- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਮੰਤਰੀ ਜੀ ਆਉੰਦੇ ਰਿਹਾ ਕਰੋ...48 ਘੰਟਿਆਂ ਵਿਚ ਸ਼ਹਿਰ ਦੀ ਬਦਲੀ ਨੁਹਾਰ

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਬੂਹੇ ਆਈ ਜੰਝ, ਵਿੰਨੋ ਕੁੜੀ ਦੇ ਕੰਨ..ਕਹਾਵਤ ਮੁਤਾਬਕ ਕੁੰਭਕਰਨੀ ਨੀੰਦ ਸੁੱਤੇ ਪ੍ਰਸ਼ਾਸ਼ਨ ਤੇ ਐੱਨਐੱਚਏਆਈ ਨੂੰ ਸਾਰੇ ਕੰਮ ਛੱਡ ਕੇ ਸ਼ਹਿਰ ਨੂੰ ਨਿਖਾਰਨ ਦਾ ਖਿਆਲ ਆ ਗਿਆ। ਇਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੀ ਨਵੀਂ ਇਮਾਰਤ ਦੇ ਉਦਘਾਟਨ ਲਈ ਕੀਤੇ ਜਾ ਰਹੇ ਦੌਰੇ ਇਨ੍ਹਾਂ ਦੀ ਕਾਰਜਪ੍ਰਣਾਲੀ ਦੇ ਦੋਹਰੇ ਮਾਪਦੰਡਾਂ ਨੂੰ ਵੀ ਜਨਤਕ ਕਰ ਦਿੱਤਾ ਹੈ। ਹਾਈਵੇ ਤੇ ਸਰਵਿਸ ਰੋਡ ਦੀ ਮੁਰੰਮਤ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਦੀਆਂ ਕਈ ਮੀਟਿੰਗਾਂ ਤੇ ਪੱਤਰ-ਵਿਹਾਰ ਦੇ ਬਾਵਜੂਦ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਰਹੇ, ਉਹ ਰਸਤਾ ਪ੍ਰਧਾਨ ਮੰਤਰੀ ਦੇ ਕਾਫਲੇ ਲਈ ਸਿਰਫ਼ 48 ਘੰਟਿਆਂ ਦੇ ਅੰਦਰ-ਅੰਦਰ ਚਮਕਾ ਦਿੱਤਾ ਗਿਆ।
--------------------------
ਵੀਆਈਪੀ ਰੂਟ ਦੀ ਮੁਰੰਮਤ ਪਰ ਬਾਕੀ ਹਿੱਸਾ ਅਣਗੌਲਿਆ
ਪ੍ਰਧਾਨ ਮੰਤਰੀ ਦੇ ਤੈਅ ਰੂਟ ਮੁਤਾਬਕ ਪੀਏਪੀ ਗਰਾਊਂਡ ਤੋਂ ਕੈਂਟ ਸਟੇਸ਼ਨ ਤੇ ਦਕੋਹਾ ਫਾਟਕ ਤੱਕ ਦੀ ਸੜਕ ਨੂੰ ਪੂਰੀ ਤਰ੍ਹਾਂ ਸਾਫ਼-ਸੁਥਰਾ ਤੇ ਦਰੁਸਤ ਕਰ ਦਿੱਤਾ ਗਿਆ ਹੈ। ਹਾਈਵੇ ਦੇ ਦੋ ਮੁੱਖ ਰੋਡ ’ਚੋਂ ਸਿਰਫ਼ ਉਸੇ ਦੀ ਮੁਰੰਮਤ ਕੀਤੀ ਗਈ, ਜਿੱਥੋਂ ਕਾਫਲਾ ਲੰਘਣਾ ਸੀ, ਜਦਕਿ ਦੂਜੀ ਲੇਨ ਨੂੰ ਉਵੇਂ ਹੀ ਛੱਡ ਦਿੱਤਾ ਗਿਆ। ਇਸ ਤਰ੍ਹਾਂ ਕਾਹਲੀ ’ਚ ਕੀਤੇ ਗਏ ਕੰਮਾਂ ਕਾਰਨ ਆਮ ਲੋਕਾਂ ਨੂੰ ਭਾਰੀ ਟ੍ਰੈਫਿਕ ਜਾਮ ਤੇ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ।
------------------------
ਸ਼ਹਿਰ ਨੂੰ ਦੁਲਹਨ ਵਾਂਗ ਸਜਾਇਆ, ਅਧਿਕਾਰੀ ਹੋਏ ਮੁਸਤੈਦ
ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਪੂਰੇ ਇਲਾਕੇ ’ਚ ਰੁੱਖਾਂ ਦੀ ਛਾਂਟੀ ਕੀਤੀ ਗਈ ਹੈ, ਡਿਵਾਈਡਰਾਂ ਨੂੰ ਪੇਂਟ ਕੀਤਾ ਗਿਆ ਹੈ ਤੇ ਸਾਲਾਂ ਤੋਂ ਲੱਗੇ ਕੂੜੇ ਦੇ ਢੇਰ ਗਾਇਬ ਹੋ ਗਏ ਹਨ। ਪੁਲਿਸ ਹਾਈ ਅਲਰਟ 'ਤੇ ਹੈ। ਅਧਿਕਾਰੀ ਸਮੇਂ ਦੇ ਪਾਬੰਦ ਹੋ ਗਏ ਹਨ ਤੇ ਮਹੀਨਿਆਂ ਤੋਂ ਬੰਦ ਪਈਆਂ ਟ੍ਰੈਫਿਕ ਲਾਈਟਾਂ ਅਚਾਨਕ ਚੱਲਣ ਲੱਗ ਪਈਆਂ ਹਨ। ਇੱਥੋਂ ਤੱਕ ਕਿ ਅਧੂਰੇ ਪਏ ਬੱਸ ਸਟੈਂਡ ਦਾ ਕੰਮ ਵੀ ਰਾਤੋ-ਰਾਤ ਮੁਕੰਮਲ ਕਰ ਦਿੱਤਾ ਗਿਆ।
----------------------
ਸੋਸ਼ਲ ਮੀਡੀਆ 'ਤੇ ਆਇਆ ਮੀਮਜ਼ ਦਾ ਹੜ੍ਹ
ਪ੍ਰਸ਼ਾਸਨ ਦੀ ਇਸ ਅਚਾਨਕ ਖੁੱਲ੍ਹੀ ਨੀਂਦ 'ਤੇ ਸ਼ਹਿਰ ਵਾਸੀਆਂ ਵੱਲੋਂ ਸੋਸ਼ਲ ਮੀਡੀਆ 'ਤੇ ਤਨਜ਼ ਕੱਸੇ ਜਾ ਰਹੇ ਹਨ । ਸੋਸ਼ਲ ਮੀਡੀਆ ’ਤੇ ਆਏ ਮੀਮਜ਼ ਦੇ ਹੜ੍ਹ ਨੇ ਦੇਸ਼ ਵਾਸੀਆਂ ਦਾ ਧਿਆਨ ਆਕਰਸ਼ਿਤ ਕੀਤਾ ਹੈ।
-----------------------
ਇਕ ਨੇ ਲਿਖਿਆ: ਸਤਿਕਾਰ ਯੋਗ ਪ੍ਰਧਾਨ ਮੰਤਰੀ ਜੀ, ਕਿਰਪਾ ਕਰਕੇ ਸਾਲ ’ਚ ਇਕ ਵਾਰ ਸਾਡੇ ਸ਼ਹਿਰ ਦਾ ਦੌਰਾ ਜ਼ਰੂਰ ਕਰਿਆ ਕਰੋ। ਤੁਹਾਡੇ ਆਉਣ ਨਾਲ ਸ਼ਹਿਰ ਰਹਿਣਯੋਗ ਲੱਗਣ ਲਗਦਾ ਹੈ। ਦੁਲਹਨ ਵਾਂਗ ਸਜਿਆ ਸ਼ਹਿਰ ਬਹੁਤ ਸੋਹਣਾ ਲੱਗ ਰਿਹਾ ਹੈ। ਸੜਕਾਂ ਦੇ ਟੋਏ ਪੂਰੇ ਜਾਣ ਨਾਲ ਕੁਝ ਸਮੇਂ ਲਈ ਸੁੱਖ ਦਾ ਸਾਹ ਆਵੇਗਾ। ਹਰ ਪਾਸੇ ਸਫਾਈ ਹੋ ਦੇਖ ਕੇ ਮਨ ਖੁਸ਼ ਹੈ।
-----------------------------
ਇਕ ਹੋਰ ਕਾਰੋਬਾਰੀ ਨੇ ਵਿਅੰਗ ਕਰਦਿਆਂ ਲਿਖਿਆ:
ਕਿਰਪਾ ਕਰ ਕੇ ਲੰਬਾ ਪਿੰਡ ਤੋਂ ਜੰਡੂ ਸਿੰਘਾ ਰੂਟ ਰਾਹੀਂ ਵੀ ਇਕ ਚੱਕਰ ਲਗਾਓ ਤਾਂ ਜੋ ਇਲਾਕੇ ਦੇ ਲੋਕ ਵੀ ਕੁਝ ਵਿਕਾਸ ਦੇਖ ਸਕਣ। ਇਕ ਨੇ ਆਦਮਪੁਰ ’ਚ ਲਟਕੇ ਪੁਲ ਦੇ ਕੰਮ ’ਤੇ ਤਨਜ਼ ਕੱਸਦਿਆਂ ਲਿਖਿਆ ਹੈ, ਇਕ ਵਾਰ ਸੜਕੀ ਰੂਟ ਤੇ ਇਧਰ ਵੀ ਆ ਜਾਓ, ਸਾਡੀ ਜੂਨ ਵੀ ਸੁਧਰ ਜਾਵੇਗੀ। ਇਸ ਤਰ੍ਹਾਂ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇ ਪ੍ਰਧਾਨ ਮੰਤਰੀ ਜੀ ਜਲੰਧਰ ਅਜਿਹੇ ਦੌਰਿਆਂ ਲਈ ਸ਼ਹਿਰ ਆਉਦੇ ਰਹਿਣਗੇ ਤਾਂ ਇਸ ਦੀ ਨੁਹਾਰ ’ਚ ਬਦਲ ਜਾਵੇਗੀ। ਲੋਕਾਂ ਦੀ ਮੰਗ ਹੈ ਕਿ ਆਰਜ਼ੀ ਦੀ ਬਜਾਏ ਸਰਕਾਰ ਪੱਕਾ ਹੱਲ ਕੱਢੇ।