ਪੁਰਸ਼ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਦੀ ਮੇਜ਼ਬਾਨੀ ਲਈ ਜਲੰਧਰ ਤਿਆਰ ਪੁਰਸ਼ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਦੀ ਮੇਜ਼ਬਾਨੀ ਲਈ ਜਲੰਧਰ ਤਿਆਰ
Publish Date: Mon, 19 Oct 2026 07:58 PM (IST)
Updated Date: Mon, 19 Oct 2026 08:00 PM (IST)
27 ਅਕਤੂਬਰ ਨੂੰ ਹੋਣ ਵਾਲੇ ਸ਼ਾਨਦਾਰ ਉਦਘਾਟਨ ਤੋਂ ਪਹਿਲਾਂ ਡੀਸੀ ਨੇ ਤਿਆਰੀਆਂ ਦਾ ਲਿਆ ਜਾਇਜ਼ਾ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : 27 ਅਕਤੂਬਰ ਤੋਂ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋਣ ਵਾਲੀ ਵੱਕਾਰੀ ਪੁਰਸ਼ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਦੀ ਮੇਜ਼ਬਾਨੀ ਲਈ ਜਲੰਧਰ ਪੂਰੀ ਤਰ੍ਹਾਂ ਤਿਆਰ ਹੈ। ਇਸ ਅਹਿਮ ਕੌਮਾਂਤਰੀ ਟੂਰਨਾਮੈਂਟ ਲਈ ਚੱਲ ਰਹੀਆਂ ਤਿਆਰੀਆਂ ਦਾ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਜਾਇਜ਼ਾ ਲਿਆ, ਜਿਸ ’ਚ ਏਸ਼ੀਆ ਖੇਤਰ ਦੀਆਂ ਚੋਟੀ ਦੀਆਂ ਕੌਮੀ ਟੀਮਾਂ ਵੱਕਾਰੀ ਖਿਤਾਬ ਜਿੱਤਣ ਲਈ ਮੁਕਾਬਲਾ ਕਰਨਗੀਆਂ। ਉਨ੍ਹਾਂ ਨੇ ਖਾਸ ਤੌਰ ਤੇ ਹਾਕੀ ਸਟੇਡੀਅਮ ਦੇ ਨਵੀਨੀਕਰਨ ਨਾਲ ਸਬੰਧਤ ਚੱਲ ਰਹੇ ਸਾਰੇ ਕੰਮਾਂ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਿਸ਼ਵ ਖੇਡ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਇਸ ਕੌਮਾਂਤਰੀ ਖੇਡ ਸਮਾਗਮ ਨੂੰ ਸੁਚਾਰੂ ਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਇੱਥੇ ਆਉਣ ਵਾਲੀਆਂ ਟੀਮਾਂ ਤੇ ਹਾਕੀ ਪ੍ਰਸ਼ੰਸਕਾਂ ਦੋਵਾਂ ਨੂੰ ਵਿਸ਼ਵ ਪੱਧਰੀ ਤਜਰਬਾ ਪ੍ਰਦਾਨ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਟੂਰਨਾਮੈਂਟ ਦੀ ਸ਼ੁਰੂਆਤ 27 ਅਕਤੂਬਰ ਨੂੰ ਹੋਵੇਗੀ, ਜਿਸ ’ਚ ਮਲੇਸ਼ੀਆ ਦਾ ਮੁਕਾਬਲਾ ਚੀਨ ਨਾਲ ਹੋਵੇਗਾ। ਇਸ ਤੋਂ ਬਾਅਦ ਜਾਪਾਨ ਤੇ ਕੋਰੀਆ ਵਿਚਾਲੇ ਮੈਚ ਖੇਡਿਆ ਜਾਵੇਗਾ। ਮੇਜ਼ਬਾਨ ਭਾਰਤ ਤੇ ਬੰਗਲਾਦੇਸ਼ ਵਿਚਕਾਰ ਹੋਣ ਵਾਲੇ ਮੈਚ ਤੋਂ ਪਹਿਲਾਂ ਉਦਘਾਟਨੀ ਸਮਾਗਮ ਹੋਵੇਗਾ। ਪੂਲ ਮੈਚ 2 ਨਵੰਬਰ ਤੱਕ ਜਲੰਧਰ ’ਚ ਚੱਲਣਗੇ, ਜਿਸ ਤੋਂ ਬਾਅਦ 4 ਤੇ 5 ਨਵੰਬਰ ਨੂੰ ਸੈਮੀਫਾਈਨਲ ਤੇ ਮੈਡਲਾਂ ਲਈ ਮੁਕਾਬਲੇ ਮੋਹਾਲੀ ਵਿਖੇ ਹੋਣਗੇ। ਜ਼ਿਕਰਯੋਗ ਹੈ ਕਿ ਇਹ ਟੂਰਨਾਮੈਂਟ 27 ਅਕਤੂਬਰ ਨੂੰ ਜਲੰਧਰ ਵਿਖੇ ਸ਼ੁਰੂ ਹੋਵੇਗਾ। ਉਦਘਾਟਨੀ ਸਮਾਗਮ ਤੋਂ ਬਾਅਦ ਹੋਣ ਵਾਲੇ ਮੁਕਾਬਲਿਆਂ ’ਚ ਮਲੇਸ਼ੀਆ ਦਾ ਮੁਕਾਬਲਾ ਚੀਨ ਨਾਲ, ਜਾਪਾਨ ਦਾ ਕੋਰੀਆ ਨਾਲ ਤੇ ਮੇਜ਼ਬਾਨ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵੇਗਾ। 29 ਅਕਤੂਬਰ ਨੂੰ ਜਲੰਧਰ ’ਚ ਗਰੁੱਪ ਮੈਚ ਮਲੇਸ਼ੀਆ ਬਨਾਮ ਕੋਰੀਆ, ਬੰਗਲਾਦੇਸ਼ ਬਨਾਮ ਜਾਪਾਨ ਤੇ ਭਾਰਤ ਬਨਾਮ ਚੀਨ ਦੇ ਮੁਕਾਬਲਿਆਂ ਨਾਲ ਜਾਰੀ ਰਹਿਣਗੇ। 30 ਅਕਤੂਬਰ ਨੂੰ ਬੰਗਲਾਦੇਸ਼ ਬਨਾਮ ਮਲੇਸ਼ੀਆ, ਕੋਰੀਆ ਬਨਾਮ ਚੀਨ ਤੇ ਜਾਪਾਨ ਬਨਾਮ ਭਾਰਤ ਦੇ ਮੁਕਾਬਲੇ ਹੋਣਗੇ। ਪਹਿਲੀ ਨਵੰਬਰ ਨੂੰ ਕੋਰੀਆ ਬਨਾਮ ਬੰਗਲਾਦੇਸ਼, ਚੀਨ ਬਨਾਮ ਜਾਪਾਨ ਤੇ ਮਲੇਸ਼ੀਆ ਬਨਾਮ ਭਾਰਤ ਦੇ ਮੁਕਾਬਲੇ ਖੇਡੇ ਜਾਣਗੇ। ਇਹ ਸਿਲਸਿਲਾ 2 ਨਵੰਬਰ ਨੂੰ ਚੀਨ ਬਨਾਮ ਬੰਗਲਾਦੇਸ਼, ਜਾਪਾਨ ਬਨਾਮ ਮਲੇਸ਼ੀਆ ਤੇ ਭਾਰਤ ਬਨਾਮ ਕੋਰੀਆ ਦੇ ਮੁਕਾਬਲਿਆਂ ਨਾਲ ਸਮਾਪਤ ਹੋਵੇਗਾ। ਰੈਸਟ ਡੇ ਤੋਂ ਬਾਅਦ 4 ਨਵੰਬਰ ਨੂੰ ਮੈਚ ਮੋਹਾਲੀ ਵਿਖੇ ਹੋਣਗੇ। ਇੱਥੇ ਪੂਲ ’ਚ 5ਵੇਂ ਤੇ 6ਵੇਂ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਵਿਚਕਾਰ ਇਕ ਪਲੇਸਮੈਂਟ ਮੈਚ ਖੇਡਿਆ ਜਾਵੇਗਾ ਤੇ ਨਾਲ ਹੀ ਪੂਲ ’ਚ ਚੋਟੀ ਦੇ ਚਾਰ ਸਥਾਨਾਂ ਤੇ ਰਹੀਆਂ ਟੀਮਾਂ ਵਿਚਕਾਰ ਸੈਮੀਫਾਈਨਲ ਮੁਕਾਬਲੇ ਹੋਣਗੇ। ਇਹ ਚੈਂਪੀਅਨਸ਼ਿਪ 5 ਨਵੰਬਰ ਨੂੰ ਮੋਹਾਲੀ ’ਚ ਕਾਂਸੀ ਤੇ ਸੋਨ ਤਗਮਿਆਂ ਲਈ ਹੋਣ ਵਾਲੇ ਮੁਕਾਬਲਿਆਂ ਨਾਲ ਸਮਾਪਤ ਹੋਵੇਗੀ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਜਲੰਧਰ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਜੁਆਇੰਟ ਕਮਿਸ਼ਨਰ ਨਗਰ ਨਿਗਮ ਜਲੰਧਰ ਮਨਦੀਪ ਕੌਰ, ਜ਼ਿਲਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।