- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਮੋੜਾ ਦੇਣ ਲਈ ਸਾਝੇ ਸੰਘਰਸ ਅਜੋਕੇ ਸਮੇ ਦੀ ਮੁੱਖ ਲੋੜ--ਕਾਮਰੇਡ ਤਪਨ ਸੇਨ

- ਮਾਨ ਸਰਕਾਰ ਦੇ ਜੁਲਮ ਦਾ ਜਵਾਬ ਜੱਥੇਬੰਦਕ ਤਾਕਤ ਰਾਹੀਂ ਦਿਆਂਗੇ : ਚੰਦਰ ਸ਼ੇਖਰ/ ਮਹਾ ਸਿੰਘ ਰੌੜੀ
- ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੀਟੂ ਨੇ ਪ੍ਰਭਾਵਸ਼ਾਲੀ ਸੂਬਾਈ ਕਨਵੈਨਸ਼ਨ ਕਰਵਾਈ
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ
ਜਲੰਧਰ : ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਵੱਲੋਂ ਪ੍ਰਭਾਵਸ਼ਾਲੀ ਸੂਬਾਈ ਕਨਵੈਨਸ਼ਨ ਇਨਕਲਾਬੀ ਜੋਸ਼-ਖਰੋਸ਼ ਨਾਲ ਕਰਵਾਈ। ਪੰਜਾਬ ਦੇ ਕੋਨੇ-2 ’ਚੋਂ ਵੱਡੀ ਗਿਣਤੀ ’ਚ ਮਨਰੇਗਾ ਮਜ਼ਦੂਰ, ਨਿਰਮਾਣ ਮਜ਼ਦੂਰ, ਉਦਯੋਗਿਕ ਮਜ਼ਦੂਰ, ਆਸ਼ਾ ਵਰਕਰਜ਼, ਆਂਗਣਵਾੜੀ ਤੇ ਮਿਡ-ਡੇ-ਮੀਲ ਵਰਕਰਾਂ ਨੇ ਇਸ ਕਨਵੈਨਸ਼ਨ ’ਚ ਸ਼ਮੂਲੀਅਤ ਕੀਤੀ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸੀਪੀਆਈ (ਐੱਮ) ਦੇ ਪੋਲਿਟ ਬਿਊਰੋ ਮੈਂਬਰ ਤੇ ਸੀਟੂ ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਕਾਮਰੇਡ ਤਪਨ ਸੇਨ ਨੇ ਕਿਹਾ ਕਿ ਮੋਦੀ ਸਰਕਾਰ ਵੱਡੇ ਕਾਰਪੋਰੇਟ ਘਰਾਣਿਆਂ ਦੀ ਇਕ ਬੰਧੂਆ ਬਣ ਗਈ ਹੈ ਤੇ ਮੋਦੀ ਸਰਕਾਰ ਆਪਣੇ ਦਰਬਾਰੀ ਪੂੰਜੀਪਤੀਆਂ ਅਡਾਨੀ-ਅੰਬਾਨੀ ਦੇ ਇਸ਼ਾਰਿਆਂ ਤੇ ਭਾਰਤ ਦੇ ਮਜ਼ਦੂਰ ਵਰਗ ਨੂੰ ਵੀ ਬੰਧੂਆਂ ਮਜ਼ਦੂਰ ਬਣਾਉਣ ਵੱਲ ਵੱਧ ਰਹੀ ਹੈ ਤੇ ਚਾਰ ਲੇਬਰ ਕੋਡ ਇਸ ਕੜੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਮਜ਼ਦੂਰ ਬੰਧੂਆਂ ਮਜ਼ਦੂਰ ਨਹੀਂ ਬਣੇਗਾ ਤੇ ਮੋਦੀ ਹਕੂਮਤ ਨੂੰ ਦੇਸ਼ ’ਚੋਂ ਉਖਾੜ ਕੇ ਰੱਖ ਦੇਵੇਗਾ।
ਕਾਮਰੇਡ ਤਪਨ ਸੇਨ ਨੇ ਕਿਹਾ ਕਿ ਸੀਟੂ ਪਹਿਲੀ ਤੇ ਦੋ ਦਸੰਬਰ ਨੂੰ ਦਿੱਲੀ ’ਚ ਦੋ ਦਿਨਾ ਰੋਸ ਪ੍ਰਦਰਸ਼ਨ ਕਰੇਗੀ, ਜਿਸ ’ਚ ਲੱਖਾਂ ਦੀ ਗਿਣਤੀ ’ਚ ਵਰਕਰ ਸਮੂਲੀਅਤ ਕਰਨਗੇ। ਇਸ ਮੌਕੇ ਸੰਬੋਧਨ ਕਰਦਿਆਂ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ ਸੀਟੂ ਦੇ ਸੂਬਾਈ ਪ੍ਰਧਾਨ ਕਾਮਰੇਡ ਚੰਦਰ ਸੇਖਰ ਤੇ ਸੂਬਾਈ ਜਰਨਲ ਸਕੱਤਰ ਕਾਮਰੇਡ ਮਹਾ ਸਿੰਘ ਰੌੜੀ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਦਾ ਜੁਲਮ-ਜਬਰ ਦਿਨੋਂ-ਦਿਨ ਵੱਧ ਰਿਹਾ ਹੈ, ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ, ਕਿਸਾਨਾਂ ਤੇ ਮਜ਼ਦੂਰਾਂ ਉਪਰ ਅੰਨ੍ਹੇਵਾਹ ਅੱਤਿਆਚਾਰ ਕੀਤਾ ਜਾ ਰਿਹਾ, ਸਵਾਲ ਪੁੱਛਣ ’ਤੇ ਨੌਜਵਾਨਾਂ ਨੂੰ ਨਕਾਰਾ ਕਰ ਕੇ ਸੁੱਟਿਆ ਜਾ ਰਿਹਾ ਹੈ। ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੇ ਲੇਬਰ ਮੰਤਰੀ ਦੀ ਰਿਹਾਇਸ਼ ਖੰਨਾ ਵਿਖੇ ਪੱਕਾ ਮੋਰਚਾ ਲਾਇਆ ਜਾਵੇਗਾ।
ਇਸ ਮੌਕੇ ਭਰਾਤਰੀ ਜੱਥੇਬੰਦੀਆ ਏਟਕ ਦੇ ਸੂਬਾਈ ਸਕੱਤਰ ਅਮਰਜੀਤ ਆਸਲ, ਸੀਟੀਯੂ ਪੰਜਾਬ ਦੇ ਸੂਬਾਈ ਸਕੱਤਰ ਹਰਿੰਦਰ ਸਿੰਘ ਰੰਧਾਵਾ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ (ਵਿਗਿਆਨਕ) ਸੂਬਾਈ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਨੇ ਸੀਟੂ ਨੂੰ ਸਫਲ ਕਨਵੈਨਸ਼ਨ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਸਮੇਂ ਦੇ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਸਾਂਝੇ ਸੰਘਰਸ਼ ਸਮੇਂ ਦੀ ਮੁੱਖ ਲੋੜ ਹੈ ਤੇ ਭਵਿੱਖ ’ਚ ਇਕੱਠੇ ਹੋ ਕੇ ਪੰਜਾਬ ’ਚ ਲਹਿਰ ਖੜ੍ਹੀ ਕਰਾਂਗੇ। ਇਸ ਮੌਕੇ ਮਹਿੰਗਾਈ ਵਿਰੁੱਧ ਮਤਾ ਰੱਖ ਕੇ ਮਹਿਗਾਈ ਨੂੰ ਰੋਕਣ ਦੀ ਅਪੀਲ ਕੀਤੀ, ਦੂਜਾ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਚੱਲ ਰਹੇ ਸੰਘਰਸ ਦੇ ਹੱਕ ’ਚ ਮਤਾ ਰੱਖ ਕੇ ਉਨ੍ਹਾਂ ਦਾ ਸਮਰਥਨ ਕੀਤਾ, ਤੀਜਾ ਮਿਡ-ਡੇ-ਮੀਲ ਵਰਕਰ ਤੇ ਆਸ਼ਾ ਵਰਕਰਾਂ ਦੇ ਹੱਕ ’ਚ ਮਤਾ ਰੱਖ ਕੇ ਉਨ੍ਹਾਂ ਦੇ ਸੰਘਰਸ਼ ਦਾ ਸਮਰਥਨ ਕੀਤਾ, ਚੌਥਾ ਥਰਮਲ ਪਲਾਂਟ ਬਣਾਂਵਾਲੀ ਦੇ ਮੁਲਾਜ਼ਮਾਂ ਦੇ ਹੱਕ ’ਚ ਮਤਾ ਰੱਖ ਕੇ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕੀਤੀ। ਇਸ ਮੌਕੇ ਸਾਥੀ ਸੁੱਚਾ ਸਿੰਘ ਅਜਨਾਲਾ, ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਅਮਰ ਨਾਥ ਕੁੰਮਕਲਾ, ਹਰਜੀਤ ਕੌਰ ਪੰਜੋਲਾ, ਪਰਮਜੀਤ ਸਿੰਘ ਨੀਲੋ, ਜਸਮੇਲ ਕੌਰ ਬੀਰਕਲਾ, ਸਰੋਜ ਬਾਲਾ, ਬਲਜਿੰਦਰ ਸਿੰਘ, ਗੁਰਦਰਸ਼ਨ ਸਿੰਘ ਪਟਿਆਲਾ, ਹੰਨੂਮਾਨ ਲੁਧਿਆਣਾ, ਤੀਰਥ ਸਿੰਘ ਬਾਸੀ, ਜਸਵੀਰ ਝਬਾਲ, ਰਵਿੰਦਰ ਲੁੱਥਰਾ, ਜੋਗਿੰਦਰ ਸਿੰਘ ਔਲਖ ਪ੍ਰਿੰਸੀਪਲ ਸੰਗਰੂਰ ਤੇ ਹੋਰਨਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।