ਖਾਲਸਾ ਏਡ ਨੇ 27 ਸਾਲ ਮਨੁੱਖਤਾ ਦੀ ਸੇਵਾ ਕੀਤੀ : ਰਵੀ ਸਿੰਘ
ਸੰਸਥਾ ਦੀ ਸਿਰਫ਼ ਵਰ੍ਹੇਗੰਢ
Publish Date: Sat, 04 Apr 2026 08:27 PM (IST)
Updated Date: Sun, 05 Apr 2026 04:11 AM (IST)

ਸੰਸਥਾ ਦੀ ਸਿਰਫ਼ ਵਰ੍ਹੇਗੰਢ ਨਹੀਂ, ਬਲਕਿ ਲਗਾਤਾਰ ਨਿਸ਼ਕਾਮ ਸੇਵਾ ਕੀਤੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਖਾਲਸਾ ਏਡ ਨੇ ਪਿਛਲੇ 27 ਸਾਲਾਂ ਤੱਕ ਲਗਾਤਾਰ ਲੋਕਾਂ ਦੀ ਸੇਵਾ ਕੀਤੀ ਹੈ। ਸੰਸਥਾ ਦੀ 27ਵੀਂ ਵਰ੍ਹੇਗੰਢ ਮੌਕੇ ਮੁਖੀ ਰਵੀ ਸਿੰਘ ਨੇ ਜਾਰੀ ਇਕ ਬਿਆਨ ’ਚ ਕਿਹਾ ਕਿ ਇਹ ਸਿਰਫ਼ ਇਕ ਵਰ੍ਹੇਗੰਢ ਨਹੀਂ, ਸਗੋਂ ਮਨੁੱਖਤਾ ਦੀ ਭਲਾਈ ਲਈ ਕੀਤੀ ਗਈ ਲਗਾਤਾਰ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ। ਸੰਸਥਾ ਦਾ ਗਠਨ 1999 ’ਚ ਕੀਤਾ ਗਿਆ ਸੀ ਜਿਸਨੇ ‘ਸਰਬੱਤ ਦਾ ਭਲਾ’ ਦੇ ਉੱਚੇ ਸਿਧਾਂਤ ਨੂੰ ਆਪਣੇ ਕਾਰਜਾਂ ਦਾ ਕੇਂਦਰ ਬਣਾਇਆ। ਰਵੀ ਸਿੰਘ ਨੇ ਕਿਹਾ ਕਿ ਸੰਸਥਾ ਨੇ ਦੁਨੀਆ ਦੇ ਕਈ ਦੇਸ਼ਾਂ ’ਚ ਕੁਦਰਤੀ ਆਫਤਾਂ ਜਿਵੇਂ ਭੂਚਾਲ, ਹੜ੍ਹਾਂ ਤੇ ਤੂਫ਼ਾਨਾਂ ਦੇ ਸਮੇਂ ਅੱਗੇ ਵੱਧ ਕੇ ਮਦਦ ਪਹੁੰਚਾਈ। ਇਸ ਤੋਂ ਇਲਾਵਾ ਜੰਗੀ ਹਾਲਾਤਾਂ ’ਚ ਫਸੇ ਬੇਗੁਨਾਹ ਲੋਕਾਂ, ਸ਼ਰਨਾਰਥੀਆਂ ਅਤੇ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਲਈ ਇਹ ਸੰਸਥਾ ਹਮੇਸ਼ਾ ਇੱਕ ਮਜ਼ਬੂਤ ਸਹਾਰਾ ਬਣੀ ਰਹੀ ਹੈ। ਸੰਸਥਾ ਦੀ ਟੀਮ ਨੇ ਸਿਰਫ਼ ਤੁਰੰਤ ਰਾਹਤ ਤੱਕ ਹੀ ਆਪਣੀ ਸੇਵਾ ਸੀਮਿਤ ਨਹੀਂ ਰੱਖੀ, ਸਗੋਂ ਲੰਬੇ ਸਮੇਂ ਲਈ ਲੋਕਾਂ ਦੀ ਜ਼ਿੰਦਗੀ ਨੂੰ ਸੁਧਾਰਨ ਵੱਲ ਵੀ ਵੱਡੇ ਕਦਮ ਚੁੱਕੇ ਹਨ। ਸਾਫ਼ ਪੀਣਯੋਗ ਪਾਣੀ, ਸਿਹਤ ਸੇਵਾਵਾਂ, ਖਾਣ-ਪੀਣ ਅਤੇ ਬੁਨਿਆਦੀ ਜ਼ਰੂਰਤਾਂ ਦੀ ਪੂਰਤੀ ਕਰਦੇ ਹੋਏ ਲੱਖਾਂ ਲੋਕਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਇਹ ਸੰਸਥਾ ਸਿਰਫ਼ ਇੱਕ ਨਾਮ ਨਹੀਂ ਰਹੀ, ਸਗੋਂ ਸੇਵਾ, ਨਿਮਰਤਾ, ਦਇਆ ਤੇ ਇਨਸਾਨੀਅਤ ਦੀ ਜੀਵੰਤ ਮਿਸਾਲ ਬਣ ਚੁੱਕੀ ਹੈ, ਜੋ ਹਰ ਕਿਸੇ ਨੂੰ ਭਲਾਈ ਦੇ ਰਾਹ ‘ਤੇ ਤੁਰਨ ਲਈ ਪ੍ਰੇਰਿਤ ਕਰਦੀ ਹੈ।