- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਰਨਾ ਦੀ ਰਸਮ ਹੋਈ ਸੰਪੰਨ, ਅੱਜ ਡੁੱਬਦੇ ਸੂਰਜ ਨੂੰ ਅਰਘ ਦੇਣਗੇ ਸ਼ਰਧਾਲੂ

ਡੀਏਵੀ ਕਾਲਜ ਰੋਡ ਦੀ ਨਹਿਰ ’ਚ ਸ਼ਰਧਾਲੂਆਂ ਨੇ ਖੁਦ ਸਾਫ ਕੀਤੀ ਗੰਦਗੀ
ਦੇਰ ਸ਼ਾਮ ਹੋਈ ਛੱਠ ਘਾਟ ਪੂਜਾ, ਕਈ ਸ਼ਰਧਾਲੂਆਂ ਨੇ ਕੀਤਾ ਭੂਮੀ ਦੰਡਵਤ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਸੂਰਜ ਦੀ ਉਪਾਸਨਾ ਦਾ ਪਵਿੱਤਰ ਤਿਉਹਾਰ ਛੱਠ ਪੂਜਾ ਨੂੰ ਲੈ ਕੇ ਸ਼ਹਿਰ ’ਚ ਘਾਟਾਂ ਨੂੰ ਸਜਾ ਦਿੱਤਾ ਗਿਆ ਹੈ। ਇਸ ਸਬੰਧੀ ਜਿੱਥੇ ਨਹਿਰਾਂ ਵਿੱਚ ਪਾਣੀ ਛੱਡਿਆ ਜਾ ਚੁੱਕਾ ਹੈ, ਉੱਥੇ ਹੀ ਛੱਠ ਘਾਟਾਂ ਦੇ ਆਲੇ-ਦੁਆਲੇ ਸਟਰੀਟ ਲਾਈਟਾਂ ਨੂੰ ਠੀਕ ਕਰਨ ਦਾ ਕੰਮ ਵੀ ਸ਼ਨੀਵਾਰ ਨੂੰ ਕੀਤਾ ਗਿਆ। ਐਤਵਾਰ ਨੂੰ ਸ਼ਰਧਾਲੂ ਡੁੱਬਦੇ ਸੂਰਜ ਨੂੰ ਅਰਘ ਦੇ ਕੇ ਛੱਠ ਪੂਜਾ ਦੀ ਮਹੱਤਵਪੂਰਨ ਰਸਮ ਨਿਭਾਉਣਗੇ। ਇਸ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਦਿਨ ਭਰ ਨਹਿਰਾਂ ਦੇ ਕਿਨਾਰਿਆਂ ’ਤੇ ਛੋਟੇ-ਛੋਟੇ ਘਾਟ ਤਿਆਰ ਕੀਤੇ ਜਾਂਦੇ ਰਹੇ। ਇਸ ਦੌਰਾਨ ਸ਼ਨੀਵਾਰ ਨੂੰ ਛੱਠ ਵਰਤ ਰੱਖਣ ਵਾਲੇ ਸ਼ਰਧਾਲੂਆਂ ਨੇ ਖਰਨਾ ਦੀ ਰਸਮ ਅਦਾ ਕੀਤੀ। ਇਸ ਮੌਕੇ ਸ਼ਰਧਾਲੂਆਂ ਨੇ ਘਰਾਂ ਵਿੱਚ ਘਿਓ ਵਾਲੀਆਂ ਰੋਟੀਆਂ ਤਿਆਰ ਕੀਤੀਆਂ ਤੇ ਪ੍ਰਸਾਦ ਵਜੋਂ ਗ੍ਰਹਿਣ ਕੀਤਾ। ਦੂਜੇ ਪਾਸੇ, ਡੀਏਵੀ ਕਾਲਜ ਰੋਡ ਸਥਿਤ ਨਹਿਰ ’ਚ ਬਿਨਾਂ ਸਫ਼ਾਈ ਕੀਤੇ ਪਾਣੀ ਛੱਡਣ ਨੂੰ ਲੈ ਕੇ ਸ਼ਰਧਾਲੂਆਂ ਵਿਚ ਰੋਸ ਦੇਖਣ ਨੂੰ ਮਿਲਿਆ। ਸ਼ਰਧਾਲੂਆਂ ਨੇ ਖੁਦ ਨਹਿਰ ਵਿਚ ਉਤਰ ਕੇ ਗੰਦਗੀ ਅਤੇ ਕੂੜੇ ਨੂੰ ਬਾਹਰ ਕੱਢਿਆ ਅਤੇ ਸਫ਼ਾਈ ਕੀਤੀ। ਸ਼ਹਿਰ ’ਚ ਛੱਠ ਪੂਜਾ ਨੂੰ ਲੈ ਕੇ ਵਿਆਪਕ ਪੱਧਰ ’ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਪਹਿਲਾਂ ਸ਼ਹਿਰ ਵਿਚ ਕੁਝ ਹੀ ਥਾਵਾਂ ’ਤੇ ਛੱਠ ਘਾਟ ਬਣਾਏ ਜਾਂਦੇ ਸਨ ਪਰ ਸਮੇਂ ਦੇ ਨਾਲ ਇਸ ਤਿਉਹਾਰ ਦਾ ਦਾਇਰਾ ਵਧਿਆ ਹੈ। ਹੁਣ ਸ਼ਹਿਰ ਵਿੱਚ 20 ਤੋਂ ਵੱਧ ਥਾਵਾਂ ’ਤੇ ਨਹਿਰਾਂ ਦੇ ਕਿਨਾਰੇ ਛੱਠ ਘਾਟ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਘਾਟਾਂ ’ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਡੁੱਬਦੇ ਅਤੇ ਚੜ੍ਹਦੇ ਸੂਰਜ ਨੂੰ ਅਰਘ ਦੇ ਕੇ ਆਪਣਾ ਵਰਤ ਸੰਪੰਨ ਕਰਦੇ ਹਨ।
---
ਸਫ਼ਾਈ ਮਗਰੋਂ ਹੀ ਛੱਡਿਆ ਜਾਣਾ ਚਾਹੀਦਾ ਸੀ ਪਾਣੀ
ਸ਼ਨਿਚਰਵਾਰ ਨੂੰ ਡੀਏਵੀ ਕਾਲਜ ਰੋਡ ਸਥਿਤ ਨਹਿਰ ’ਚ ਸਫ਼ਾਈ ਕਰਦੇ ਹੋਏ ਵਿਪਿਨ ਕੁਮਾਰ ਨੇ ਕਿਹਾ ਕਿ ਛੱਠ ਪੂਜਾ ਦੌਰਾਨ ਸ਼ਰਧਾਲੂ ਨੰਗੇ ਪੈਰ ਪਾਣੀ ਵਿੱਚ ਖੜ੍ਹੇ ਹੋ ਕੇ ਸੂਰਜ ਦੇਵਤਾ ਦੀ ਪੂਜਾ ਕਰਦੇ ਹਨ। ਅਜਿਹੇ ’ਚ ਕੱਚ ਦੇ ਟੁਕੜੇ, ਗੰਦਗੀ ਤੇ ਲੋਕਾਂ ਵੱਲੋਂ ਸੁੱਟੀ ਗਈ ਪੂਜਾ ਸਮੱਗਰੀ ਨੂੰ ਹਟਾਏ ਬਿਨਾਂ ਹੀ ਪਾਣੀ ਛੱਡ ਦਿੱਤਾ ਗਿਆ। ਇਸੇ ਨੂੰ ਦੇਖਦੇ ਹੋਏ ਸ਼ਰਧਾਲੂਆਂ ਨੇ ਆਪਣੇ ਪੱਧਰ ’ਤੇ ਨਹਿਰ ਦੀ ਸਫ਼ਾਈ ਸ਼ੁਰੂ ਕੀਤੀ।
---
ਗਦਈਪੁਰ ਨਹਿਰ ’ਤੇ ਆਰਜ਼ੀ ਪੁਲ ਤਿਆਰ
ਛੱਠ ਪੂਜਾ ਦੇ ਪ੍ਰਬੰਧਾਂ ਤਹਿਤ ਸ਼ਿਵ ਸ਼ਕਤੀ ਸੇਵਾ ਟਰੱਸਟ ਵੱਲੋਂ ਗਦਈਪੁਰ ਨਹਿਰ ’ਤੇ ਆਰਜ਼ੀ ਪੁਲ ਤਿਆਰ ਕੀਤਾ ਗਿਆ ਹੈ। ਸੰਸਥਾ ਦੇ ਮੈਂਬਰ ਪ੍ਰੇਮ ਚੰਦ ਸੈਣੀ ਨੇ ਦੱਸਿਆ ਕਿ ਟਰੱਸਟ ਵੱਲੋਂ ਇੱਥੇ ਵਿਸ਼ਾਲ ਛੱਠ ਘਾਟ ਬਣਾਇਆ ਗਿਆ ਹੈ। ਡੁੱਬਦੇ ਤੇ ਚੜ੍ਹਦੇ ਸੂਰਜ ਨੂੰ ਅਰਘ ਦੇਣ ਸਮੇਂ ਸ਼ਰਧਾਲੂਆਂ ਦੀ ਸਹੂਲਤ ਤੇ ਸੁਰੱਖਿਆ ਲਈ ਸੰਸਥਾ ਦੇ ਵਲੰਟੀਅਰ ਤਾਇਨਾਤ ਰਹਿਣਗੇ।