ਜਲੰਧਰ ਨੂੰ ਮਿਲੇ ਖਾਸ ਸੈਰ-ਸਪਾਟਾ ਤੇ ਸੱਭਿਆਚਾਰਕ ਦਰਜਾ : ਤ੍ਰੇਹਨ ਜਲੰਧਰ ਨੂੰ ਮਿਲੇ ਵਿਸ਼ੇਸ਼ ਸੈਰ-ਸਪਾਟਾ ਅਤੇ ਸੱਭਿਆਚਾਰਕ ਦਰਜਾ : ਅਰਜੁਨ ਤ੍ਰੇਹਨ
Publish Date: Thu, 17 Sep 2026 09:38 PM (IST)
Updated Date: Thu, 17 Sep 2026 09:41 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਸੈਰ-ਸਪਾਟਾ, ਉਦਯੋਗ, ਖੇਡਾਂ, ਸਿੱਖਿਆ ਤੇ ਸੱਭਿਆਚਾਰਕ ਵਿਰਾਸਤ ਨੂੰ ਰਾਸ਼ਟਰੀ ਪੱਧਰ ਤੇ ਨਵੀਂ ਪਹਿਚਾਣ ਦਿਵਾਉਣ ਦੀ ਦਿਸ਼ਾ ’ਚ ਐਡਵੋਕੇਟ ਅਰਜੁਨ ਤ੍ਰੇਹਨ ਨੇ ਚੰਡੀਗੜ੍ਹ ’ਚ ਕੇਂਦਰੀ ਸੱਭਿਆਚਾਰ ਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਜਲੰਧਰ ਨੂੰ ਵਿਸ਼ੇਸ਼ ਸੈਰ-ਸਪਾਟਾ ਤੇ ਸੱਭਿਆਚਾਰਕ ਦਰਜਾ ਦੇਣ ਦੀ ਮੰਗ ਸਬੰਧੀ ਮੈਮੋਰੈਂਡਮ ਕੇਂਦਰੀ ਮੰਤਰੀ ਨੂੰ ਸੌਂਪਿਆ। ਮੁਲਾਕਾਤ ਦੌਰਾਨ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਤੇ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਇੰਚਾਰਜ ਡਾ. ਸੁਭਾਸ਼ ਸ਼ਰਮਾ, ਸੀਏ ਵਾਗੀਸ਼ ਸ਼ਰਮਾ, ਉਦਯੋਗਪਤੀ ਹਰਸ਼ਿਲ ਬੰਸਲ ਤੇ ਜਤਿਨ ਸੇਤੀਆ ਵੀ ਮੌਜੂਦ ਰਹੇ। ਮੈਮੋਰੈਂਡਮ ’ਚ ਜਲੰਧਰ ਨੂੰ ਹੈਰੀਟੇਜ, ਏਜੁਕੇਸ਼ਨ, ਇੰਡਸਟਰੀਅਲ, ਸਪੋਰਟਸ ਤੇ ਸਪਿਰਿਚੁਅਲ ਟੂਰਿਜ਼ਮ ਹੱਬ ਵਜੋਂ ਵਿਕਸਤ ਕਰਨ ਦਾ ਪ੍ਰਸਤਾਵ ਰੱਖਿਆ ਗਿਆ। ਤ੍ਰੇਹਨ ਨੇ ਕਿਹਾ ਕਿ ਜਲੰਧਰ ਦੀ ਪਹਿਚਾਣ ਸਿਰਫ਼ ਉਦਯੋਗ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਸ਼ਹਿਰ ਖੇਡ ਸਮਾਨ ਨਿਰਮਾਣ, ਆਟੋਮੋਬਾਈਲ ਤੇ ਆਟੋ ਪਾਰਟਸ, ਬੱਸ ਬਾਡੀ ਨਿਰਮਾਣ, ਸਿੱਖਿਆ, ਮੈਡੀਕਲ ਸਹੂਲਤਾਂ, ਧਾਰਮਿਕ ਸੈਰ-ਸਪਾਟਾ, ਸੰਗੀਤ, ਸਾਹਿਤ ਤੇ ਪੰਜਾਬੀ ਸੱਭਿਆਚਾਰ ਦੇ ਖੇਤਰ ’ਚ ਵੀ ਮਹੱਤਵਪੂਰਨ ਸਥਾਨ ਰੱਖਦਾ ਹੈ। ਉਨ੍ਹਾਂ ਨੇ ਜਲੰਧਰ ਦੇ ਖੇਡ ਉਦਯੋਗ ਨੂੰ ਇੰਡਸਟਰੀਅਲ ਤੇ ਸਪੋਰਟਸ ਟੂਰਿਜ਼ਮ ਨਾਲ ਜੋੜਨ, ਉਦਯੋਗਿਕ ਵਿਰਾਸਤ ਤੇ ਆਧਾਰਿਤ ਮਿਊਜ਼ੀਅਮ ਵਿਕਸਤ ਕਰਨ ਤੇ ਦੇਸ਼-ਵਿਦੇਸ਼ ਤੋਂ ਵਿਦਿਆਰਥੀਆਂ, ਤਕਨੀਕੀ ਮਾਹਿਰਾਂ ਤੇ ਵਪਾਰਕ ਪ੍ਰਤੀਨਿਧ ਮੰਡਲਾਂ ਨੂੰ ਆਕਰਸ਼ਿਤ ਕਰਨ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ। ਮੈਮੋਰੈਂਡਮ ’ਚ ਦੇਵੀ ਤਲਾਬ ਮੰਦਰ ਨੂੰ ਵੀ ਰਾਸ਼ਟਰੀ ਆਧਿਆਤਮਿਕ ਸੈਰ-ਸਪਾਟਾ ਨਕਸ਼ੇ ਤੇ ਪ੍ਰਮੁੱਖ ਸਥਾਨ ਦਿਵਾਉਣ ਤੇ ਜਲੰਧਰ ਦੀ ਅਮੀਰ ਸੰਗੀਤਕ ਤੇ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਤ ਕਰਨ ਦੀ ਮੰਗ ਕੀਤੀ ਗਈ। ਤ੍ਰੇਹਨ ਨੇ ਜਲੰਧਰ-ਕਪੂਰਥਲਾ ਖੇਤਰ ਦੀ ਰੇਲਵੇ ਤੇ ਉਦਯੋਗਿਕ ਵਿਰਾਸਤ, ਸਿੱਖਿਆ ਸੰਸਥਾਵਾਂ, ਮੈਡੀਕਲ ਸਹੂਲਤਾਂ ਤੇ ਖੇਡ ਢਾਂਚੇ ਨੂੰ ਵੀ ਸੈਰ-ਸਪਾਟਾ ਵਿਕਾਸ ਨਾਲ ਜੋੜਨ ਦਾ ਸੁਝਾਅ ਦਿੱਤਾ।