- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵਾਨ ਜਗਨਨਾਥ ਦੇ ਜੈਕਾਰੀਆਂ ਨਾਲ ਗੁੰਜਿਆ ਜਲੰਧਰ

-ਭਗਵਾਨ ਜਗਨਨਾਥ ਰੱਥ ਯਾਤਰਾ ਦੌਰਾਨ ਹਜ਼ਾਰਾਂ ਸ਼ਰਧਾਲੂਆਂ ’ਚ ਦਿਸਿਆ ਉਤਸ਼ਾਹ
ਸ਼ੈਲੀ, ਪੰਜਾਬੀ ਜਾਗਰਣ ਜਲੰਧਰ : ਤੀਰਥ ਜਗਨਨਾਥ ਸੇਵਾ ਸੰਮਤੀ, ਜਲੰਧਰ ਵੱਲੋਂ ਭਗਵਾਨ ਜਗਨਨਾਥ ਰਥ ਯਾਤਰਾ 2026 ਸ਼ਾਨਦਾਰ ਢੰਗ ਨਾਲ ਸਜਾਈ ਗਈ। ਇਸ ਇਤਿਹਾਸਕ ਸ਼ੋਭਾ ਯਾਤਰਾ ’ਚ ਸ਼ਹਿਰ ਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਹਜ਼ਾਰਾਂ ਸ਼ਰਧਾਲੂ ਸ਼ਾਮੂਲ ਹੋਏ। ਭਗਵਾਨ ਜਗਨਨਾਥ, ਭਗਵਾਨ ਬਲਭੱਦਰ ਤੇ ਦੇਵੀ ਸੁਭੱਦਰਾ ਦੀ ਰਥ ਯਾਤਰਾ ਨੇ ਪੂਰੇ ਸ਼ਹਿਰ ਨੂੰ ਭਗਤੀ, ਸੱਭਿਆਚਾਰਕ ਏਕਤਾ ਤੇ ਸਮਾਜਿਕ ਸਾਂਝ ਦੇ ਰੰਗ ’ਚ ਰੰਗਿਆ। ਭਗਵਾਨ ਜਗਨਨਾਥ ਰਥ ਯਾਤਰਾ ਦੌਰਾਨ ਸਾਰਾ ਸ਼ਹਿਰ ਭਗਵਾਨ ਜਗਨਨਾਥ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਰਥ ਯਾਤਰਾ ਦੀ ਸ਼ੁਰੂਆਤ ਦੁਪਹਿਰੇ ਕਰੀਬ 3 ਵਜੇ ਕੰਪਨੀ ਬਾਗ ਚੌਕ (ਸ਼੍ਰੀ ਰਾਮ ਚੌਕ) ਤੋਂ ਹੋਈ। ਭਗਵਾਨ ਜਗਨਨਾਥ, ਭਗਵਾਨ ਬਲਭੱਦਰ ਤੇ ਦੇਵੀ ਸੁਭੱਦਰਾ ਦੇ ਦਿਵਿਆ ਰਥ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਰਹੀ।
ਇਸ ਦੌਰਾਨ ਦੂਰ-ਦੂਰ ਤੋਂ ਸ਼ਰਧਾਲੂਆਂ ਨੇ ਇਸ ਯਾਤਰਾ ’ਚ ਹਿੱਸਾ ਲਿਆ। ਵੈਦਿਕ ਮੰਤਰ ਉਚਾਰਣ, ਭਗਤੀ ਭਜਨਾਂ, ਫੁੱਲਾਂ ਦੀ ਵਰਖਾ ਤੇ ਜੈ ਜਗਨਨਾਥ ਦੇ ਗੂੰਜਦੇ ਜੈਕਾਰਿਆਂ ਦੌਰਾਨ ਰਥ ਯਾਤਰਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦੀ ਹੋਈ ਸਾਈਂ ਦਾਸ ਸਕੂਲ ਗਰਾਊਂਡ ਪੁੱਜੀ, ਜਿੱਥੇ ਧਾਰਮਿਕ ਰਸਮਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ। ਪਟੇਲ ਚੌਕ ’ਚ ਰਥ ਯਾਤਰਾ ਦਾ ਵਿਸ਼ੇਸ਼ ਸਵਾਗਤ ਕੀਤਾ।
ਇੱਥੇ ਧਾਰਮਿਕ ਸੰਸਥਾਵਾਂ, ਸਮਾਜਿਕ ਜਥੇਬੰਦੀਆਂ, ਵਪਾਰਕ ਵਰਗ, ਨੌਜਵਾਨ ਗਰੁੱਪਾਂ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰਕੇ ਭਗਵਾਨ ਜਗਨਨਾਥ ਦਾ ਸਵਾਗਤ ਕੀਤਾ। ਪੂਰੇ ਰਸਤੇ ਦੌਰਾਨ ਸ਼ਰਧਾਲੂ ਭਜਨ-ਕੀਰਤਨ ਕਰਦੇ, ਨੱਚਦੇ ਅਤੇ ਭਗਵਾਨ ਦੇ ਜੈਕਾਰਿਆਂ ਨਾਲ ਮਾਹੌਲ ਨੂੰ ਭਗਤੀਮਈ ਬਣਾਉਂਦੇ ਨਜ਼ਰ ਆਏ। ਇਸ ਮੌਕੇ ਕਈ ਪ੍ਰਮੁੱਖ ਸ਼ਖਸੀਅਤਾਂ ਅਤੇ ਜਨ ਪ੍ਰਤੀਨਿਧੀਆਂ ਨੇ ਆਪਣੀ ਹਾਜ਼ਰੀ ਲਗਵਾਈ। ਇਨ੍ਹਾਂ ਵਿੱਚ ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ, ਡੀਸੀ ਵਰਜੀਤ ਵਾਲੀਆ, ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਜਲੰਧਰ ਦੇ ਮੇਅਰ ਵਨੀਤ ਧੀਰ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ, ਨਿਤਿਨ ਕੋਹਲੀ ਕੌਂਸਲਰ ਅਸ਼ਵਨੀ ਅਗਰਵਾਲ, ਸਮਾਜ ਸੇਵੀ, ਧਾਰਮਿਕ ਆਗੂ ਤੇ ਸ਼ਰਧਾਲੂ ਮੌਜੂਦ ਰਹੇ। ਇਸ ਮੌਕੇ ਮੇਅਰ ਵਨੀਤ ਧੀਰ ਨੇ ਕਿਹਾ ਕਿ ਜਲੰਧਰ ਵਿੱਚ ਇੰਨੀ ਭਵਿਆ ਭਗਵਾਨ ਜਗਨਨਾਥ ਰਥ ਯਾਤਰਾ ਕਰਵਾਉਣਾ ਪੂਰੇ ਸ਼ਹਿਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਾਮਨਾ ਕੀਤੀ ਕਿ ਭਗਵਾਨ ਜਗਨਨਾਥ ਦੀ ਕਿਰਪਾ ਸ਼ਹਿਰ ਵਾਸੀਆਂ ’ਤੇ ਸਦਾ ਬਣੀ ਰਹੇ ਅਤੇ ਇਹ ਰਥ ਯਾਤਰਾ ਹਰ ਸਾਲ ਇੱਕ ਪਰੰਪਰਾ ਵਜੋਂ ਮਨਾਈ ਜਾਵੇ।
ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਇਸ ਮੌਕੇ ਨੂੰ ਜਲੰਧਰ ਵਾਸੀਆਂ ਲਈ ਵੱਡਾ ਸੁਭਾਗ ਦੱਸਦਿਆਂ ਸੂਬੇ ਤੇ ਦੇਸ਼ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਨਿਤਿਨ ਕੋਹਲੀ ਨੇ ਕਿਹਾ ਕਿ ਪਹਿਲੀ ਵਾਰ ਕਰਵਾਈ ਇਸ ਰਥ ਯਾਤਰਾ ਨੂੰ ਲੋਕਾਂ ਵੱਲੋਂ ਬੇਹੱਦ ਪਿਆਰ ਅਤੇ ਸਮਰਥਨ ਮਿਲਿਆ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਇਹ ਸਮਾਗਮ ਹੋਰ ਵੀ ਰੂਹਾਨੀ ਰੂਪ ਧਾਰੇਗਾ। ਰਥ ਯਾਤਰਾ ਦੇ ਸਫਲ ਆਯੋਜਨ ਵਿੱਚ ਤੀਰਥ ਜਗਨਨਾਥ ਸੇਵਾ ਸੰਮਤੀ ਦੇ ਮੈਂਬਰਾਂ ਅਤੇ ਵਲੰਟੀਅਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਨ੍ਹਾਂ ਵਿੱਚ ਨਿਸ਼ਾਂਤ ਧੀਰ, ਅੰਗਦ ਤਲਵਾਰ, ਅਭੈ ਠੁਕਰਾਲ, ਸ਼ੁਭਮ ਕਪੂਰ, ਸੁਸ਼ਾਂਤ ਖੇੜਾ, ਅੰਬਰੀਸ਼ ਕਸ਼ਯਪ ਤੇ ਖਿਆਤੀ ਕੋਹਲੀ ਸਮੇਤ ਪੂਰੀ ਟੀਮ ਨੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਸੰਭਾਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸ਼ਾਮ ਵੇਲੇ ਧਾਰਮਿਕ ਪ੍ਰੋਗਰਾਮ ਆਪਣੇ ਚਰਮ ’ਤੇ ਪੁੱਜੇ, ਜਦੋਂ ਰਾਤ 8 ਵਜੇ ਭਗਵਾਨ ਜਗਨਨਾਥ ਨੂੰ 56 ਭੋਗ ਅਰਪਿਤ ਕੀਤਾ ਗਿਆ, ਜਿਸ ਤੋਂ ਬਾਅਦ ਰਾਤ 8:30 ਵਜੇ ਭਵਿਆ ਮਹਾ ਆਰਤੀ ਦਾ ਆਯੋਜਨ ਕੀਤਾ ਗਿਆ।
ਹਜ਼ਾਰਾਂ ਸ਼ਰਧਾਲੂਆਂ ਨੇ ਇਕੱਠੇ ਹੋ ਕੇ ਮਹਾ ਆਰਤੀ ’ਚ ਹਿੱਸਾ ਲਿਆ ਤੇ ਵੇਦਿਕ ਮੰਤਰਾਂ, ਭਗਤੀ ਸੰਗੀਤ ਅਤੇ ਅਰਦਾਸਾਂ ਨਾਲ ਸਾਰਾ ਮਾਹੌਲ ਆਧਿਆਤਮਿਕ ਊਰਜਾ ਨਾਲ ਭਰ ਗਿਆ। ਇਸ ਤੋਂ ਬਾਅਦ ਸ਼ਰਧਾਲੂਆਂ ਵਿੱਚ ਭਗਵਾਨ ਜਗਨਨਾਥ ਦਾ ਮਹਾਪ੍ਰਸਾਦ ਵੰਡਿਆ ਗਿਆ। ਰਾਤ 9 ਵਜੇ ਸਮਾਗਮ ਦਾ ਸਮਾਪਨ ਅੰਗਦ ਤਲਵਾਰ ਵੱਲੋਂ ਕਰਵਾਏ ਗਏ ਵਿਸ਼ੇਸ਼ ਭਜਨ ਕਲੱਬਿੰਗ ਸੈਸ਼ਨ ਨਾਲ ਹੋਇਆ। ਜਲੰਧਰ ਵਿੱਚ ਨੌਜਵਾਨਾਂ ਨੂੰ ਆਧਿਆਤਮਿਕਤਾ ਨਾਲ ਜੋੜਨ ਲਈ ਮਸ਼ਹੂਰ ਇਸ ਵਿਲੱਖਣ ਪਹਿਲ ਵਿੱਚ ਹਰ ਉਮਰ ਵਰਗ ਦੇ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਭਗਤੀ ਸੰਗੀਤ ਤੇ ਆਧਿਆਤਮਿਕ ਮਾਹੌਲ ਨੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਪ੍ਰਬੰਧਕਾਂ ਨੇ ਇਸ ਮੌਕੇ ਸਾਰੇ ਸ਼ਰਧਾਲੂਆਂ, ਵਲੰਟੀਅਰਾਂ, ਜਨ ਪ੍ਰਤੀਨਿਧੀਆਂ, ਸਮਾਜਿਕ ਸੰਸਥਾਵਾਂ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸ਼ਹਿਰ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਗਵਾਨ ਜਗਨਨਾਥ ਰਥ ਯਾਤਰਾ ਸਿਰਫ਼ ਧਾਰਮਿਕ ਸ਼ੋਭਾ ਯਾਤਰਾ ਨਹੀਂ, ਸਗੋਂ ਆਸਥਾ, ਸੇਵਾ, ਏਕਤਾ ਤੇ ਭਾਰਤ ਦੀ ਸਨਾਤਨ ਸੱਭਿਆਚਾਰਕ ਵਿਰਾਸਤ ਦਾ ਮਹਾਉਤਸਵ ਹੈ, ਜੋ ਸਮਾਜ ਦੇ ਹਰ ਵਰਗ ਨੂੰ ਇਕ ਸੂਤਰ ’ਚ ਜੋੜਦਾ ਹੈ। ਭਗਵਾਨ ਜਗਨਨਾਥ ਰਥ ਯਾਤਰਾ 2026 ਦਾ ਸਮਾਪਨ ਵਿਸ਼ਵ ਸ਼ਾਂਤੀ, ਸਮਾਜਿਕ ਸਦਭਾਵਨਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਇਆ।