ਕੇਜਰੀਵਾਲ ਦੀ ਨਸ਼ਾ-ਮੁਕਤ ਪੰਜਾਬ ਦੀ ਗਾਰੰਟੀ ਫੇਲ੍ਹ : ਢਿੱਲੋਂ ਕੇਜਰੀਵਾਲ ਦੀ ਨਸ਼ਾ-ਮੁਕਤ ਪੰਜਾਬ ਦੀ ਗਾਰੰਟੀ ਫੇਲ੍ਹ : ਢਿੱਲੋਂ
Publish Date: Sun, 05 Jul 2026 08:46 PM (IST)
Updated Date: Sun, 05 Jul 2026 08:47 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਸੂਬਾ ਸਰਕਾਰ ਵੱਲੋਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਵਜੋਂ 51 ਮਹੀਨਿਆਂ ਦੇ 51,000 ਰੁਪਏ ਦੇਣ ਦੀ ਥਾਂ ਸਿਰਫ਼ ਤਿੰਨ ਮਹੀਨਿਆਂ ਦੀ ਰਾਸ਼ੀ ਦੇ ਕੇ ਸਰਕਾਰ ਸਿਰਫ਼ ਡਰਾਮੇਬਾਜ਼ੀ ਕਰ ਰਹੀ ਹੈ, ਜਿਸ ਨਾਲ ਪੰਜਾਬ ਦੀਆਂ ਔਰਤਾਂ ਨਾਲ ਵੱਡੇ ਪੱਧਰ ’ਤੇ ਧੋਖਾ ਹੋਇਆ ਹੈ। ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਪੰਜਾਬ ’ਚੋਂ ਨਸ਼ਾ ਖ਼ਤਮ ਕਰਨ ਦੀ ਗਾਰੰਟੀ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਸਗੋਂ ਨਸ਼ੇ ਦਾ ਵਹਾਅ ਪਹਿਲਾਂ ਨਾਲੋਂ ਕਈ ਗੁਣਾ ਵੱਧ ਗਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ l ਉਨ੍ਹਾਂ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸੂਬੇ ’ਚੋਂ ਨਸ਼ਾ ਸਿਰਫ਼ ਤਿੰਨ ਮਹੀਨਿਆਂ ’ਚ ਜੜ੍ਹੋਂ ਖ਼ਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲਾਂ ਬਾਅਦ ਵੀ ਨਸ਼ਾ ਖ਼ਤਮ ਹੋਣਾ ਤਾਂ ਦੂਰ ਦੀ ਗੱਲ ਹੈ, ਸਗੋਂ ਨੌਜਵਾਨ ਪੀੜ੍ਹੀ ਵੱਡੀ ਗਿਣਤੀ ’ਚ ਨਸ਼ੇ ਦੀ ਭੇਟ ਚੜ੍ਹ ਰਹੀ ਹੈ ਅਤੇ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਹੁਸ਼ਿਆਰਪੁਰ ਜੇਲ੍ਹ ਦੇ ਡਿਪਟੀ ਸੁਪਰਡੈਂਟ ਦੀ ਗ੍ਰਿਫ਼ਤਾਰੀ ਦੇ ਮਾਮਲੇ ’ਚ ਸੂਬਾ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਜੇਲ੍ਹਾਂ ’ਚ ਸ਼ਰੇਆਮ ਨਸ਼ਾ ਵਿਕਣਾ ਸਰਕਾਰ ਦੀ ਨਾਕਾਮੀ ਨੂੰ ਸਿੱਧ ਕਰਦਾ ਹੈ। ਇਸੇ ਜੇਲ੍ਹ ’ਚੋਂ ਵੀਡੀਓ ਵਾਇਰਲ ਹੋਣਾ ਜੇਲ੍ਹਾਂ ’ਚ ਸ਼ਰੇਆਮ ਮੋਬਾਈਲ ਫ਼ੋਨ ਚੱਲਣ ਦੀ ਨਿਸ਼ਾਨੀ ਹੈ। ਸਰਕਾਰ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਹ ਚੁਟਕਲਿਆਂ ਤੇ ਡਰਾਮੇਬਾਜ਼ੀ ’ਚ ਰੁੱਝੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ ਗੈਂਗਸਟਰਵਾਦ, ਨਸ਼ੇ, ਬੇਰੁਜ਼ਗਾਰੀ ਤੇ ਵਿਗੜਦੀ ਅਮਨ-ਕਾਨੂੰਨ ਵਿਵਸਥਾ ਨਾਲ ਜੂਝ ਰਿਹਾ ਹੈ, ਜਦਕਿ ਮੁੱਖ ਮੰਤਰੀ ਬੰਗਲੌਰ ’ਚ ਛੁੱਟੀਆਂ ਮਨਾ ਰਹੇ ਹਨ। ਢਿੱਲੋਂ ਨੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪੰਜਾਬ ਇਸ ਵੇਲੇ ਲਾਵਾਰਸ ਹੈ ਤੇ ਦਿੱਲੀ ਤੋਂ ਹਾਰੇ ਹੋਏ ਘੁਟਾਲੇਬਾਜ਼ ਸੂਬੇ ਨੂੰ ਚਲਾ ਰਹੇ ਹਨ। ਜਦਕਿ ਜਿੱਥੇ-ਜਿੱਥੇ ਭਾਜਪਾ ਦੀਆਂ ਸਰਕਾਰਾਂ ਹਨ, ਉੱਥੇ ਵਿਕਾਸ ਦੀ ਰਫ਼ਤਾਰ ਤੇਜ਼ ਹੈ। ਕਾਂਗਰਸ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਢਿੱਲੋਂ ਨੇ ਕਿਹਾ ਕਿ ਪਾਰਟੀ ਅੰਦਰੂਨੀ ਕਾਟੋ-ਕਲੇਸ਼ ਅਤੇ ਚੌਧਰ ਦੀ ਲੜਾਈ ਵਿੱਚ ਉਲਝੀ ਹੋਈ ਹੈ ਅਤੇ ਪੰਜਾਬ ਦੇ ਲੋਕਾਂ ਨਾਲ ਉਸ ਨੂੰ ਕੋਈ ਸਰੋਕਾਰ ਨਹੀਂ। ਭਾਜਪਾ ਸੂਬਾ ਪ੍ਰਧਾਨ ਨੇ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਪਾਰਟੀ 2027 ’ਚ ਪੰਜਾਬ ’ਚ ਸਰਕਾਰ ਬਣਾਏਗੀ।