ਸੂਬਾ ਪੱਧਰੀ ਮੀਟਿੰਗ ’ਚ ਹਿੱਸਾ ਲੈਣਗੇ ਜਲੰਧਰ ਦੇ ਆੜ੍ਹਤੀਏ
ਰਾਜ ਪੱਧਰੀ ਮੀਟਿੰਗ ’ਚ ਹਿੱਸਾ ਲਵੇਗੀ ਜਲੰਧਰ ਦੀ ਆੜ੍ਹਤੀ ਐਸੋਸੀਏਸ਼ਨ
Publish Date: Tue, 24 Feb 2026 10:10 PM (IST)
Updated Date: Tue, 24 Feb 2026 10:13 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਨਵੀਂ ਦਾਣਾ ਮੰਡੀ ਆੜ੍ਹਤੀ ਐਸੋਸੀਏਸ਼ਨ, ਆੜ੍ਹਤੀਆਂ ਸਮੇਤ 16 ਮਾਰਚ ਨੂੰ ਤਰਨਤਾਰਨ ’ਚ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਵੱਲੋਂ ਕਰਵਾਈ ਜਾ ਰਹੀ ਰਾਜ ਪੱਧਰੀ ਮੀਟਿੰਗ ’ਚ ਹਿੱਸਾ ਲਵੇਗੀ। ਉਪਰੋਕਤ ਜਾਣਕਾਰੀ ਨਵੀਂ ਦਾਣਾ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਸ਼ਮੀਰੀ ਲਾਲ ਨੇ ਆੜ੍ਹਤੀ ਹਰਜੀਤ ਸਿੰਘ ਕਾਲੜਾ, ਐਡਵੋਕੇਟ ਮਨਜੀਤ ਸਿੰਘ, ਸੁਰਜੀਤ ਸਿੰਘ ਲਵਲੀ, ਰਵਿੰਦਰ ਪਾਲ ਸਿੰਘ ਕੈਨੇਡੀ, ਅਮਰਜੀਤ ਸਿੰਘ ਮਿਗਲਾਨੀ, ਤ੍ਰਿਲੋਕ ਸਿੰਘ, ਜਗਜੀਤ ਸਿੰਘ ਅਰੋੜਾ, ਗੁਰਵਿੰਦਰ ਸਿੰਘ ਮਿਗਲਾਨੀ, ਵਿਨੋਦ ਕੁਮਾਰ ਨਾਰੰਗ, ਨੀਰਜ ਬਾਹਰੀ, ਅਮਿਤ ਰਾਜਪਾਲ, ਖਰੈਤੀ ਲਾਲ, ਰਮੇਸ਼ ਬੱਤਰਾ, ਰਾਜੇਸ਼ ਬਾਹਰੀ, ਰਾਜ ਕੁਮਾਰ ਭਸੀਨ ਤੇ ਜਗਦੀਸ਼ ਲਾਲ ਅਰੋੜਾ ਨਾਲ ਸਰਬਸੰਮਤੀ ਨਾਲ ਇਕ ਮਤਾ ਪਾਸ ਕਰਦੇ ਹੋਏ ਦਿੱਤੀ। ਪ੍ਰਧਾਨ ਕਸ਼ਮੀਰੀ ਲਾਲ ਨੇ ਕਿਹਾ ਕਿ ਆੜ੍ਹਤੀ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਦਾ ਕਮਿਸ਼ਨ ਘੱਟੋ-ਘੱਟ ਸਮਰਥਨ ਮੁੱਲ ਦੇ 2.5 ਫੀਸਦੀ ਤੇ ਨਿਰਧਾਰਤ ਕੀਤਾ ਜਾਵੇ ਤੇ ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲਾਂ ਲਈ ਰੋਕੇ ਗਏ ਕਮਿਸ਼ਨਾਂ ਨੂੰ ਜਾਰੀ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ 16 ਮਾਰਚ ਨੂੰ ਤਰਨਤਾਰਨ ’ਚ ਹੋਣ ਵਾਲੀ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨਜ਼ ਪੰਜਾਬ ਦੀ ਰਾਜ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨਜ਼ ਪੰਜਾਬ ਦੇ ਸੂਬਾ ਪ੍ਰਧਾਨ ਵਿਜੇ ਕਾਲੜਾ ਕਰਨਗੇ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਤੀਨਿਧੀ ਠੋਸ ਰਾਜ ਪੱਧਰੀ ਰਣਨੀਤੀ ਬਣਾਉਣ ਲਈ ਹਿੱਸਾ ਲੈਣਗੇ।