:08 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ ਕਿਸ਼ਨਗੜ੍ਹ : ਥਾਣਾ ਕਰਤਾਰਪੁਰ ਅਧੀਨ ਪੁਲਿਸ ਚੌਕੀ ਕਿਸ਼ਨਗੜ੍ਹ ਦੀ ਪੁਲਿਸ ਨੇ ਨਾਜਾਇਜ਼ ਅਸਲੇ ਸਮੇਤ ਇਕ ਨੌਜਵਾਨ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ .32 ਬੋਰ ਦਾ ਇਕ ਪਿਸਤੌਲ ਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਕਿਸ਼ਨਗੜ੍ਹ ਦੇ ਇੰਚਾਰਜ ਏਐੱਸਆਈ ਹਰਦੀਪ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਕਿਸ਼ਨਗੜ੍ਹ ਤੋਂ ਕਰਤਾਰਪੁਰ ਨੂੰ ਜਾਂਦੀ ਸੜਕ ’ਤੇ ਪਿੰਡ ਨੌਗੱਜਾ ਨੇੜੇ ਇਕ ਗੋਦਾਮ ਕੋਲੋਂ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ। ਤਲਾਸ਼ੀ ਦੌਰਾਨ ਉਸ ਕੋਲੋਂ .32 ਬੋਰ ਦਾ ਨਾਜਾਇਜ਼ ਪਿਸਤੌਲ ਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁਲਿਸ ਅਨੁਸਾਰ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਉਰਫ਼ ਸਾਗਰ ਪੁੱਤਰ ਰਾਜ ਕੁਮਾਰ ਵਾਸੀ ਕਾਲਾ ਖੇੜਾ ਕਾਲੋਨੀ, ਥਾਣਾ ਕਰਤਾਰਪੁਰ, ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਪੁਲਿਸ ਨੇ ਉਸ ਵਿਰੁੱਧ ਮੁਕੱਦਮਾ ਨੰਬਰ 208, ਮਿਤੀ 4 ਅਕਤੂਬਰ 2026 ਨੂੰ ਧਾਰਾ 25/54/59 ਅਸਲਾ ਐਕਟ ਤਹਿਤ ਥਾਣਾ ਕਰਤਾਰਪੁਰ ਵਿਖੇ ਦਰਜ ਕੀਤਾ ਹੈ। ਏਐੱਸਆਈ ਹਰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਰਿਕਾਰਡ ਅਨੁਸਾਰ ਮੁਲਜ਼ਮ ਵਿਰੁੱਧ ਪਹਿਲਾਂ ਵੀ ਲੜਾਈ-ਝਗੜੇ ਤੇ ਨਾਜਾਇਜ਼ ਅਸਲੇ ਨਾਲ ਸਬੰਧਤ ਮਾਮਲੇ ਦਰਜ ਹਨ। ਪੁਲਿਸ ਅਨੁਸਾਰ ਮੁਲਜ਼ਮ ਦੇ ਕਥਿਤ ਤੌਰ ’ਤੇ ਸੁੱਖਾ ਧੀਰਪੁਰ ਗੈਂਗ ਨਾਲ ਸਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਉਮੀਦ ਪ੍ਰਗਟਾਈ ਕਿ ਰਿਮਾਂਡ ਦੌਰਾਨ ਪੁੱਛਗਿੱਛ ਤੋਂ ਹੋਰ ਅਹਿਮ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ।