ਬੈਡਮਿੰਟਨ ਚੈਂਪੀਅਨਸ਼ਿਪ ’ਚ ਜਪਲੀਨ ਕੌਰ ਨੇ ਜਿੱਤੇ ਤਿੰਨ ਖ਼ਿਤਾਬ ਪੰਜਾਬ ਸਟੇਟ ਸਬ-ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਜਪਲੀਨ ਕੌਰ ਨੇ ਜਿੱਤੇ ਤਿੰਨ ਖ਼ਿਤਾਬ
Publish Date: Tue, 20 Oct 2026 06:52 PM (IST)
Updated Date: Tue, 20 Oct 2026 06:54 PM (IST)
-400 ਤੋਂ ਵੱਧ ਖਿਡਾਰੀਆਂ ਨੇ ਲਿਆ ਹਿੱਸਾ, ਚਾਰ ਦਿਨਾਂ ’ਚ ਖੇਡੇ ਗਏ 609 ਮੈਚ ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਫਿਰੋਜ਼ਪੁਰ ਦੀ ਜਪਲੀਨ ਕੌਰ ਨੇ ਪੰਜਾਬ ਸਟੇਟ ਸਬ-ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ’ਚ ਤਿੰਨ ਖ਼ਿਤਾਬ ਜਿੱਤੇ। ਓਪੀ ਬੈਡਮਿੰਟਨ ਅਕੈਡਮੀ ਵੱਲੋਂ ਜਲੰਧਰ ਦੇ ਈਕੋ ਹੋਮਜ਼ ਵਿੱਚ ਕਰਵਾਈ ਗਈ, ਇਸ ਚਾਰ ਰੋਜ਼ਾ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਤੋਂ 400 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਟੂਰਨਾਮੈਂਟ ਦੌਰਾਨ 10 ਮੁਕਾਬਲਿਆਂ ਵਿੱਚ ਕੁੱਲ 609 ਮੈਚ ਖੇਡੇ ਗਏ। ਜਪਲੀਨ ਨੇ ਅੰਡਰ-15 ਤੇ ਅੰਡਰ-17 ਲੜਕੀਆਂ ਦੇ ਸਿੰਗਲਜ਼ ਅਤੇ ਅੰਡਰ-15 ਲੜਕੀਆਂ ਦੇ ਡਬਲਜ਼ ਮੁਕਾਬਲੇ ਜਿੱਤ ਕੇ ਤਿੰਨ ਖ਼ਿਤਾਬ ਆਪਣੇ ਨਾਂ ਕੀਤੇ। ਅੰਡਰ-17 ’ਚ ਵੀਰੇਨ ਸੇਠ ਤੇ ਅੰਡਰ-15 ’ਚ ਅਭਿਮਨਿਊ ਸਿੰਘ ਨੇ ਕ੍ਰਮਵਾਰ ਸਾਹਿਬ ਤੇ ਮਯੰਕ ਰਨਿੰਗ ਟਰਾਫੀਆਂ ਜਿੱਤੀਆਂ। ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਮਾਨਦ ਸਕੱਤਰ ਰਿਤਿਨ ਖੰਨਾ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਤੇਜ਼ੀ ਨਾਲ ਦੇਸ਼ ਵਿੱਚ ਬੈਡਮਿੰਟਨ ਦੇ ਪ੍ਰਮੁੱਖ ਕੇਂਦਰ ਵਜੋਂ ਉੱਭਰ ਰਿਹਾ ਹੈ। ਧਰੁਵ ਕਪਿਲਾ, ਤਨਵੀ ਸ਼ਰਮਾ ਅਤੇ ਜਗਸ਼ੇਰ ਖੰਗੂੜਾ ਵਰਗੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੌਜਵਾਨਾਂ ਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰ ਰਹੀਆਂ ਹਨ। ਉਨ੍ਹਾਂ ਨੇ ਚੈਂਪੀਅਨਸ਼ਿਪ ਦੇ ਸਫ਼ਲ ਪ੍ਰਬੰਧਾਂ ਲਈ ਓਪੀ ਬੈਡਮਿੰਟਨ ਅਕੈਡਮੀ ਦੀ ਸ਼ਲਾਘਾ ਕੀਤੀ। ਚੁਣੇ ਗਏ ਖਿਡਾਰੀ ਦਸੰਬਰ ’ਚ ਬੈਂਗਲੁਰੂ ਵਿਖੇ ਹੋਣ ਵਾਲੀ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨਗੇ। ਇਸ ਮੌਕੇ ਧੀਰਜ ਸ਼ਰਮਾ, ਅੰਕੁਸ਼ ਸਹਿਗਲ, ਓਪਿੰਦਰ ਪਾਲ ਸਿੰਘ ਕਲਸੀ, ਵਿਲਾਸ ਹੰਸ ਤੇ ਵਰੁਣ ਕੁਮਾਰ ਵੀ ਮੌਜੂਦ ਸਨ।