- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਜ਼ਦੀਕੀ ਕਸਬਾ ਅਲਾਵਲਪੁਰ ਵਿਖੇ ਇੱਕ ਔਰਤ ਨੂੰ ਉਸਦੇ ਪਤੀ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਕੇ ਜਾਨੋਂ ਮਾਰ ਕੇ ਪੱਖੇ ਨਾਲ ਲਟਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਨਜ਼ਦੀਕੀ ਕਸਬਾ ਅਲਾਵਲਪੁਰ ਵਿਖੇ ਇੱਕ ਔਰਤ ਨੂੰ ਉਸਦੇ ਪਤੀ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਕੇ ਜਾਨੋਂ ਮਾਰ ਕੇ ਪੱਖੇ ਨਾਲ ਲਟਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਮੌਕੇ ’ਤੇ ਅਲਾਵਲਪੁਰ ਪੁਲਿਸ ਚੌਕੀ ਅੱਗੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਮ੍ਰਿਤਕਾ ਦੀ ਭੂਆ ਜਗਦੀਸ਼ ਕੌਰ ਅਤੇ ਪੀੜਿਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਸਾਡੀ ਲੜਕੀ ਕੁਲਵਿੰਦਰ ਕੌਰ ਉਮਰ ਕਰੀਬ 40 ਸਾਲ ਦਾ 20 ਕੁ ਸਾਲ ਪਹਿਲਾਂ ਅਲਾਵਲਪੁਰ ਵਿਖੇ ਜਤਿੰਦਰ ਵਰਮਾ ਉਰਫ ਜੋਨੀ ਨਾਲ ਵਿਆਹ ਹੋਇਆ ਸੀ ਜੋ ਕਿ ਅਕਸਰ ਉਹਨੂੰ ਕੁੱਟਦਾ ਮਾਰਦਾ ਰਹਿੰਦਾ ਸੀ। ਮ੍ਰਿਤਕਾ ਕੁਲਵਿੰਦਰ ਕੌਰ ਦੀ ਭੂਆ ਜਗਦੀਸ਼ ਕੌਰ ਅਤੇ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਕੁਲਵਿੰਦਰ ਕੌਰ ਨੂੰ ਉਸਦੇ ਪਤੀ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਿਸ ਕਾਰਨ ਉਸਦੇ ਰੀੜ੍ਹ ਦੀ ਹੱਡੀ ਦੇ ਮਣਕੇ ਪ੍ਰੈਸ ਹੋ ਗਏ ਸਨ। ਫਿਰ ਉਹ ਉਸਨੂੰ ਆਪਣੇ ਘਰ ਸੰਤੋਖਪੁਰਾ ਵਿਖੇ ਲੈ ਆਏ ਅਤੇ ਉਸਦਾ ਇਲਾਜ ਕਰਵਾਇਆ। ਪਰ ਕੁਝ ਸਮੇਂ ਬਾਅਦ ਮੋਹਤਬਰ ਵਿਅਕਤੀ ਅਤੇ ਦੋਵਾਂ ਪਰਿਵਾਰਾਂ ਵੱਲੋਂ ਪੁਲਿਸ ਥਾਣਾ ਭਾਰਗੋ ਕੈਂਪ ਵਿਖੇ ਆਪਸੀ ਸਹਿਮਤੀ ਨਾਲ ਰਾਜੀਨਾਮਾ ਹੋਣ ਉਪਰੰਤ ਉਸ ਦਾ ਪਤੀ ਜਤਿੰਦਰ ਉਰਫ ਜੋਨੀ ਉਸ ਨੂੰ ਵਾਪਸ ਅਲਾਵਲਪੁਰ ਉਸਦੇ ਸਹੁਰੇ ਘਰ ਵਿਖੇ ਲੈ ਆਇਆ।
ਪਰਿਵਾਰਿਕ ਮੈਂਬਰਾਂ ਨੇ ਕੁਲਵਿੰਦਰ ਕੌਰ ਦੇ ਪਤੀ ਜਤਿੰਦਰ ਵਰਮਾ ਉਰਫ ਜੋਨੀ ਤੇ ਦੋਸ਼ ਲਗਾਉਂਦਿਆਂ ਹੋਇਆ ਦੱਸਿਆ ਕਿ ਉਸ ਨੇ ਕੱਲ੍ਹ ਰਾਤ ਸਾਡੀ ਧੀ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਸਨੂੰ ਜਾਨੋਂ ਮਾਰ ਕੇ ਪੱਖੇ ਨਾਲ ਲਟਕਾ ਦਿੱਤਾ। ਇਸ ਦੀ ਖ਼ਬਰ ਸਾਨੂੰ ਅੱਜ ਸਵੇਰੇ 11 ਵਜੇ ਮਿਲੀ। ਮਿ੍ਰਤਕਾ ਕੁਲਵਿੰਦਰ ਕੌਰ ਦੇ ਵੱਡੇ ਪੁੱਤਰ ਬੌਬੀ ਵਰਮਾ 19 ਸਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰਾ ਪਾਪਾ ਜਤਿੰਦਰ ਉਰਫ ਜੋਨੀ ਮੇਰੇ ਨਾਲ ਵੀ ਕੁੱਟਮਾਰ ਕਰਦਾ ਸੀ ਜਿਸ ਕਾਰਨ ਮੈਂ ਆਪਣੇ ਚਾਚਾ ਜੀ ਦੇ ਘਰ ਰਹਿੰਦਾ ਸੀ। ਉਸ ਦਿਨ ਮੈਂ ਆਪਣੇ ਛੋਟੇ ਭਰਾ ਕੁਨਾਲ ਵਰਮਾ ਛੇ ਸਾਲ ਨੂੰ ਵੀ ਆਪਣੇ ਨਾਲ ਲੈ ਗਿਆ। ਉਸਨੇ ਦੱਸਿਆ ਕਿ ਰਾਤ ਡੇਢ ਵਜੇ ਤੱਕ ਮੰਮੀ ਨਾਲ ਗੱਲਬਾਤ ਹੋਈ ਤੇ ਮੰਮੀ ਅਤੇ ਡੈਡੀ ਵਿਚਕਾਰ ਕਾਫੀ ਬਹਿਸਬਾਜ਼ੀ ਹੋ ਰਹੀ ਸੀ। ਅਤੇ ਸਵੇਰੇ ਮੇਰੀ ਦਾਦੀ ਨੇ ਆ ਕੇ ਕਿਹਾ ਕਿ ਡੇਢ ਘੰਟਾ ਪਹਿਲਾਂ ਤੇਰੇ ਡੈਡੀ (ਜਤਿੰਦਰ ਉਰਫ ਜੋਨੀ) ਦਾ ਮੈਨੂੰ ਫੋਨ ਆਇਆ ਹੈ ਕਿ ਤੇਰੀ ਮੰਮੀ (ਮ੍ਰਿਤਕਾ ਕੁਲਵਿੰਦਰ ਕੌਰ) ਨੇ ਕਿਹਾ ਕਿ ਮੇਰੇ ਤੋਂ ਬਾਅਦ ਮੇਰੇ ਬੱਚੇ ਸੰਭਾਲ ਲਿਓ।
ਪਰਿਵਾਰਿਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕਰਦੇ ਹੋਏ ਅਲਾਵਲਪੁਰ ਪੁਲਿਸ ਚੌਕੀ ਵਿਖੇ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ। ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੀੜਿਤ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜਤਿੰਦਰ ਕੁਮਾਰ ਉਰਫ ਜੋਨੀ ਅਤੇ ਉਸਦੇ ਪਰਿਵਾਰਕ ਮੈਂਬਰ ਘਰੋਂ ਫਰਾਰ ਹਨ। ਤੇ ਸਾਰੇ ਮਾਮਲੇ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ ਸੰਬੰਧੀ ਐੱਸਐੱਚਓ ਆਦਮਪੁਰ ਪੰਕਜ ਸ਼ਰਮਾ ਨੇ ਅਲਾਵਲਪੁਰ ਚੌਕੀ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਜਦੋਂ ਖ਼ਬਰ ਮਿਲੀ ਤਾਂ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ ਤਾਂ ਦੇਖਿਆ ਲਾਸ਼ ਨਾਲ ਰੱਸੀ ਨਾਲ ਲਟਕਦੀ ਪਈ ਸੀ ਜਿਸ ਸਬੰਧੀ ਪਰਿਵਾਰਕ ਮੈਂਬਰਾਂ ਅਤੇ ਲੜਕੀ ਦੀ ਮਾਂ ਗੁਰਦੇਵ ਕੌਰ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਉਨਾਂ ਨੇ ਮੇਰੀ ਧੀ ਨੂੰ ਮਾਰ ਕੇ ਪੱਖੇ ਨਾਲ ਲਟਕਾਇਆ ਹੈ ਜਿਸ ਦੇ ਆਧਾਰ ’ਤੇ ਮ੍ਰਿਤਕਾ ਦਾ ਪਤੀ ਜਤਿੰਦਰ ਉਰਫ ਜੋਨੀ ਅਤੇ ਉਸ ਦੀ ਮਾਂ ਅਤੇ ਉਸਦੀ ਭਰਜਾਈ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਮੁਕੱਦਮਾ ਦਰਜ ਕੀਤਾ ਗਿਆ ਹੈ।