- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਬੱਡੀ ਖਿਡਾਰੀ ਸਿਮਰਜੀਤ ਸਿੰਘ ਸਿੰਮਾ ਖਾਲੇਵਾਲੀਆ ਦਾ ਪਿੰਡ ਵਾਸੀਆਂ ਵੱਲੋਂ ਸਨਮਾਨ

ਤਜਿੰਦਰਪਾਲ ਸਿੰਘ ਸੰਧਾ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਲੋਹੀਆਂ ਖੇਤਰ ਦੇ ਉੱਭਰ ਰਹੇ ਕਬੱਡੀ ਖਿਡਾਰੀ ਸਿਮਰਜੀਤ ਸਿੰਘ ਉਰਫ਼ ਸਿੰਮਾ ਖਾਲੇਵਾਲੀਆ ਦਾ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਿਮਰਜੀਤ ਸਿੰਘ ਨੇ ਹਾਲ ਹੀ ’ਚ ਮਾਲਵਾ ਖੇਤਰ ਦੇ ਫ਼ਤਹਿਗੜ੍ਹ ਸਾਹਿਬ ਨੇੜੇ ਪਿੰਡ ਨੰਦਪੁਰ ਕਲੌੜ ਵਿਖੇ ਕਰਵਾਏ ਗਏ ਕਬੱਡੀ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਮੁਕਾਬਲੇ ’ਚ ‘ਬੈਸਟ ਜੱਫੀ’ ਦਾ ਖ਼ਿਤਾਬ ਹਾਸਲ ਕੀਤਾ। ਇਸ ਪ੍ਰਾਪਤੀ ਦੇ ਨਾਲ ਉਸ ਨੇ ਮੋਟਰਸਾਈਕਲ ਵੀ ਇਨਾਮ ਵਜੋਂ ਜਿੱਤਿਆ। ਇਸ ਮੌਕੇ ਪੀਟੀ ਮਾਸਟਰ ਰਣਜੀਤ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਪਿੰਡ ਦਾ ਨੌਜਵਾਨ ਖੇਡ ਪ੍ਰਤਿਭਾ ਦੇ ਦਮ ’ਤੇ ਕਬੱਡੀ ਦੇ ਖੇਤਰ ’ਚ ਪਿੰਡ ਦਾ ਨਾਮ ਉੱਚਾ ਕਰ ਰਿਹਾ ਹੈ। ਪਿੰਡ ਖਾਲੇਵਾਲ ਦੇ ਭਾਰਤੀ ਫੌਜ ’ਚ ਸੇਵਾ ਨਿਭਾਅ ਰਹੇ ਸੂਬੇਦਾਰ ਮੇਜਰ ਰਣਜੀਤ ਸਿੰਘ ਵੱਲੋਂ ਸਿਮਰਜੀਤ ਸਿੰਘ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਸ ਨੂੰ ਦੇਸੀ ਘਿਓ ਦੇ ਟੀਨ ਨਾਲ ਸਨਮਾਨਿਤ ਕੀਤਾ ਗਿਆ। ਇਸੇ ਪਿੰਡ ਦੇ ਪਰਮਿੰਦਰ ਸਿੰਘ ਉਰਫ਼ ਲਾਲੀ ਵੀਰਾ ਵੱਲੋਂ ਵੀ ਖਿਡਾਰੀ ਦੀ ਹੌਸਲਾ ਅਫ਼ਜ਼ਾਈ ਕਰਦਿਆਂ 5100 ਰੁਪਏ ਦੇ ਬਦਾਮ ਭੇਟ ਕੀਤੇ ਗਏ। ਇਸ ਮੌਕੇ ਸਰਪੰਚ ਤਰਲੋਚਨ ਸਿੰਘ, ਰਣਬੀਰ ਸਿੰਘ (ਸੂਬੇਦਾਰ ਮੇਜਰ ਰਣਜੀਤ ਸਿੰਘ ਦੇ ਬੇਟੇ), ਪਰਮਿੰਦਰ ਸਿੰਘ ਲਾਲੀ, ਪ੍ਰੀਤਪਾਲ ਸਿੰਘ ਸੋਖਲ, ਫਤਹੇ ਸਿੰਘ ਟੂਰਨਾ, ਤਰਨਵੀਰ ਸਿੰਘ, ਗਗਨਦੀਪ ਸਿੰਘ ਸੋਖਲ, ਸੁਖਪ੍ਰੀਤ ਸਿੰਘ ਸੋਖਲ ਤੇ ਅਰਿਆਨ ਸਹੋਤਾ ਸਮੇਤ ਹੋਰ ਨੌਜਵਾਨ ਹਾਜ਼ਰ ਸਨ।