ਜਲੰਧਰ ਆਰਟੀਓ ਦਫ਼ਤਰ ਦੀ ਲਾਪਰਵਾਹੀ : ਡਰਾਈਵਿੰਗ ਲਾਇਸੈਂਸਾਂ ਦੀ ਪੈਂਡੈਂਸੀ 1600 ਤੋਂ ਪਾਰ, ਲੋਕ ਪਰੇਸ਼ਾਨ
ਜਲੰਧਰ ਦੇ ਆਰਟੀਓ ਦਫ਼ਤਰ ਵਿੱਚ ਡਰਾਈਵਿੰਗ ਲਾਇਸੈਂਸ ਨਾਲ ਜੁੜੀਆਂ ਪਰੇਸ਼ਾਨੀਆਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਲਾਇਸੈਂਸ ਅਪਰੂਵਲ ਦੀ ਪੈਂਡੈਂਸੀ ਹੁਣ 1600 ਤੋਂ ਪਾਰ ਪਹੁੰਚਣ ਦੀ ਗੱਲ ਸਾਹਮਣੇ ਆ ਰਹੀ ਹੈ
Publish Date: Wed, 12 Aug 2026 11:46 AM (IST)
Updated Date: Wed, 12 Aug 2026 11:53 AM (IST)
ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਆਰਟੀਓ ਦਫ਼ਤਰ ਵਿੱਚ ਡਰਾਈਵਿੰਗ ਲਾਇਸੈਂਸ ਨਾਲ ਜੁੜੀਆਂ ਪਰੇਸ਼ਾਨੀਆਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਲਾਇਸੈਂਸ ਅਪਰੂਵਲ ਦੀ ਪੈਂਡੈਂਸੀ ਹੁਣ 1600 ਤੋਂ ਪਾਰ ਪਹੁੰਚਣ ਦੀ ਗੱਲ ਸਾਹਮਣੇ ਆ ਰਹੀ ਹੈ, ਜਿਸ ਕਾਰਨ ਰੋਜ਼ਾਨਾ ਵੱਡੀ ਗਿਣਤੀ ਵਿੱਚ ਬਿਨੈਕਾਰਾਂ ਨੂੰ ਆਪਣੇ ਲਾਇਸੈਂਸ ਲਈ ਇੰਤਜ਼ਾਰ ਕਰਨਾ ਪੈ ਰਿਹਾ ਹੈ। ਆਨਲਾਈਨ ਪ੍ਰਕਿਰਿਆ ਪੂਰੀ ਕਰਨ ਦੇ ਬਾਵਜੂਦ ਅਪਰੂਵਲ ਲਈ ਫਾਈਲਾਂ ਲੰਬਿਤ ਰਹਿਣ ਕਾਰਨ ਲੋਕਾਂ ਨੂੰ ਵਾਰ-ਵਾਰ ਦਫ਼ਤਰ ਅਤੇ ਸਬੰਧਤ ਸਿਸਟਮ ਦੇ ਚੱਕਰ ਲਗਾਉਣੇ ਪੈ ਰਹੇ ਹਨ।
ਪੈਂਡੈਂਸੀ ਦਾ ਮੁੱਦਾ ਵਿਭਾਗੀ ਜਾਂਚ ਦਾ ਵਿਸ਼ਾ ਸੂਤਰਾਂ ਮੁਤਾਬਕ ਸਾਬਕਾ ਏਆਰਟੀਓ ਗੋਇਲ ਦੇ ਤਬਾਦਲੇ ਤੋਂ ਬਾਅਦ ਲਾਇਸੈਂਸ ਅਪਰੂਵਲ ਨਾਲ ਜੁੜੀ ਪੈਂਡੈਂਸੀ ਵਿਚ ਵਾਧਾ ਹੋਇਆ ਹੈ। ਹਾਲਾਂਕਿ ਪੈਂਡੈਂਸੀ ਵਧਣ ਪਿੱਛੇ ਪ੍ਰਸ਼ਾਸਨਿਕ ਪੱਧਰ ’ਤੇ ਕੀ ਕਾਰਨ ਹਨ, ਇਹ ਵਿਭਾਗੀ ਜਾਂਚ ਦਾ ਵਿਸ਼ਾ ਹੈ ਪਰ 1600 ਤੋਂ ਪਾਰ ਪਹੁੰਚਿਆ ਅੰਕੜਾ ਆਪਣੇ ਆਪ ਵਿੱਚ ਹੀ ਵਿਵਸਥਾ ’ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਬਿਨੈ ਦੀ ਪ੍ਰਕਿਰਿਆ ਆਨਲਾਈਨ ਹੈ ਅਤੇ ਟੈਸਟ ਵੀ ਨਿਰਧਾਰਤ ਪ੍ਰਕਿਰਿਆ ਅਨੁਸਾਰ ਹੋ ਰਹੇ ਹਨ ਤਾਂ ਇਸ ਤੋਂ ਬਾਅਦ ਲਾਇਸੈਂਸ ਅਪਰੂਵਲ ਦੇ ਪੱਧਰ ’ਤੇ ਇੰਨੀ ਵੱਡੀ ਗਿਣਤੀ ਵਿੱਚ ਅਰਜ਼ੀਆਂ ਪੈਂਡਿੰਗ ਕਿਉਂ ਹਨ? ਬਿਨੈਕਾਰਾਂ ਨੂੰ ਇਹ ਵੀ ਸਪੱਸ਼ਟ ਨਹੀਂ ਹੋ ਰਿਹਾ ਕਿ ਉਨ੍ਹਾਂ ਦੀ ਫਾਈਲ ਕਿਸ ਪੱਧਰ ’ਤੇ ਅਟਕੀ ਹੋਈ ਹੈ ਅਤੇ ਉਸ ਨੂੰ ਅਪਰੂਵ ਹੋਣ ਵਿੱਚ ਹੋਰ ਕਿੰਨਾ ਸਮਾਂ ਲੱਗੇਗਾ।
ਇਕ ਏਆਰਟੀਓ ਦੇ ਭਰੋਸੇ ਜਲੰਧਰ ਜਾਣਕਾਰੀ ਮੁਤਾਬਕ ਇੱਕ ਹੀ ਏਆਰਟੀਓ ਕਮਲੇਸ਼ ਕੁਮਾਰੀ ਕੋਲ ਜਲੰਧਰ ਅਤੇ ਨਵਾਂਸ਼ਹਿਰ ਦਾ ਵਾਧੂ ਚਾਰਜ ਹੈ। ਉਹ ਦੋ ਦਿਨ ਜਲੰਧਰ ਅਤੇ ਤਿੰਨ ਦਿਨ ਨਵਾਂਸ਼ਹਿਰ ਵਿੱਚ ਡਿਊਟੀ ਨਿਭਾ ਰਹੀ ਹੈ।
ਜਲਦ ਕਲੀਅਰ ਹੋਵੇਗੀ ਪੈਂਡੈਂਸੀ : ਕਮਲੇਸ਼ ਕੁਮਾਰੀ ਇਸ ਸਬੰਧੀ ਏਆਰਟੀਓ ਕਮਲੇਸ਼ ਕੁਮਾਰੀ ਨੇ ਕਿਹਾ ਕਿ ਲਾਇਸੈਂਸ ਅਪਰੂਵਲ ਦੀ ਪੈਂਡੈਂਸੀ 1600 ਤੋਂ ਵੱਧ ਹੋਣਾ ਸੰਭਵ ਨਹੀਂ ਹੈ। ਫਿਲਹਾਲ ਉਨ੍ਹਾਂ ਦੀ ਡਿਊਟੀ ਤਿੰਨ ਦਿਨਾਂ ਲਈ ਨਵਾਂਸ਼ਹਿਰ ਵਿਚ ਹੈ। ਅਗਲੇ ਹਫ਼ਤੇ ਜਲੰਧਰ ਦਫ਼ਤਰ ਪਹੁੰਚ ਕੇ ਉਹ ਖੁਦ ਪੈਂਡੈਂਸੀ ਦੀ ਸਥਿਤੀ ਚੈੱਕ ਕਰਨਗੇ। ਜੇਕਰ ਪੈਂਡੈਂਸੀ ਹੈ ਤਾਂ ਉਸ ਨੂੰ ਜਲਦ ਤੋਂ ਜਲਦ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।