ਜਲੰਧਰ ਪੁਲਿਸ ਨੇ 68.719 ਕਿੱਲੋ ਨਸ਼ੀਲੇ ਪਦਾਰਥ ਨਸ਼ਟ ਕਰਕੇ ਤਸਕਰਾਂ ਨੂੰ ਦਿੱਤਾ ਸਖ਼ਤ ਸੁਨੇਹਾ ਜਲੰਧਰ ਪੁਲਿਸ ਨੇ 68.719 ਕਿਲੋ ਨਸ਼ੀਲੇ ਪਦਾਰਥ ਨਸ਼ਟ ਕਰਕੇ ਤਸਕਰਾਂ ਨੂੰ ਦਿੱਤਾ ਸਖ਼ਤ ਸੰਦੇਸ਼
Publish Date: Thu, 22 Oct 2026 08:18 PM (IST)
Updated Date: Thu, 22 Oct 2026 08:21 PM (IST)
ਕਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਦੇ ਹਿੱਸੇ ਵਜੋਂ, ਜਲੰਧਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਐੱਨਡੀਪੀਐੱਸ ਐਕਟ ਤਹਿਤ ਦਰਜ ਵੱਖ-ਵੱਖ ਮਾਮਲਿਆਂ ’ਚ ਜ਼ਬਤ ਕੀਤੇ ਗਏ 68.719 ਕਿੱਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰ ਦਿੱਤਾ ਹੈ। ਇਹ ਸਾਰੀ ਪ੍ਰਕਿਰਿਆ ਕਾਨੂੰਨੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਨਸ਼ਾ ਨਿਪਟਾਰਾ ਕਮੇਟੀ ਦੀ ਨਿਗਰਾਨੀ ਹੇਠ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹੀ ਗਈ। ਇਸ ਕਾਰਵਾਈ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਕਿਸੇ ਵੀ ਰੂਪ ’ਚ ਵਾਪਸ ਗੈਰ-ਕਾਨੂੰਨੀ ਵਰਤੋਂ ’ਚ ਨਾ ਆ ਸਕਣ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਆਈਪੀਐੱਸ ਦੇ ਦਿਸ਼ਾ-ਨਿਰਦੇਸ਼ਾਂ ਤੇ ਡੀਸੀਪੀ ਜਾਂਚ, ਏਡੀਸੀਪੀ ਜਾਂਚ ਤੇ ਏਸੀਪੀ ਸੀਏ ਡਬਲਿਊ ਵਿਜੇ ਕੰਵਰ ਪਾਲ ਦੀ ਨਿਗਰਾਨੀ ਹੇਠ, ਇਹ ਨਸ਼ਟ ਕਰਨ ਦੀ ਪ੍ਰਕਿਰਿਆ 21 ਅਕਤੂਬਰ, 2026 ਨੂੰ ਰਾਓਵਾਲੀ ਪਿੰਡ ਜਲੰਧਰ ’ਚ ਸਥਿਤ ਏਬੀਐੱਸ ਫੂਡ ਐਡ ਬੇਵਰੇਜ ਵਿਖੇ ਨੇਪਰੇ ਚਾੜ੍ਹੀ ਗਈ। ਕਮਿਸ਼ਨਰੇਟ ਅਧੀਨ ਵੱਖ-ਵੱਖ ਥਾਣਿਆਂ ’ਚ ਦਰਜ ਮਾਮਲਿਆਂ ’ਚ ਜ਼ਬਤ ਕੀਤੇ ਗਏ ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਸਾਰੀਆਂ ਜ਼ਰੂਰੀ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਨਸ਼ਟ ਕਰ ਦਿੱਤਾ ਗਿਆ। ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ’ਚ 30 ਕਿੱਲੋ ਭੁੱਕੀ, 4 ਕਿੱਲੋ 376 ਗ੍ਰਾਮ ਹੈਰੋਇਨ, 15 ਗ੍ਰਾਮ ਸਮੈਕ ਹੈਰੋਇਨ, ਬ੍ਰਾਊਨ ਸ਼ੂਗਰ, 31 ਕਿੱਲੋ 222 ਗ੍ਰਾਮ ਗਾਂਜਾ ਤੇ 3 ਕਿੱਲੋ 106 ਗ੍ਰਾਮ ਚਰਸ ਸ਼ਾਮਲ ਸਨ। ਕੁੱਲ ਮਿਲਾ ਕੇ, 68.719 ਕਿੱਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਸੁਰੱਖਿਅਤ ਤੇ ਵਿਗਿਆਨਕ ਢੰਗ ਨਾਲ ਨਸ਼ਟ ਕੀਤਾ ਗਿਆ। ਕਮਿਸ਼ਨਰੇਟ ਪੁਲਿਸ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ, ਨਾ ਸਿਰਫ਼ ਤਸਕਰਾਂ ਨੂੰ ਗ੍ਰਿਫ਼ਤਾਰ ਕਰਨਾ ਜ਼ਰੂਰੀ ਹੈ, ਸਗੋਂ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਸਮੇਂ ਸਿਰ ਨਿਪਟਾਰਾ ਕਰਨਾ ਵੀ ਲਾਜ਼ਮੀ ਹੈ। ਇਹ ਕਾਰਵਾਈ ਉਸ ਨੀਤੀ ਦੇ ਹਿੱਸੇ ਵਜੋਂ ਕੀਤੀ ਗਈ ਹੈ ਜਿਸਦਾ ਉਦੇਸ਼ ਸਮਾਜ ਵਿੱਚੋਂ ਨਸ਼ਿਆਂ ਦੀ ਉਪਲਬਧਤਾ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਤੇ ਨੌਜਵਾਨਾਂ ਨੂੰ ਇਸ ਲਾਹਨਤ ਤੋਂ ਬਚਾਉਣਾ ਹੈ। ਪੁਲਿਸ ਕਮਿਸ਼ਨਰੇਟ ਨੇ ਦੁਹਰਾਇਆ ਹੈ ਕਿ ਸ਼ਹਿਰ ਨੂੰ ਨਸ਼ਾ-ਮੁਕਤ ਰੱਖਣ ਲਈ ਭਵਿੱਖ ’ਚ ਵੀ ਅਜਿਹੇ ਸਖ਼ਤ ਕਦਮ ਜਾਰੀ ਰਹਿਣਗੇ। ਇਸ ਤੋਂ ਇਲਾਵਾ, ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਿਆਂ ਦੀ ਤਸਕਰੀ ਜਾਂ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਬਾਰੇ ਕੋਈ ਵੀ ਜਾਣਕਾਰੀ 112 ਨੰਬਰ ਤੇ, ਜਾਂ ਨਸ਼ਾ-ਵਿਰੋਧੀ ਹੈਲਪਲਾਈਨ ਨੰਬਰ 97791-00200 ਤੇ ਕਾਲ ਕਰਕੇ ਦੇਣ। ਜਾਣਕਾਰੀ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।