- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਨੀਵਰਸਿਟੀ ਕਾਲਜ ’ਚ ‘ਜਸ਼ਨ-ਏ-ਆਗਾਜ਼’ ਨੇ ਬੰਨ੍ਹਿਆ ਰੰਗ, ਨਵੀਂ ਪੀੜ੍ਹੀ ਦੇ ਸੁਪਨਿਆਂ ਨੂੰ ਮਿਲੀ ਉਡਾਣ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ’ਚ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਕਰਵਾਇਆ ਗਿਆ ਫ੍ਰੈਸ਼ਰਜ਼ ਪਾਰਟੀ ‘ਜਸ਼ਨ-ਏ-ਆਗਾਜ਼’ ਸੁਪਨਿਆਂ ਦਾ ਰੰਗੀਲਾ ਆਗਾਜ਼ ਬਣਿਆ। ਕਾਲਜ ਦੇ ਓਐੱਸਡੀ ਪ੍ਰੋ. (ਡਾ.) ਨਵਜੋਤ ਦੀ ਅਗਵਾਈ ਤੇ ਸੁਚੱਜੀ ਦੇਖ-ਰੇਖ ਹੇਠ ਇਹ ਸਮਾਗਮ ਕਰਵਾਇਆ ਗਿਆ। ਸਮਾਗਮ ਨੇ ਕਾਲਜ ਕੈਂਪਸ ਨੂੰ ਸੰਗੀਤ, ਨ੍ਰਿਤ, ਸੱਭਿਆਚਾਰਕ ਪੇਸ਼ਕਾਰੀਆਂ ਤੇ ਨੌਜਵਾਨੀ ਦੀ ਊਰਜਾ ਨਾਲ ਸਰਸ਼ਾਰ ਕਰ ਦਿੱਤਾ। ਸਮਾਗਮ ’ਚ ਪੀਪੀਆਰ ਮਾਰਕੀਟ, ਜਲੰਧਰ ਦੇ ਪ੍ਰਧਾਨ ਜੀਐੱਸ ਰਾਜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ‘ਜਸ਼ਨ-ਏ-ਆਗਾਜ਼’ ਦੌਰਾਨ ਵਿਦਿਆਰਥੀਆਂ ਨੇ ਸੰਗੀਤ, ਡਾਂਸ, ਸੱਭਿਆਚਾਰਕ ਪੇਸ਼ਕਾਰੀਆਂ ਤੇ ਵੱਖ-ਵੱਖ ਟੈਲੈਂਟ ਗਤੀਵਿਧੀਆਂ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਭਾਗ ਲੈਂਦਿਆਂ ਇਹ ਸਾਬਤ ਕੀਤਾ ਕਿ ਨਵੀਂ ਪੀੜ੍ਹੀ ਕੋਲ ਸਿਰਫ਼ ਸੁਪਨੇ ਹੀ ਨਹੀਂ, ਸਗੋਂ ਉਨ੍ਹਾਂ ਨੂੰ ਹਕੀਕਤ ’ਚ ਬਦਲਣ ਦਾ ਹੌਸਲਾ ਵੀ ਹੈ। ਇਸ ਮੌਕੇ ਮੈਨੇਜਮੈਂਟ ਦੀ ਵਿਦਿਆਰਥਣ ਕਨਿਕਾ ਨੂੰ ‘ਮਿਸ ਫ੍ਰੈਸ਼ਰ’ ਤੇ ਬੀਕਾਮ ਦੇ ਵਿਦਿਆਰਥੀ ਗਗਨਦੀਪ ਸਿੰਘ ਨੂੰ ‘ਮਿਸਟਰ ਫ੍ਰੈਸ਼ਰ’ ਚੁਣਿਆ ਗਿਆ। ਜੇਤੂਆਂ ਦਾ ਦਰਸ਼ਕਾਂ ਵੱਲੋਂ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਜੀਐੱਸ ਰਾਜਾ ਨੇ ਨਵੇਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਜੀਵਨ ਸਿਰਫ਼ ਡਿਗਰੀ ਹਾਸਲ ਕਰਨ ਦਾ ਸਮਾਂ ਨਹੀਂ, ਬਲਕਿ ਸ਼ਖ਼ਸੀਅਤ ਨਿਰਮਾਣ, ਹੁਨਰ ਵਿਕਾਸ ਤੇ ਆਪਣੇ ਸੁਪਨਿਆਂ ਨੂੰ ਦਿਸ਼ਾ ਦੇਣ ਦਾ ਮਹੱਤਵਪੂਰਨ ਪੜਾਅ ਹੈ। ਇਸ ਮੌਕੇ ਪ੍ਰੋ. ਡਾ. ਨਵਜੋਤ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਕਾਲਜ ਪਰਿਵਾਰ ’ਚ ਸ਼ਾਮਲ ਹੋਣਾ ਉਨ੍ਹਾਂ ਲਈ ਇਕ ਨਵੇਂ ਸਫ਼ਰ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਇਕ ਚੰਗਾ ਵਿਦਿਆਰਥੀ ਸਿਰਫ਼ ਕਿਤਾਬਾਂ ’ਚੋਂ ਗਿਆਨ ਹਾਸਲ ਕਰਨ ਵਾਲਾ ਨਹੀਂ ਹੁੰਦਾ, ਸਗੋਂ ਉਹ ਆਪਣੇ ਆਲੇ-ਦੁਆਲੇ ਦੀ ਦੁਨੀਆ ਨੂੰ ਸਮਝਣ, ਸਵਾਲ ਕਰਨ, ਨਵਾਂ ਸਿਰਜਣ ਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਪਛਾਣਨ ਵਾਲਾ ਵੀ ਹੁੰਦਾ ਹੈ। ਵਿਦਿਆਰਥੀਆਂ ਨੇ ਇਕ-ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰਦਿਆਂ ਤਸਵੀਰਾਂ ਖਿੱਚਵਾਈਆਂ ਤੇ ਇਸ ਯਾਦਗਾਰ ਦਿਨ ਨੂੰ ਆਪਣੇ ਕਾਲਜ ਜੀਵਨ ਦੀਆਂ ਸੁਨਹਿਰੀ ਯਾਦਾਂ ’ਚ ਦਰਜ ਕਰ ਲਿਆ।