ਗੜ੍ਹੀ ਤੇ ਲੋਹਟੀਆ ਸ੍ਰੀ ਗੁਰੂ ਰਵਿਦਾਸ ਭਵਨ ਫਿਲੌਰ ’ਚ ਹੋਏ ਨਤਮਸਤਕ ਜਸਬੀਰ ਸਿੰਘ ਗੜ੍ਹੀ ਅਤੇ ਹਰਜੋਤ ਕੌਰ ਲੋਹਟੀਆ ਸ੍ਰੀ ਗੁਰੂ ਰਵਿਦਾਸ ਭਵਨ ਫਿਲੌਰ ਵਿਖੇ ਹੋਏ ਨਤਮਸਤਕ
Publish Date: Wed, 19 Aug 2026 08:50 PM (IST)
Updated Date: Wed, 19 Aug 2026 08:51 PM (IST)
ਪੱਤਰ ਪ੍ਰੇਰਕ, ਫਿਲੌਰ, ਪੰਜਾਬੀ ਜਾਗਰਣ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਅਤੇ ਆਮ ਆਦਮੀ ਪਾਰਟੀ ਦੀ ਹਲਕਾ ਫਿਲੌਰ ਤੋਂ ਇੰਚਾਰਜ ਹਰਜੋਤ ਕੌਰ ਲੋਹਟੀਆ ਸ੍ਰੀ ਗੁਰੂ ਰਵਿਦਾਸ ਭਵਨ ਫਿਲੌਰ ਵਿਖੇ ਪੁੱਜੇ। ਇਸ ਮੌਕੇ ਗੜ੍ਹੀ ਨੇ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਗੁਰੂ ਸਾਹਿਬ ਦੇ ਉਪਦੇਸ਼ਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਭੋਗ ਉਪਰੰਤ ਕੀਰਤਨੀ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਜਸਬੀਰ ਸਿੰਘ ਗੜ੍ਹੀ ਤੇ ਹਰਜੋਤ ਕੌਰ ਲੋਹਟੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ 22 ਅਗਸਤ ਨੂੰ ਨਵੀਂ ਦਾਣਾ ਮੰਡੀ ਫਿਲੌਰ ਵਿਖੇ ਧੰਨ-ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਨ੍ਹਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਦੌਰਾਨ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਅਤੇ ਫਿਲੌਰ ਦੀਆਂ ਸੰਗਤਾਂ ਵੱਲੋਂ ਗੜ੍ਹੀ ਦੇ ਧਿਆਨ ਵਿੱਚ ਇੱਕ ਅਹਿਮ ਮੰਗ ਵੀ ਲਿਆਂਦੀ ਗਈ। ਸੰਗਤਾਂ ਨੇ ਕਿਹਾ ਕਿ ਆਦਮਪੁਰ ਹਵਾਈ ਅੱਡੇ ਤੋਂ ਸ੍ਰੀ ਕਾਂਸ਼ੀ-ਬਨਾਰਸ ਲਈ ਸਿੱਧੀ ਹਵਾਈ ਸੇਵਾ ਉਪਲਬਧ ਨਹੀਂ ਹੈ। ਸੰਗਤਾਂ ਨੇ ਮੰਗ ਕੀਤੀ ਕਿ ਸਰਕਾਰ ਨਾਲ ਗੱਲਬਾਤ ਕਰ ਕੇ ਆਦਮਪੁਰ ਹਵਾਈ ਅੱਡੇ ਤੋਂ ਵਾਰਾਣਸੀ/ਬਨਾਰਸ ਲਈ ਸਿੱਧੀ ਉਡਾਣ ਸ਼ੁਰੂ ਕਰਵਾਉਣ ਲਈ ਯਤਨ ਕੀਤੇ ਜਾਣ। ਇਸੇ ਤਰ੍ਹਾਂ ਸੰਗਤਾਂ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਸ੍ਰੀ ਕਾਂਸ਼ੀ-ਬਨਾਰਸ ਲਈ ਵਿਸ਼ੇਸ਼ ਰੇਲ ਗੱਡੀ ਸ਼ੁਰੂ ਕਰਨ ਦੀ ਮੰਗ ਵੀ ਰੱਖੀ। ਸੰਗਤਾਂ ਨੇ ਗੜ੍ਹੀ ਨੂੰ ਅਪੀਲ ਕੀਤੀ ਕਿ ਉਹ ਇਹ ਮੰਗ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਸਬੰਧਤ ਵਿਭਾਗਾਂ ਤੱਕ ਪਹੁੰਚਾ ਕੇ ਇਸ ਮਾਮਲੇ ਦਾ ਹੱਲ ਕਰਵਾਉਣ ਲਈ ਯਤਨ ਕਰਨ। ਪ੍ਰਬੰਧਕ ਕਮੇਟੀ ਵੱਲੋਂ ਗੜ੍ਹੀ ਅਤੇ ਲੋਹਟੀਆ ਨੂੰ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵਿਸ਼ੇਸ਼ ਸ਼ਖਸੀਅਤਾਂ ਅਤੇ ਪ੍ਰੈੱਸ ਮੀਡੀਆ ਦੇ ਨੁਮਾਇੰਦਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ। ਇਸ ਮੌਕੇ ਪ੍ਰਧਾਨ ਰਾਜਕੁਮਾਰ ਸੰਧੂ, ਤਾਰਾ ਚੰਦ ਜੱਖੂ, ਸੈਕਟਰੀ, ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਮੇਤ ਪਰਮਜੀਤ ਭਾਰਤੀ ਕੌਂਸਲਰ, ਠੇਕੇਦਾਰ ਹੰਸਰਾਜ ਰਾਣਾ, ਸੁਮੀਤ ਬਸਰਾ, ਲਾਡੀ ਸਰਪੰਚ ਵਿਰਕ, ਹਰਦੀਪ ਸਿੰਘ ਸਰਪੰਚ ਗੋਹਾਵਰ, ਸੁਰਿੰਦਰ ਡਾਬਰ ਕੌਂਸਲਰ, ਬਾਬਾ ਸਰੂਪ ਸਿੰਘ ਬੱਛੋਵਾਲ, ਸੁਖਦੇਵ ਸਿੰਘ ਲੰਬੜਦਾਰ ਅਤੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।