ਨਸ਼ਾ-ਮੁਕਤ ਤੇ ਤੰਦਰੁਸਤ ਪੰਜਾਬ ਲਈ ਦੌੜਿਆ ਜਲੰਧਰ ਨਸ਼ਾ-ਮੁਕਤ ਤੇ ਤੰਦਰੁਸਤ ਪੰਜਾਬ ਲਈ ਦੌੜਿਆ ਜਲੰਧਰ, ਬੱਚੇ ਤੋਂ ਬਜ਼ੁਰਗਾਂ ਤੱਕ ਕੀਤੀ ਸ਼ਮੂਲੀਅਤ
Publish Date: Sun, 23 Aug 2026 10:38 PM (IST)
Updated Date: Sun, 23 Aug 2026 10:39 PM (IST)
‘ਉੱਡਦਾ ਪੰਜਾਬ’ ਦੀ ਤਸਵੀਰ ਨੂੰ ਪਿੱਛੇ ਛੱਡ ਕੇ ਪੰਜਾਬ ਬਣ ਰਿਹੈ ‘ਖੇਡਦਾ-ਦੌੜਦਾ ਪੰਜਾਬ’ : ਸਿਸੋਦੀਆ ਪੰਜਾਬ ਦਾ ਨੌਜਵਾਨ ਨਸ਼ੇ ਨੂੰ ਨਹੀਂ, ਖੇਡਾਂ ਤੇ ਫਿਟਨੈੱਸ ਨੂੰ ਚੁਣ ਰਿਹਾ ਹੈ : ਦੀਪਕ ਬਾਲੀ ਬੱਚੇ ਤੋਂ ਬਜ਼ੁਰਗਾਂ ਤੱਕ ਨੇ ਕੀਤੀ ਸ਼ਮੂਲੀਅਤ ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਨਸ਼ਾ-ਮੁਕਤ ਤੇ ਤੰਦਰੁਸਤ ਪੰਜਾਬ ਲਈ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ਨੂੰ ਅੱਗੇ ਤੋਰਦਿਆਂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਜਲੰਧਰ ’ਚ ‘ਯੂਥ ਰਨ ਪੰਜਾਬ-2026’ ਕਰਵਾਈ ਗਈ। ਇਸ ’ਚ ਪੰਜ ਸਾਲ ਦੇ ਬੱਚੇ ਤੋਂ ਲੈ ਕੇ 85 ਸਾਲ ਦੇ ਬਜ਼ੁਰਗਾਂ ਨੇ ਬਹੁਤ ਹੀ ਜੋਸ਼ੋ-ਖਰੋਸ਼ ਨਾਲ ਹਿੱਸਾ ਲਿਆ। ਇਸ ਮੈਰਾਥਨ ਨੂੰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸਾਰਾ ਜਲੰਧਰ ਹੀ ਦੌੜ ਰਿਹਾ ਹੋਵੇ। ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਇਹ ਸਫਲ ਉਪਰਾਲਾ ਪੰਜਾਬ ਦੇ ਬਦਲ ਰਹੇ ਯੂਥ ਕਲਚਰ ਦਾ ਇਕ ਮਜ਼ਬੂਤ ਪ੍ਰਤੀਕ ਬਣ ਕੇ ਉੱਭਰਿਆ, ਜਿਸ ’ਚ ਹਜ਼ਾਰਾਂ ਦੀ ਗਿਣਤੀ ’ਚ ਨੌਜਵਾਨਾਂ ਤੇ ਖਿਡਾਰੀਆਂ ਨੇ ਇਕੱਠੇ ਦੌੜ ਲਗਾਈ। ‘ਵਾਰ ਅਗੇਂਸਟ ਡਰੱਗਜ਼’ ਮੁਹਿੰਮ ਤਹਿਤ ਕਰਵਾਈ ਗਈ ਇਹ ਮੈਰਾਥਨ ਊਰਜਾ, ਵਿਸ਼ਵਾਸ ਤੇ ਉਮੀਦ ਦਾ ਸਪੱਸ਼ਟ ਸੰਦੇਸ਼ ਦਿੰਦੀ ਹੋਈ ਨੇਪਰੇ ਚੜ੍ਹੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ’ਚ ਪੰਜਾਬ ਦੇ ਨੌਜਵਾਨਾਂ ਨੇ ਨਸ਼ਿਆਂ ਤੇ ਨਿਰਾਸ਼ਾ ਦੀ ਬਜਾਏ ਖੇਡਾਂ, ਫਿਟਨੈੱਸ ਤੇ ਰਚਨਾਤਮਕ ਗਤੀਵਿਧੀਆਂ ਨੂੰ ਚੁਣਿਆ। ਇਹ ਸਮਾਗਮ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਹੋ ਰਹੇ ਬਦਲਾਅ ਨੂੰ ਵੀ ਦਰਸਾਉਂਦਾ ਹੈ। ਪੰਜਾਬ ਆਪਣੇ ਨੌਜਵਾਨਾਂ ਦੀ ਤਾਕਤ ਨਾਲ ‘ਖੇਡਦਾ-ਦੌੜਦਾ ਪੰਜਾਬ’ ਵਜੋਂ ਉੱਭਰ ਰਿਹਾ ਹੈ ਤੇ ਆਪਣੀ ਪੁਰਾਣੀ ‘ਉੱਡਦਾ ਪੰਜਾਬ’ ਵਾਲੀ ਤਸਵੀਰ ਨੂੰ ਪਿੱਛੇ ਛੱਡ ਰਿਹਾ ਹੈ। ਮਨੀਸ਼ ਸਿਸੋਦੀਆ ਤੇ ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਨੇ ਮੈਰਾਥਨ ਨੂੰ ਹਰੀ ਝੰਡੀ ਦਿਖਾਈ। ਜੇਤੂਆਂ ਨੂੰ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਲਈ 11 ਹਜ਼ਾਰ ਰੁਪਏ ਤੱਕ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀਆਂ ਕੁਝ ਝਲਕੀਆਂ ਸਾਂਝੀਆਂ ਕਰਦਿਆਂ ਮਨੀਸ਼ ਸਿਸੋਦੀਆ ਨੇ ਐਕਸ ’ਤੇ ਲਿਖਿਆ ਕਿ ‘ਆਪ’ ਦੇ ਯੂਥ ਵਿੰਗ ਵੱਲੋਂ ਜਲੰਧਰ ’ਚ ਮੈਰਾਥਨ ਕਰਵਾਈ ਗਈ। ਇਹ ਮੈਰਾਥਨ ਸਿਰਫ਼ ਕੁਝ ਕਿਲੋਮੀਟਰ ਦੌੜਨ ਤੱਕ ਸੀਮਤ ਨਹੀਂ ਸੀ, ਸਗੋਂ ਇਹ ਨਸ਼ਿਆਂ, ਨਿਰਾਸ਼ਾ ਅਤੇ ਹਾਰ ਮੰਨਣ ਦੀ ਸੋਚ ਨੂੰ ਪਿੱਛੇ ਛੱਡ ਕੇ ਅੱਗੇ ਵੱਧ ਰਹੇ ਪੰਜਾਬ ਦੀ ਆਵਾਜ਼ ਸੀ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਹ ਨੌਜਵਾਨ ਪੰਜਾਬ ਨੂੰ ‘ਉੱਡਦਾ ਪੰਜਾਬ’ ਦੀ ਪੁਰਾਣੀ ਤਸਵੀਰ ਤੋਂ ਬਦਲ ਕੇ ‘ਖੇਡਦਾ-ਦੌੜਦਾ ਪੰਜਾਬ’ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੈਰਾਥਨ ਕੁਝ ਕਿਲੋਮੀਟਰਾਂ ਤੋਂ ਕਿਤੇ ਵੱਧ ਸੀ। ਇਹ ਉਸ ਪੰਜਾਬ ਦੀ ਆਵਾਜ਼ ਹੈ ਜੋ ਨਸ਼ੇ, ਨਿਰਾਸ਼ਾ ਅਤੇ ਹਾਰ ਮੰਨਣ ਦੀ ਸੋਚ ਨੂੰ ਪਿੱਛੇ ਛੱਡ ਕੇ ਅੱਗੇ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ’ਚ ਖੇਡਾਂ, ਫਿਟਨੈੱਸ ਤੇ ਸਕਾਰਾਤਮਕ ਗਤੀਵਿਧੀਆਂ ਨੂੰ ਚੁਣ ਰਹੇ ਹਨ। ਹਜ਼ਾਰਾਂ ਨੌਜਵਾਨਾਂ ਦੀ ਸ਼ਮੂਲੀਅਤ ਉਨ੍ਹਾਂ ਦੀ ਊਰਜਾ, ਜੋਸ਼ ਤੇ ਸਹੀ ਦਿਸ਼ਾ ’ਚ ਅੱਗੇ ਵਧਣ ਦੇ ਪੱਕੇ ਇਰਾਦੇ ਨੂੰ ਦਰਸਾਉਂਦੀ ਹੈ। ਜਿਹੜੇ ਲੋਕ ਕਦੇ ਪੰਜਾਬ ਨੂੰ ‘ਉੱਡਦਾ ਪੰਜਾਬ’ ਕਹਿੰਦੇ ਸਨ, ਅੱਜ ਉਹ ਪੰਜਾਬ ਨੂੰ ਦੌੜਦਾ, ਖੇਡਦਾ ਤੇ ਅੱਗੇ ਵਧਦਾ ਦੇਖ ਰਹੇ ਹਨ। ਅੱਜ ਇਹ ‘ਦੌੜਦਾ ਪੰਜਾਬ’ ਤੇ ‘ਖੇਡਦਾ ਪੰਜਾਬ’ ਹੈ। ਆਮ ਆਦਮੀ ਪਾਰਟੀ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਦੇ ਸਲਾਹਕਾਰ ਤੇ ਪੰਜਾਬ ਦੇ ਬੁਲਾਰੇ ਦੀਪਕ ਬਾਲੀ ਨੇ ਕਿਹਾ ਕਿ ‘ਯੂਥ ਰਨ ਪੰਜਾਬ-2026’ ਵਰਗੇ ਪ੍ਰੋਗਰਾਮ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੇ ਨਕਾਰਾਤਮਕ ਸੋਚ ਤੋਂ ਦੂਰ ਕਰ ਕੇ ਖੇਡਾਂ, ਫਿਟਨੈੱਸ ਤੇ ਰਚਨਾਤਮਕ ਗਤੀਵਿਧੀਆਂ ਨਾਲ ਜੋੜਨ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੌਜਵਾਨਾਂ ਨੂੰ ਖੇਡਾਂ ਲਈ ਬਿਹਤਰ ਮੌਕੇ ਤੇ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਿੱਖਿਆ ਤੇ ਰੁਜ਼ਗਾਰ ਰਾਹੀਂ ਉਨ੍ਹਾਂ ਨੂੰ ਅੱਗੇ ਵਧਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਜਲੰਧਰ ਦੀਆਂ ਸੜਕਾਂ ’ਤੇ ਹਜ਼ਾਰਾਂ ਨੌਜਵਾਨਾਂ ਦਾ ਜੋਸ਼ ਇਹ ਸੰਦੇਸ਼ ਦੇ ਰਿਹਾ ਹੈ ਕਿ ਪੰਜਾਬ ਦਾ ਨੌਜਵਾਨ ਨਸ਼ੇ ਨੂੰ ਨਹੀਂ, ਸਗੋਂ ਖੇਡ, ਮਿਹਨਤ, ਫਿਟਨੈੱਸ ਅਤੇ ਸਫਲਤਾ ਨੂੰ ਚੁਣ ਰਿਹਾ ਹੈ। ਇਹੀ ਊਰਜਾ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਦੀ ਤਾਕਤ ਬਣੇਗੀ। ਆਪ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਮੈਰਾਥਨ ਵਿੱਚ ਨੌਜਵਾਨਾਂ ਦਾ ਜ਼ਬਰਦਸਤ ਜੋਸ਼ ‘ਰੰਗਲਾ ਪੰਜਾਬ’ ਬਣਾਉਣ ਵਿੱਚ ਯੋਗਦਾਨ ਪਾਉਣ ਦੀ ਉਨ੍ਹਾਂ ਦੀ ਵਧਦੀ ਭਾਵਨਾ ਨੂੰ ਦਰਸਾਉਂਦਾ ਹੈ। ਮਨੀਸ਼ ਸਿਸੋਦੀਆ ਦੀ ਅਗਵਾਈ ਅਤੇ ਮੁੱਖ ਮੰਤਰੀ ਦੀ ਲੀਡਰਸ਼ਿਪ ਹੇਠ ਪੰਜਾਬ ਦੇ ਨੌਜਵਾਨਾਂ ਨੂੰ ਸਿੱਖਿਆ ਅਤੇ ਖੇਡਾਂ ਰਾਹੀਂ ਅੱਗੇ ਵਧਣ ਲਈ ਨਵੀਂ ਦਿਸ਼ਾ ਅਤੇ ਮੌਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਇਸ ਸਮਾਗਮ ਦੀ ਸਫਲਤਾ ਲਈ ਪ੍ਰਧਾਨ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਉਪ ਪ੍ਰਧਾਨ ਵੀਰ ਦਵਿੰਦਰ ਸਿੰਘ ਸਮੇਤ ਪੂਰੀ ਯੂਥ ਵਿੰਗ ਟੀਮ ਨੂੰ ਵਧਾਈ ਦਿੱਤੀ। ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਿਆ, ਜਦਕਿ ਮਾਨ ਸਰਕਾਰ ਉਨ੍ਹਾਂ ਨੂੰ ਖੇਡਾਂ ਤੇ ਸਿੱਖਿਆ ਵੱਲ ਲਿਆਉਣ ਲਈ ਕੰਮ ਕਰ ਰਹੀ ਹੈ। ਸਵੇਰੇ-ਸਵੇਰੇ ਨੌਜਵਾਨਾਂ ਦੀ ਭਾਰੀ ਭੀੜ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਇਕ ਵਾਰ ਫਿਰ ‘ਰੰਗਲਾ ਪੰਜਾਬ’ ਬਣਨ ਵੱਲ ਵੱਧ ਰਿਹਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੈਂਟਰਲ ਨਿਤਿਨ ਕੋਹਲੀ, ਲੋਕ ਸਭਾ ਹਲਕਾ ਇੰਚਾਰਜ ਰਮਨੀਕ ਸਿੰਘ ਰੰਧਾਵਾ, ਮੇਅਰ ਵਿਨੀਤ ਧੀਰ, ਪਲਾਨਿੰਗ ਬੋਰਡ ਜਲੰਧਰ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ ਸਣੇ ਵੱਡੀ ਗਿਣਤੀ ’ਚ ਆਪ ਜਲੰਧਰ ਦੀ ਲੀਡਰਸ਼ਿਪ ਮੌਜੂਦ ਸੀ। ਇਸ ਮੌਕੇ ਮੈਰਾਥਨ ਸ਼ੁਰੂ ਹੋਣ ਤੋਂ ਪਹਿਲਾਂ ਨੌਜਵਾਨਾਂ ਵਿੱਚ ਜੋਸ਼ ਭਰਨ ਲਈ ਜਿੱਥੇ ਭੰਗੜਾ ਪਾਇਆ ਗਿਆ, ਉੱਥੇ ਕਈ ਤਰ੍ਹਾਂ ਦੀਆਂ ਮਨੋਰੰਜਨ ਗਤੀਵਿਧੀਆਂ ਵੀ ਕੀਤੀਆਂ ਗਈਆਂ।