ਜਲੰਧਰ ਦੇ ਮਨਪ੍ਰੀਤ ਸਿੰਘ ਦੇ ਨਾਂ ਸਭ ਤੋਂ ਵੱਧ ਕੌਮਾਂਤਰੀ ਮੈਚ ਖੇਡਣ ਦਾ ਰਿਕਾਰਡ
ਜਲੰਧਰ ਦੇ ਮਨਪ੍ਰੀਤ ਸਿੰਘ ਦੇ ਨਾਮ ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਦਾ ਰਿਕਾਰਡ
Publish Date: Wed, 17 Jun 2026 10:42 PM (IST)
Updated Date: Wed, 17 Jun 2026 10:45 PM (IST)

-413 ਮੈਚਾਂ ਤੋਂ ਬਾਅਦ ਹੁਣ 481 ਦੇ ਵਿਸ਼ਵ ਰਿਕਾਰਡ ਤੇ ਨਜ਼ਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਮਿੱਠਾਪੁਰ ਨਿਵਾਸੀ ਤੇ ਓਲੰਪੀਅਨ ਮਨਪ੍ਰੀਤ ਸਿੰਘ ਨੇ 413 ਕੌਮਾਂਤਰੀ ਮੈਚ ਖੇਡ ਕੇ ਹਾਕੀ ਇੰਡੀਆ ਦੇ ਪ੍ਰਧਾਨ ਤੇ ਸਾਬਕਾ ਦਿੱਗਜ ਖਿਡਾਰੀ ਦਿਲੀਪ ਟਿਰਕੀ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਨੀਦਰਲੈਂਡ ਖ਼ਿਲਾਫ਼ ਪਹਿਲੇ ਮੈਚ ਦੌਰਾਨ ਮਨਪ੍ਰੀਤ ਨੇ ਇਹ ਉਪਲੱਬਧੀ ਹਾਸਲ ਕੀਤੀ ਸੀ। ਬੁੱਧਵਾਰ ਨੂੰ ਜਰਮਨੀ ਖ਼ਿਲਾਫ਼ ਦੂਜੇ ਮੈਚ ’ਚ ਹਿੱਸਾ ਲੈ ਕੇ ਉਹ ਭਾਰਤ ਵੱਲੋਂ ਸਭ ਤੋਂ ਵੱਧ ਕੌਮਾਂਤਰੀ ਮੈਚ ਖੇਡਣ ਵਾਲੇ ਖਿਡਾਰੀ ਬਣ ਗਏ। ਹੁਣ ਮਨਪ੍ਰੀਤ ਸਿੰਘ ਦੀ ਨਜ਼ਰ ਵਿਸ਼ਵ ਰਿਕਾਰਡ ਤੇ ਹੈ। ਇਹ ਰਿਕਾਰਡ ਬੈਲਜੀਅਮ ਦੇ ਹਾਕੀ ਖਿਡਾਰੀ ਜਾਨ ਡੋਮੈਨ ਦੇ ਨਾਂ ਦਰਜ ਹੈ, ਜਿਨ੍ਹਾਂ ਨੇ 418 ਕੌਮਾਂਤਰੀ ਮੈਚ ਖੇਡੇ ਹਨ। ਇਸ ਰਿਕਾਰਡ ਤੱਕ ਪੁੱਜਣ ਲਈ ਮਨਪ੍ਰੀਤ ਆਪਣੀ ਫਿਟਨੈੱਸ ਤੇ ਖ਼ਾਸ ਧਿਆਨ ਦੇ ਰਹੇ ਹਨ। ਉਨ੍ਹਾਂ ਦੀ ਨਜ਼ਰ 2028 ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਤੇ ਵੀ ਹੈ। ਮਨਪ੍ਰੀਤ ਸਿੰਘ ਦੇ ਦੇਸ਼ ਦੇ ਸਭ ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀ ਬਣਨ ਨਾਲ ਹਾਕੀ ਪ੍ਰੇਮੀਆਂ ’ਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਦੀ ਮਾਤਾ ਮਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਦੇਸ਼ ਲਈ ਖੇਡਦਿਆਂ ਇਹ ਮਕਾਮ ਹਾਸਲ ਕੀਤਾ ਹੈ। ਦੇਸ਼ ਵਾਸੀਆਂ ਦੇ ਪਿਆਰ ਤੇ ਸਖ਼ਤ ਮਿਹਨਤ ਦੇ ਸਦਕਾ ਹੀ ਉਹ ਇੱਥੇ ਤੱਕ ਪੁੱਜਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਮਨਪ੍ਰੀਤ ਦੇ ਨਾਂ ਵਿਸ਼ਵ ਰਿਕਾਰਡ ਵੀ ਦਰਜ ਹੋ ਸਕਦਾ ਹੈ। ਮਨਪ੍ਰੀਤ ਸਿੰਘ ਇਸ ਸਮੇਂ 33 ਸਾਲ ਦੇ ਹਨ। ਯੂਰਪੀਅਨ ਲੀਗ ਲਈ ਭਾਰਤੀ ਹਾਕੀ ਟੀਮ ’ਚ ਵੀ ਉਨ੍ਹਾਂ ਦੀ ਚੋਣ ਹੋਈ ਸੀ। ਉਹ ਦੋ ਵਾਰ ਓਲੰਪਿਕ ਕਾਂਸੇ ਦਾ ਮੈਡਲ ਜਿੱਤ ਕੇ ਭਾਰਤ ਦੀ ਝੋਲੀ ’ਚ ਪਾ ਚੁੱਕੇ ਹਨ। ਉਨ੍ਹਾਂ ਨੂੰ ਸਾਲ 2019 ਵਿੱਚ ਐੱਫਆਈਐੱਚ ਮੇਨਜ਼ ਪਲੇਅਰ ਆਫ਼ ਦਿ ਈਅਰ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਹਾਲ ਹੀ ’ਚ ਰਾਉਰਕੇਲਾ (ਰੁੜਕੇਲਾ) ’ਚ ਹੋਈ ਐੱਫਆਈਐੱਚ ਪ੍ਰੋ ਹਾਕੀ ਲੀਗ ਵਿੱਚ ਉਨ੍ਹਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਜੇ ਉਹ ਇਸ ਲੀਗ ’ਚ ਖੇਡਦੇ ਤਾਂ ਦਿਲੀਪ ਟਿਰਕੀ ਦਾ ਰਿਕਾਰਡ ਪਹਿਲਾਂ ਹੀ ਟੁੱਟ ਜਾਂਦਾ। ਹੁਣ ਹਾਕੀ ਪ੍ਰੇਮੀਆਂ ਦੀਆਂ ਨਜ਼ਰਾਂ ਮਨਪ੍ਰੀਤ ਦੇ ਅਗਲੇ ਰਿਕਾਰਡਾਂ ਤੇ ਟਿਕੀਆਂ ਹੋਈਆਂ ਹਨ। ------------------------------------ ਮਨਪ੍ਰੀਤ ਸਿੰਘ ਖੇਡ ਚੁੱਕੇ ਹਨ 413 ਕੌਮਾਂਤਰੀ ਮੈਚ ਓਲੰਪੀਅਨ ਮਨਪ੍ਰੀਤ ਸਿੰਘ ਭਾਰਤੀ ਹਾਕੀ ਦਾ ਕੌਮੀ ਰਿਕਾਰਡ ਆਪਣੇ ਨਾਂ ਕਰ ਚੁੱਕੇ ਹਨ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਆਪਣੇ ਕਰੀਅਰ ਦੌਰਾਨ 413 ਕੌਮਾਂਤਰੀ ਮੈਚ ਖੇਡੇ ਸਨ। ਮਨਪ੍ਰੀਤ ਹੁਣ ਇਸ ਅੰਕੜੇ ਨੂੰ ਪਾਰ ਕਰ ਚੁੱਕੇ ਹਨ। ਮਨਪ੍ਰੀਤ ਚਾਰ ਓਲੰਪਿਕ ਖੇਡ ਚੁੱਕੇ ਹਨ ਤੇ ਕਈ ਰਿਕਾਰਡ ਉਨ੍ਹਾਂ ਦੇ ਨਾਂ ਦਰਜ ਹਨ। ਉਹ ਆਪਣੀ ਫਿਟਨੈੱਸ ਤੇ ਖ਼ਾਸ ਧਿਆਨ ਦੇਣ ਵਾਲੇ ਖਿਡਾਰੀਆਂ ’ਚ ਸ਼ੁਮਾਰ ਹੁੰਦੇ ਹਨ। ---------------------- ਓਲੰਪੀਅਨ ਮਨਪ੍ਰੀਤ ਸਿੰਘ ਦੇ ਨਾਂ ਕਈ ਵੱਡੀਆਂ ਉਪਲੱਬਧੀਆਂ -ਸਾਲ 2021 ’ਚ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਨਾਲ ਸਨਮਾਨਿਤ। -ਹਾਕੀ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਅਰਜੁਨ ਐਵਾਰਡ ਪ੍ਰਾਪਤ ਕੀਤਾ। -ਟੋਕੀਓ ਓਲੰਪਿਕ 2020 ’ਚ ਉਨ੍ਹਾਂ ਦੀ ਕਪਤਾਨੀ ਹੇਠ ਭਾਰਤ ਨੇ 41 ਸਾਲ ਬਾਅਦ ਓਲੰਪਿਕ ਕਾਂਸੀ ਤਗਮਾ ਜਿੱਤਿਆ। -ਪੈਰਿਸ ਓਲੰਪਿਕ ’ਚ ਵੀ ਭਾਰਤ ਨੇ ਕਾਂਸੇ ਦਾ ਮੈਡਲ ਹਾਸਲ ਕੀਤਾ। -ਦੋ ਵਾਰ ਐੱਫਆਈਐੱਚ ਪਲੇਅਰ ਆਫ਼ ਦਿ ਈਅਰ ਦਾ ਖਿਤਾਬ ਜਿੱਤਿਆ। -------------------------- ਹਾਕੀ ਇੰਡੀਆ ਦੇ ਵਾਈਸ ਪ੍ਰਧਾਨ ਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਨੇ ਕਿਹਾ ਕਿ ਮਨਪ੍ਰੀਤ ਸਿੰਘ ਨੇ ਇਹ ਰਿਕਾਰਡ ਬਣਾ ਕੇ ਨਾ ਸਿਰਫ਼ ਦੇਸ਼, ਸਗੋਂ ਜਲੰਧਰ ਦਾ ਨਾਂ ਵੀ ਰੋਸ਼ਨ ਕੀਤਾ ਹੈ। ਰਿਕਾਰਡ ਬਣਦੇ ਅਤੇ ਟੁੱਟਦੇ ਰਹਿੰਦੇ ਹਨ ਪਰ ਮਨਪ੍ਰੀਤ ਵਰਗੇ ਮਿਹਨਤੀ ਤੇ ਫਿਟ ਖਿਡਾਰੀ ਹੀ ਅਜਿਹੀਆਂ ਉਪਲੱਬਧੀਆਂ ਹਾਸਲ ਕਰ ਸਕਦੇ ਹਨ। ਇਸ ਰਿਕਾਰਡ ਨਾਲ ਹਾਕੀ ਪ੍ਰੇਮੀਆਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ----------------------- 19 ਸਾਲ ਦੀ ਉਮਰ ’ਚ ਭਾਰਤ ਲਈ ਖੇਡਣਾ ਕੀਤਾ ਸ਼ੁਰੂ ਮਨਪ੍ਰੀਤ ਸਿੰਘ ਨੇ 19 ਸਾਲ ਦੀ ਉਮਰ ’ਚ ਦੇਸ਼ ਲਈ ਖੇਡਣਾ ਸ਼ੁਰੂ ਕਰ ਦਿੱਤਾ ਸੀ। ਸਾਲ 2012 ’ਚ ਉਨ੍ਹਾਂ ਨੇ ਪਹਿਲੀ ਵਾਰ ਓਲੰਪਿਕ ’ਚ ਭਾਰਤ ਦੀ ਨੁਮਾਇੰਦਗੀ ਕੀਤੀ ਤੇ ਅੱਜ ਤੱਕ ਦੇਸ਼ ਲਈ ਖੇਡ ਰਹੇ ਹਨ। ਅੱਠ ਸਾਲ ਦੀ ਉਮਰ ’ਚ ਹਾਕੀ ਸਟਿਕ ਫੜਨ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਛੋਟੇ ਕੱਦ ਕਾਰਨ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਹਾਕੀ ਖੇਡਣ ਤੋਂ ਰੋਕਦੇ ਸਨ, ਕਿਉਂਕਿ ਉਨ੍ਹਾਂ ਨੂੰ ਸੱਟ ਲੱਗਣ ਦਾ ਡਰ ਰਹਿੰਦਾ ਸੀ ਪਰ ਮਨਪ੍ਰੀਤ ਕਿਸੇ ਨਾ ਕਿਸੇ ਤਰੀਕੇ ਨਾਲ ਘਰ ਦੀ ਕੰਧ ਟੱਪ ਕੇ ਮੈਦਾਨ ’ਚ ਪੁੱਜ ਜਾਂਦੇ ਸਨ। ਹਾਕੀ ਪ੍ਰਤੀ ਉਨ੍ਹਾਂ ਦਾ ਜਨੂਨ ਇੰਨਾ ਜ਼ਿਆਦਾ ਸੀ ਕਿ ਉਹ ਰਿਸ਼ਤੇਦਾਰਾਂ ਦੇ ਸਮਾਗਮਾਂ ’ਚ ਵੀ ਘੱਟ ਹੀ ਜਾਂਦੇ ਸਨ। ਉਨ੍ਹਾਂ ਨੇ ਪਹਿਲੀ ਤੋਂ ਛੇਵੀਂ ਜਮਾਤ ਤੱਕ ਮਿੱਠਾਪੁਰ ਦੇ ਗੁਰੂ ਨਾਨਕ ਪਬਲਿਕ ਸਕੂਲ ’ਚ ਪੜ੍ਹਾਈ ਕੀਤੀ। ਇਸ ਤੋਂ ਬਾਅਦ ਲਾਡੋਵਾਲੀ ਰੋਡ ਸਥਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ 10ਵੀਂ ਦੀ ਪੜ੍ਹਾਈ ਕੀਤੀ ਤੇ ਇਸੇ ਦੌਰਾਨ ਸੁਰਜੀਤ ਹਾਕੀ ਸੁਸਾਇਟੀ ਨਾਲ ਜੁੜੇ। ਡੀਏਵੀ ਕਾਲਜ ’ਚ ਬੀਏ ਆਰਟਸ ਦੀ ਪੜ੍ਹਾਈ ਦੌਰਾਨ ਉਹ ਕਾਲਜ ਦੀ ਹਾਕੀ ਟੀਮ ਦਾ ਵੀ ਹਿੱਸਾ ਰਹੇ। ਮਨਪ੍ਰੀਤ ਸਿੰਘ ’ਚ ਮੈਚ ਦਾ ਪਾਸਾ ਪਲਟਣ ਦੀ ਖ਼ਾਸ ਸਮਰੱਥਾ ਰਹੀ ਹੈ ਤੇ ਉਹ ਟੀਮ ਦੇ ਅਹਿਮ ਖਿਡਾਰੀ ਮੰਨੇ ਜਾਂਦੇ ਹਨ। ------------------------- ਖੇਡ ਵਿਭਾਗ ਪੰਜਾਬ ਦੇ ਸਹਾਇਕ ਡਾਇਰੈਕਟਰ ਗੁਰਜੰਟ ਸਿੰਘ ਨੇ ਕਿਹਾ ਕਿ ਮਨਪ੍ਰੀਤ ਸਿੰਘ ਦਾ ਇਹ ਰਿਕਾਰਡ ਕਿਸੇ ਹੋਰ ਖਿਡਾਰੀ ਲਈ ਤੋੜਨਾ ਸੌਖਾ ਨਹੀਂ ਹੋਵੇਗਾ। ਮਨਪ੍ਰੀਤ ਇਸ ਉਪਲੱਬਧੀ ਦੇ ਪੂਰੇ ਹੱਕਦਾਰ ਹਨ। ਚਾਰ ਓਲੰਪਿਕ ਖੇਡਣਾ ਇੱਕ ਮਹਾਨ ਖਿਡਾਰੀ ਦੀ ਪਛਾਣ ਹੈ ਤੇ ਆਪਣੀ ਫਿਟਨੈੱਸ ਨੂੰ ਬਰਕਰਾਰ ਰੱਖਣ ਦੀ ਕਲਾ ਉਹ ਬਾਖੂਬੀ ਜਾਣਦੇ ਹਨ। ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਖੁਦ ਮਨਪ੍ਰੀਤ ਨਾਲ ਦੋ ਓਲੰਪਿਕ, ਕਾਮਨਵੈਲਥ ਗੇਮਜ਼ ਤੇ ਏਸ਼ੀਆਈ ਖੇਡਾਂ ਵਿਚ ਖੇਡ ਚੁੱਕੇ ਹਨ ਤੇ ਇਹ ਰਿਕਾਰਡ ਮਨਪ੍ਰੀਤ ਦੀ ਲਗਾਤਾਰ ਮਿਹਨਤ ਦਾ ਨਤੀਜਾ ਹੈ।