- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾਲਸਾ ਏਡ ਦੇ ਵਲੰਟੀਅਰਾਂ ਵੱਲੋਂ ਸਪੈਸ਼ਲ ਓਲੰਪਿਕ ਪੰਜਾਬ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਤਿੰਨ ਦਿਨ ਨਿਰੰਤਰ ਸੇਵਾ

-ਸਪੈਸ਼ਲ ਓਲੰਪਿਕ ਪੰਜਾਬ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੰਸਥਾ ਖਾਲਸਾ ਏਡ ਦੇ ਵਲੰਟੀਅਰਾਂ ਵੱਲੋਂ ਸਪੈਸ਼ਲ ਓਲੰਪਿਕ ਪੰਜਾਬ ਦੇ ਸਾਲਾਨਾ ਖੇਡ ਟੂਰਨਾਮੈਂਟ ਦੌਰਾਨ ਲਗਾਤਾਰ ਤਿੰਨ ਦਿਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਤੇ ਖਿਡਾਰੀਆਂ ਦੀ ਸੇਵਾ ਕੀਤੀ ਗਈ। ਇਸ ਮੌਕੇ ਵਲੰਟੀਅਰਾਂ ਨੇ ਪੂਰੀ ਸਮਰਪਣ ਭਾਵਨਾ, ਜ਼ਿੰਮੇਵਾਰੀ ਅਤੇ ਨਿਸ਼ਕਾਮ ਸੇਵਾ ਦੇ ਜਜ਼ਬੇ ਨਾਲ ਬੱਚਿਆਂ ਨੂੰ ਖਾਣ-ਪੀਣ ਦੀਆਂ ਵਸਤਾਂ ਅਤੇ ਰਿਫਰੈਸ਼ਮੈਂਟ ਵਰਤਾਉਣ, ਗੱਦੇ ਵੰਡਣ, ਮੈਡੀਕਲ ਸਹਾਇਤਾ ਲਈ ਮਦਦ ਕਰਨ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਪਹੁੰਚਾਈਆਂ। ਲੰਗਰ ਤੇ ਖਾਣ-ਪੀਣ ਦੀਆਂ ਵਸਤਾਂ ਸਮੇਤ ਸਮੁੱਚੇ ਪ੍ਰਬੰਧ ਸਪੈਸ਼ਲ ਓਲੰਪਿਕ ਪੰਜਾਬ ਦੀ ਕਮੇਟੀ ਵੱਲੋਂ ਕੀਤੇ ਗਏ ਸਨ।
ਇਸ ਸਾਲ ਸਪੈਸ਼ਲ ਓਲੰਪਿਕ ਪੰਜਾਬ ਵੱਲੋਂ ਕਰਵਾਏ ਗਏ 27ਵੇਂ ਖੇਡ ਟੂਰਨਾਮੈਂਟ ਵਿੱਚ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਲਗਭਗ 700 ਤੋਂ 800 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਅਤੇ ਖਿਡਾਰੀਆਂ ਦੀ ਸੇਵਾ ਲਈ ਖਾਲਸਾ ਏਡ ਦੇ ਵਲੰਟੀਅਰਾਂ ਵੱਲੋਂ ਤਿੰਨ ਦਿਨ ਲਗਾਤਾਰ ਸੇਵਾਵਾਂ ਨਿਭਾਈਆਂ ਗਈਆਂ। ਸਪੈਸ਼ਲ ਓਲੰਪਿਕ ਪੰਜਾਬ ਦੇ ਇਸ ਖੇਡ ਸਮਾਗਮ ਦੀ ਸਮੁੱਚੀ ਵਿਵਸਥਾ ਅਸ਼ੋਕ ਅਰੋੜਾ, ਕਿਪਸ ਮਾਰਕੀਟ ਦੇ ਮਾਲਕ ਅਤੇ ਸਪੈਸ਼ਲ ਓਲੰਪਿਕ ਪੰਜਾਬ ਦੇ ਪ੍ਰਧਾਨ ਦੀ ਦੇਖ-ਰੇਖ ਹੇਠ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਨਿਰੰਜਨ ਕੁਮਾਰ, ਜੋ ਸੰਸਥਾ ਵਿੱਚ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਪੰਜਾਬ ਦੇ ਸਪੋਰਟਸ ਡਾਇਰੈਕਟਰ ਮਨਦੀਪ ਸਿੰਘ ਵੀ ਇਸ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਟੂਰਨਾਮੈਂਟ ਦੇ ਆਖਰੀ ਦਿਨ ਸਾਰੇ ਬੱਚਿਆਂ ਨੂੰ ਯਾਦਗਾਰੀ ਤੋਹਫ਼ੇ ਵੀ ਦਿੱਤੇ ਜਾਂਦੇ ਹਨ, ਜਿਨ੍ਹਾਂ ਦੀ ਵੰਡ ਦੀ ਜ਼ਿੰਮੇਵਾਰੀ ਵੀ ਖਾਲਸਾ ਏਡ ਦੇ ਵਲੰਟੀਅਰ ਨਿਭਾਉਂਦੇ ਹਨ।
ਖਾਲਸਾ ਏਡ ਦੇ ਸੀਨੀਅਰ ਮੈਂਬਰ ਲਖਵੀਰ ਸਿੰਘ ਰਿੰਪਾ ਨੇ ਦੱਸਿਆ ਕਿ ਇਹ ਸੇਵਾ ਸਿਰਫ਼ ਖਾਣ-ਪੀਣ ਦੀਆਂ ਵਸਤਾਂ ਵਰਤਾਉਣ ਤੱਕ ਹੀ ਸੀਮਤ ਨਹੀਂ ਹੈ, ਸਗੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਸੁਰੱਖਿਆ, ਸਹੂਲਤ ਅਤੇ ਦੇਖਭਾਲ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ। ਖਾਲਸਾ ਏਡ ਵੱਲੋਂ ਸਪੈਸ਼ਲ ਓਲੰਪਿਕ ਪੰਜਾਬ ਦੀ ਸੰਸਥਾ ਵੱਲੋਂ ਮੁਹੱਈਆ ਕਰਵਾਏ ਗਏ ਵਿਸ਼ੇਸ਼ ਕਾਊਂਟਰ 'ਤੇ ਆਪਣਾ ਬੈਨਰ ਲਗਾ ਕੇ ਸਾਰੀਆਂ ਸੇਵਾਵਾਂ ਸੁਚੱਜੇ ਢੰਗ ਨਾਲ ਨਿਭਾਈਆਂ ਗਈਆਂ। ਖਾਲਸਾ ਏਡ ਦੇ ਵਲੰਟੀਅਰਾਂ ਵੱਲੋਂ ਆਪਣਾ ਕੀਮਤੀ ਸਮਾਂ ਦੇ ਕੇ ਨਿਭਾਈ ਗਈ ਇਹ ਸੇਵਾ ਮਨੁੱਖਤਾ, ਸਮਰਪਣ ਅਤੇ ਨਿਸ਼ਕਾਮ ਸੇਵਾ ਦੇ ਜਜ਼ਬੇ ਦੀ ਇਕ ਹੋਰ ਮਿਸਾਲ ਹੈ।