ਇਸ ਗੱਲ ਦਾ ਖੁਲਾਸਾ ਉਸ ਵੇਲੇ ਹੋਇਆ ਜਦ ਪੁਲਿਸ ਵੱਲੋਂ ਇਸ ਮਾਮਲੇ ਦੇ ਦੋ ਮੁਲਜ਼ਮਾਂ ਨੂੰ ਯੂਪੀ ਤੋਂ ਗਿਰਫਤਾਰ ਕਰਕੇ ਉਨਾਂ ਨੂੰ ਪੁਲਿਸ ਰਿਮਾਂਡ ਤੇ ਲੈ ਕੇ ਪੁੱਛਗਿਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਤੀ ਪਤਨੀ ਵੱਲੋਂ ਹੀ ਇਨਸ਼ੋਰੈਂਸ ਦਾ ਕਲੇਮ ਹੜਪਣ ਲਈ ਉਕਤ ਸਾਜ਼ਿਸ਼ ਰਚੀ ਗਈ ਸੀ।

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਸੱਤ ਦੀ ਹੱਦ ’ਚ ਪੈਂਦੇ ਅਰਬਨ ਸਟੇਟ ’ਚ ਪਿਛਲੇ ਦਿਨੀ ਹੋਈ ਲੁੱਟ ਦੇ ਮਾਮਲੇ ’ਚ ਇਕ ਮਹੱਤਵਪੂਰਨ ਖੁਲਾਸਾ ਹੋਇਆ ਹੈ। ਜਿਸ ’ਚ ਮੁਦਈ ਨੇ ਹੀ ਆਪਣੇ ਮੁਲਾਜ਼ਮਾਂ ਕੋਲੋਂ ਪਰਸ ਝਪਟਾ ਸਾਜਿਸ਼ ਰਚ ਕੇ ਉਕਤ ਲੁੱਟ ਦੀ ਵਾਰਦਾਤ ਦਾ ਰੋਲਾ ਪਾਇਆ ਸੀ।
ਬੈਗ ’ਚ ਨਾ ਤਾਂ ਰੁਪਈਆ ਸੀ ਤੇ ਨਾ ਹੀ ਕੋਈ ਲੁੱਟ ਹੋਈ ਸੀ। ਇਸ ਗੱਲ ਦਾ ਖੁਲਾਸਾ ਉਸ ਵੇਲੇ ਹੋਇਆ ਜਦ ਪੁਲਿਸ ਵੱਲੋਂ ਇਸ ਮਾਮਲੇ ਦੇ ਦੋ ਮੁਲਜ਼ਮਾਂ ਨੂੰ ਯੂਪੀ ਤੋਂ ਗਿਰਫਤਾਰ ਕਰਕੇ ਉਨਾਂ ਨੂੰ ਪੁਲਿਸ ਰਿਮਾਂਡ ਤੇ ਲੈ ਕੇ ਪੁੱਛਗਿਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਤੀ ਪਤਨੀ ਵੱਲੋਂ ਹੀ ਇਨਸ਼ੋਰੈਂਸ ਦਾ ਕਲੇਮ ਹੜਪਣ ਲਈ ਉਕਤ ਸਾਜ਼ਿਸ਼ ਰਚੀ ਗਈ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ 6 ਫਰਵਰੀ ਨੂੰ ਥਾਣਾ ਨੰਬਰ ਸੱਤ ਦੀ ਪੁਲਿਸ ਨੂੰ ਪ੍ਰੀਆ ਵਰਮਾ ਪਤਨੀ ਰਾਮਾਨੰਦ ਵਰਮਾ ਵਾਸੀ ਬੈਂਕ ਇਨਕਲੇਵ ਨੇ ਸ਼ਿਕਾਇਤ ਦਿੱਤੀ ਸੀ ਕੀ ਉਹ ਬੈਂਕ ’ਚੋਂ 19 ਲੱਖ 10 ਹਜਾਰ ਕਢਵਾ ਕੇ ਕਿਸੇ ਨੂੰ ਦੇਣ ਲਈ ਅਰਬਨ ਸਟੇਟ ਆਏ ਸਨ ਜਦ ਉਹ ਅਰਬਨ ਸਟੇਟ ਪਹੁੰਚੇ ਤਾਂ ਉਹ ਗੱਡੀ ’ਚੋਂ ਹੇਠਾਂ ਉਤਰ ਗਈ ਤੇ ਉਸਦਾ ਪਤੀ ਗੱਡੀ ਸਾਈਡ ’ਤੇ ਲਗਾੳਣ ਲੱਗ ਪਿਆ। ਇਸ ਦੌਰਾਨ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਉਸ ਦੇ ਹੱਥ ’ਚ ਫੜਿਆ ਨੋਟਾਂ ਵਾਲਾ ਬੈਗ ਖੋਹ ਲਿਆ ਤੇ ਮੌਕੇ ਤੋਂ ਭੱਜ ਗਏ।
ਪੁਲਿਸ ਨੇ ਪ੍ਰੀਆ ਵਰਮਾ ਦੇ ਬਿਆਨਾਂ ’ਤੇ ਧਾਰਾ 304(2) 3 (5) ਬੀਐੱਨਐੱਸ ਤਹਿਤ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਥਾਣਾ ਸੱਤ ਦੇ ਮੁਖੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਤੇ ਏਐੱਸਆਈ ਸਤਪਾਲ ਸਿੰਘ ਨੇ ਸ਼ੁਰੂ ਕੀਤੀ। ਪੁਲਿਸ ਵੱਲੋਂ ਖੁਫੀਆ ਸੂਤਰਾਂ ਤੇ ਟੈਕਨੀਕਲ ਢੰਗ ਨਾਲ ਕੀਤੀ ਗਈ ਜਾਂਚ ਤੋਂ ਬਾਅਦ ਇਸ ਮਾਮਲੇ ਦੇ ਦੋ ਮੁਲਜਮ ਭੀਮਾ ਉਰਫ ਫੁੱਲ ਕੁਮਾਰ ਵਾਸੀ ਯੂਪੀ ਹਾਲਵਾਸੀ ਖੁਰਲਾ ਕਿੰਗਰਾ ਤੇ ਅਬੀ ਵਾਸੀ ਯੂਪੀ ਹਾਲ ਵਾਸੀ ਖੁਰਲਾ ਕਿਗਰਾ ਨੂੰ 13 ਫਰਵਰੀ ਨੂੰ ਯੂਪੀ ਤੋਂ ਗਿਰਫਤਾਰ ਕਰਕੇ ਵਾਰਦਤ ’ਚ ਵਰਤਿਆ ਗਿਆ ਮੋਟਰਸਾਈਕਲ ਜੋ ਕਿ ਉਹ ਬੱਸ ਉੱਪਰ ਰੱਖ ਕੇ ਯੂਪੀ ਲੈ ਗਏ ਸਨ ਵੀ ਬਰਾਮਦ ਕਰ ਲਿਆ।
ਉਨਾਂ ਨੂੰ 14 ਫਰਵਰੀ ਨੂੰ ਅਦਾਲਤ ’ਚ ਪੇਸ਼ ਕਰਕੇ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਲੈ ਕੇ ਜਦ ਪੁੱਛਗਿਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕੀ ਉਹ ਦੋਵੇਂ ਪ੍ਰੀਆ ਵਰਮਾ ਤੇ ਰਾਮਾਨੰਦ ਵਰਮਾ ਕੋਲ ਕੰਮ ਕਰਦੇ ਹਨ। ਉਹਨਾਂ ਨੇ ਇਨਸ਼ੋਰੈਂਸ ਦਾ ਕਲੇਮ ਲੈਣ ਲਈ ਉਕਤ ਲੁੱਟ ਦਾ ਡਰਾਮਾ ਕੀਤਾ ਸੀ ਜੋ ਬੈਗ ਉਨ੍ਹਾਂ ਵੱਲੋਂ ਖੋਹਿਆ ਗਿਆ ਸੀ ਉਸ ’ਚ ਕੋਈ ਪੈਸਾ ਨਹੀਂ ਸੀ ਕੇਵਲ ਅਖਬਾਰਾਂ ਦੀ ਰਦੀ ਸੀ। ਉਨ੍ਹਾਂ ਨੇ ਕੁਝ ਦੂਰੀ ’ਤੇ ਹੀ ਬੈਗ ਨੂੰ ਸੁੱਟ ਦਿੱਤਾ ਤੇ ਖੁਦ ਜਾ ਕੇ ਲੁਕ ਗਏ।
ਜਦ ਪ੍ਰੀਆ ਵਰਮਾ ਨੂੰ ਇਸ ਗੱਲ ਦਾ ਪਤਾ ਲੱਗਾ ਕੀ ਪੁਲਿਸ ਉਨ੍ਹਾਂ ਨੂੰ ਕਾਬੂ ਕਰ ਸਕਦੀ ਹੈ ਤਾਂ ਉਸਨੇ ਉਨ੍ਹਾਂ ਨੂੰ 7000 ਰੁਪਏ ਦੇ ਕੇ ਪਿੰਡ ਭੇਜ ਦਿੱਤਾ। ਏਡੀਸੀਪੀ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ’ਚ ਪ੍ਰੀਆ ਵਰਮਾ ਤੇ ਰਾਮਾਨੰਦ ਵਰਮਾ ਨੂੰ ਵੀ ਨਾਮਜ਼ਦ ਕਰ ਲਿਆ ਹੈ। ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਨਕਦੀ ਦੀ ਬਰਾਮਦਗੀ ਕੀਤੀ ਜਾਵੇਗੀ।