- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਈਕੇਜੀ ਪੀਟੀਯੂ ਦੇ ਪੱਤਰਕਾਰਤਾ ਵਿਦਿਆਰਥੀਆਂ ਨੇ ਪੰਜਾਬੀ ਜਾਗਰਣ ਪ੍ਰੈੱਸ ਦਾ ਦੌਰਾ ਕੀਤਾ

-ਏਆਈ-ਸਹਾਇਤਾ ਪ੍ਰਾਪਤ ਖ਼ਬਰਾਂ ਦੇ ਉਤਪਾਦਨ ਤੇ ਆਧੁਨਿਕ ਪ੍ਰਿੰਟਿੰਗ ਤਕਨੀਕਾਂ ਬਾਰੇ ਹਾਸਲ ਕੀਤਾ ਵਿਹਾਰਕ ਗਿਆਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈਕੇਜੀ ਪੀਟੀਯੂ) ਦੇ ਪੱਤਰਕਾਰਤਾ ਤੇ ਜਨਸੰਚਾਰ ਵਿਭਾਗ ਦੇ ਵਿਦਿਆਰਥੀਆਂ ਨੇ ਜਲੰਧਰ ਸਥਿਤ ਪੰਜਾਬੀ ਜਾਗਰਣ ਪ੍ਰਿੰਟਿੰਗ ਪ੍ਰੈੱਸ ਦਾ ਉਦਯੋਗਿਕ ਦੌਰਾ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਅਖ਼ਬਾਰ ਦੇ ਉਤਪਾਦਨ ਦੀ ਸਮੁੱਚੀ ਪ੍ਰਕਿਰਿਆ ਦੇ ਨਾਲ-ਨਾਲ ਆਧੁਨਿਕ ਤਕਨਾਲੋਜੀ ਤੇ ਏਆਈ ਦੀ ਪੱਤਰਕਾਰਤਾ ’ਚ ਵਧ ਰਹੀ ਵਰਤੋਂ ਬਾਰੇ ਵਿਹਾਰਕ ਜਾਣਕਾਰੀ ਹਾਸਲ ਕੀਤੀ। ‘ਪੰਜਾਬੀ ਜਾਗਰਣ’ ਦੇ ਸੀਨੀਅਰ ਚੀਫ਼ ਸਬ-ਐਡੀਟਰ ਅਰੁਣਦੀਪ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਏਆਈ ਦੀ ਵਰਤੋਂ ਅਨੁਵਾਦ, ਪੇਜੀਨੇਸ਼ਨ, ਸਿਰਲੇਖ ਸੁਝਾਅ, ਸਮੱਗਰੀ ਸੁਧਾਰ ਤੇ ਭਾਸ਼ਾ ਸੰਪਾਦਨ ਸਮੇਤ ਕਈ ਕੰਮਾਂ ’ਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤਕਨਾਲੋਜੀ ਪੱਤਰਕਾਰਤਾ ਨੂੰ ਤੇਜ਼ ਤੇ ਪ੍ਰਭਾਵਸ਼ਾਲੀ ਬਣਾਉਂਦੀ ਹੈ ਪਰ ਸੰਪਾਦਕੀ ਫ਼ੈਸਲਾ, ਰਚਨਾਤਮਕਤਾ ਤੇ ਭਾਸ਼ਾ ’ਤੇ ਪਕੜ ਵਰਗੇ ਮਨੁੱਖੀ ਗੁਣ ਅਜੇ ਵੀ ਅਹਿਮ ਹਨ। ਡਿਪਟੀ ਚੀਫ਼ ਤੇ ਟੈਕਨੀਕਲ ਹੈੱਡ, ਨਾਰਥ ਜ਼ੋਨ, ਦੀਪਕ ਨੇ ਵਿਦਿਆਰਥੀਆਂ ਨੂੰ ਆਫਸੈੱਟ ਪ੍ਰਿੰਟਿੰਗ ਤਕਨਾਲੋਜੀ ਦੀ ਜਾਣਕਾਰੀ ਦਿੰਦਿਆਂ ਅਖ਼ਬਾਰ ਦੀ ਵੱਡੇ ਪੱਧਰ ’ਤੇ ਛਪਾਈ ਦੇ ਵੱਖ-ਵੱਖ ਪੜਾਵਾਂ ਤੋਂ ਜਾਣੂ ਕਰਵਾਇਆ। ਦੌਰੇ ਮੌਕੇ ਤਾਲਮੇਲ ਡਿਪਟੀ ਚੀਫ਼ ਸਬ-ਐਡੀਟਰ ਸੀਮਾ ਆਨੰਦ ਨੇ ਕੀਤਾ। ਇਹ ਦੌਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਅਰਵਿੰਦ ਕੇ. ਬੰਸਲ ਦੇ ਨਿਰਦੇਸ਼ਾਂ ਹੇਠ ਕਰਵਾਇਆ ਗਿਆ। ਰਜਿਸਟਰਾਰ ਡਾ. ਨਵਦੀਪਕ ਸੰਧੂ ਨੇ ਵਿਭਾਗ ਮੁਖੀ ਪ੍ਰੋ. ਡਾ. ਰਣਬੀਰ ਸਿੰਘ ਤੇ ਫੈਕਲਟੀ ਮੈਂਬਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਮੰਗਲਾ ਸਾਹਨੀ, ਹਰਿ ਕੇ ਸਿੰਘ, ਡਾ. ਸੰਜੀਵ ਕੁਮਾਰ, ਆਬਿਦ ਰਜ਼ਾ ਤੇ ਕਰਨ (ਟੈਕਨੀਕਲ ਅਸਿਸਟੈਂਟ) ਨੇ ਵਿਦਿਆਰਥੀਆਂ ਨਾਲ ਸਰਗਰਮੀ ਨਾਲ ਸਹਿਯੋਗ ਕੀਤਾ। ਦੌਰੇ ਨੂੰ ਵਿਦਿਆਰਥੀਆਂ ਲਈ ਪ੍ਰਿੰਟ ਪੱਤਰਕਾਰਤਾ ਦੀ ਬਦਲਦੀ ਤਕਨਾਲੋਜੀ ਤੇ ਏਆਈ ਦੀ ਭੂਮਿਕਾ ਨੂੰ ਸਮਝਣ ਲਈ ਲਾਹੇਵੰਦ ਤਜਰਬਾ ਦੱਸਿਆ ਗਿਆ।