- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਫੇ ਵਿੱਚ ਲਾਇਸੰਸਸ਼ੁਦਾ ਪਿਸਤੌਲ ਰੱਖਣਾ ਪਿਆ ਮਹਿੰਗਾ; ਮਾਲਕ ਸਮੇਤ ਦੋ ਗ੍ਰਿਫ਼ਤਾਰ

.45-ਬੋਰ ਦਾ ਪਿਸਤੌਲ ਬਰਾਮਦ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਡਿਵੀਜ਼ਨ-7 ਦੀ ਪੁਲਿਸ ਨੇ ਅਰਬਨ ਅਸਟੇਟ ਫੇਜ਼-2 ਸਥਿਤ ਇਕ ਕੈਫੇ ਦੇ ਅੰਦਰ ਲਾਇਸੰਸਸ਼ੁਦਾ ਪਿਸਤੌਲ ਰੱਖਣ ਵਾਲੇ ਇਕ ਵਿਅਕਤੀ ਤੇ ਕੈਫੇ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ .45-ਬੋਰ ਦਾ ਲਾਇਸੰਸਸ਼ੁਦਾ ਪਿਸਤੌਲ ਬਰਾਮਦ ਕੀਤਾ ਗਿਆ ਹੈ। ਪੁਲਿਸ ਵੱਲੋਂ ਜਨਤਕ ਥਾਵਾਂ 'ਤੇ ਹਥਿਆਰ ਲਿਜਾਣ ਵਾਲਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਹਿੱਸੇ ਵਜੋਂ ਏ.ਡੀ.ਸੀ.ਪੀ. ਸਿਟੀ-2 ਮਾਧਵੀ ਸ਼ਰਮਾ ਤੇ ਏ.ਸੀ.ਪੀ. ਮਾਡਲ ਟਾਊਨ ਮਨਮੋਹਨ ਸਿੰਘ ਦੀ ਨਿਗਰਾਨੀ ਹੇਠ ਥਾਣਾ ਨੰਬਰ ਸੱਤ ਦੇ ਐੱਸਐੱਚਓ ਇੰਸਪੈਕਟਰ ਰਵਿੰਦਰ ਕੁਮਾਰ ਵੱਲੋਂ ਕਾਰਵਾਈ ਕੀਤੀ ਗਈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਥਾਪਰ ਮੁਹੱਲੇ ਦਾ ਰਹਿਣ ਵਾਲਾ ਸ਼ਿਵਾ ਥਾਪਰ, ਅਰਬਨ ਅਸਟੇਟ ਫੇਜ਼-2 ਸਥਿਤ 'ਟਰੂ ਬਲੈਂਡ ਕੈਫੇ' ਵਿਚ ਮੌਜੂਦ ਹੈ ਤੇ ਉਸ ਕੋਲ ਲਾਇਸੰਸਸ਼ੁਦਾ ਪਿਸਤੌਲ ਹੈ। ਪੁਲਿਸ ਮੌਕੇ 'ਤੇ ਪੁੱਜੀ ਤੇ ਜਾਂਚ ਦੌਰਾਨ ਹਥਿਆਰ ਬਰਾਮਦ ਕਰ ਲਿਆ।
ਪੁਲਿਸ ਨੇ ਸ਼ਿਵਾ ਥਾਪਰ ਦੇ ਨਾਲ-ਨਾਲ ਕੈਫੇ ਦੇ ਮਾਲਕ ਲਵਪ੍ਰੀਤ ਸਿੰਘ ਉਰਫ਼ ਲਵ ਵਾਸੀ ਨਿਜ਼ਾਮਪੁਰ, ਮਜੀਠਾ ਰੋਡ, ਅੰਮ੍ਰਿਤਸਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਸ਼ਿਵਾ ਥਾਪਰ ਬਲੈਕ ਬਾਲ ਬਿਲੀਅਰਡਸ ਕੈਫੇ ਦਾ ਮਾਲਕ ਵੀ ਹੈ। ਪੁਲਿਸ ਥਾਣਾ ਡਿਵੀਜ਼ਨ- 7 ਵਿਖੇ ਦੋਵਾਂ ਵਿਅਕਤੀਆਂ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀ ਧਾਰਾ 223 ਤਹਿਤ ਇਕ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ 6 ਨਵੰਬਰ, 2026 ਨੂੰ ਪੁਲਿਸ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਉਲੰਘਣਾ ਕਰਨ ਦੇ ਸਬੰਧ ਵਿੱਚ ਦਰਜ ਕੀਤਾ ਗਿਆ ਹੈ।