ਕਬੱਡੀ ਪੰਜਾਬ ਦੀ ਵਿਰਾਸਤ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਸਸ਼ਕਤ ਮਾਧਿਅਮ : ਮਨੋਜ ਗੋਗਨਾ ਕਬੱਡੀ ਪੰਜਾਬ ਦੀ ਵਿਰਾਸਤ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਸਸ਼ਕਤ ਮਾਧਿਅਮ - ਮਨੋਜ ਗੋਗਨਾ
Publish Date: Sun, 30 Aug 2026 08:57 PM (IST)
Updated Date: Mon, 31 Aug 2026 04:08 AM (IST)
- ਯੂਕੇ ਪ੍ਰਵਾਸ ਦੌਰਾਨ ਕਬੱਡੀ ਪ੍ਰਮੋਟਰ ਰਸ਼ਪਾਲ ਸਿੰਘ ਸਹੋਤਾ ਨੂੰ ਮਿਲੇ ਕੌਂਸਲਰ ਗੋਗਨਾ - ਪੰਜਾਬ ’ਚ ਵੱਡੇ ਕਬੱਡੀ ਟੂਰਨਾਮੈਂਟ ਕਰਵਾਉਣ ਸਬੰਧੀ ਹੋਈ ਚਰਚਾ ਮਨਜੀਤ ਮੱਕੜ, ਪੰਜਾਬੀ ਜਾਗਰਣ ਗੁਰਾਇਆ : ਸਮਾਜ ਸੇਵਕ ਤੇ ਗੋਰਾਇਆ ਦੇ ਕੌਂਸਲਰ ਮਨੋਜ ਗੋਗਨਾ ਇਨ੍ਹੀਂ ਦਿਨੀਂ ਬ੍ਰਿਟੇਨ (ਯੂਕੇ) ਦੇ ਦੌਰੇ ’ਤੇ ਹਨ। ਆਪਣੇ ਪ੍ਰਵਾਸ ਦੌਰਾਨ ਉਨ੍ਹਾਂ ਪੰਜਾਬ ਵਾਸੀ ਤੇ ਕਬੱਡੀ ਪ੍ਰਮੋਟਰ ਮਿਸਟਰ ਰਸ਼ਪਾਲ ਸਿੰਘ ਸਹੋਤਾ ਉਰਫ਼ ਪਾਲਾ ਬੜਾ ਪਿੰਡ, ਉਨ੍ਹਾਂ ਦੇ ਸਾਥੀ ਸੰਦੀਪ ਦੀਪਾ ਸਰਗੁੰਦੀ ਤੇ ਗੁਰਜੰਟ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਪੰਜਾਬ ’ਚ ਕਬੱਡੀ ਨੂੰ ਹੋਰ ਵਧੇਰੇ ਪ੍ਰਫੁੱਲਤ ਕਰਨ ਤੇ ਵੱਡੇ ਪੱਧਰ ’ਤੇ ਕਬੱਡੀ ਟੂਰਨਾਮੈਂਟ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮਨੋਜ ਗੋਗਨਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੇ ਦੇਸ਼ ਤੇ ਦੁਨੀਆ ਨੂੰ ਅਨੇਕਾਂ ਬਿਹਤਰੀਨ ਕਬੱਡੀ ਖਿਡਾਰੀ ਦਿੱਤੇ ਹਨ। ਕਬੱਡੀ ਪੰਜਾਬ ਦੀ ਰਵਾਇਤੀ ਤੇ ਵਿਰਾਸਤੀ ਖੇਡ ਹੈ। ਇਸ ਨੂੰ ਨੌਜਵਾਨਾਂ ਨਾਲ ਜੋੜ ਕੇ ਨਾ ਸਿਰਫ਼ ਖੇਡ ਪ੍ਰਤਿਭਾਵਾਂ ਨੂੰ ਅੱਗੇ ਲਿਆਂਦਾ ਜਾ ਸਕਦਾ ਹੈ, ਸਗੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਵੀ ਦੂਰ ਰੱਖਿਆ ਜਾ ਸਕਦਾ ਹੈ। ਕਬੱਡੀ ਪ੍ਰਮੋਟਰ ਮਿਸਟਰ ਪਾਲਾ ਨੇ ਕਿਹਾ ਕਿ ਕਬੱਡੀ ਪੰਜਾਬ ਦੀ ਰਵਾਇਤੀ ਖੇਡ ਹੋਣ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਤੇ ਵਿਰਾਸਤ ਦਾ ਮਹੱਤਵਪੂਰਨ ਹਿੱਸਾ ਵੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪੰਜਾਬ ’ਚ ਸਮੇਂ-ਸਮੇਂ ’ਤੇ ਕਬੱਡੀ ਦੇ ਵੱਡੇ ਟੂਰਨਾਮੈਂਟ ਕਰਵਾਏ ਜਾਂਦੇ ਹਨ। ਜਲਦੀ ਵਿਧਾਨ ਸਭਾ ਹਲਕਾ ਫਿਲੌਰ ਦੇ ਪਿੰਡ ਮਠੱਦਾ ’ਚ ਇਸ ਸੀਜ਼ਨ ਦਾ ਇਕ ਵੱਡਾ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਕਰਵਾਉਣ ਦੀ ਯੋਜਨਾ ਹੈ, ਜਿਸ ’ਚ ਅੰਤਰਰਾਸ਼ਟਰੀ ਪੱਧਰ ਦੀਆਂ ਟੀਮਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਯਤਨ ਕੀਤੇ ਜਾਣਗੇ। ਮਨੋਜ ਗੋਗਨਾ ਨੇ ਕਿਹਾ ਕਿ ਪੰਜਾਬ ਦੇ ਪ੍ਰਵਾਸੀ ਪੰਜਾਬੀ ਜੇਕਰ ਆਪਣੀ ਮਾਤਭੂਮੀ ਦੇ ਖੇਡਾਂ ਤੇ ਨੌਜਵਾਨਾਂ ਨਾਲ ਜੁੜੇ ਰਹਿਣ ਤੇ ਖੇਡ ਗਤੀਵਿਧੀਆਂ ਨੂੰ ਆਰਥਿਕ ਤੇ ਸਮਾਜਿਕ ਸਹਿਯੋਗ ਦੇਣ, ਤਾਂ ਪੰਜਾਬ ’ਚ ਖੇਡ ਸੱਭਿਆਚਾਰ ਨੂੰ ਹੋਰ ਵੀ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਪ੍ਰਸਤਾਵਿਤ ਫਿਲੌਰ ਕਬੱਡੀ ਟੂਰਨਾਮੈਂਟ ਨੌਜਵਾਨਾਂ ਲਈ ਇਕ ਵੱਡਾ ਮੰਚ ਸਾਬਤ ਹੋਵੇਗਾ।