- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਕਿਹਾ ਕਿ ਸੂਬੇ ਦੇ ਖੇਡ ਇਤਿਹਾਸ ’ਚ ਇਕ ਅਹਿਮ ਉਪਲੱਬਧੀ ਵਜੋਂ ਪੰਜਾਬ ਵੱਕਾਰੀ ਪੁਰਸ਼ ਹਾਕੀ ਏਸ਼ਿਅਨ ਚੈਂਪੀਅਨਜ਼ ਟਰਾਫੀ-2026 ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਕਿਹਾ ਕਿ ਸੂਬੇ ਦੇ ਖੇਡ ਇਤਿਹਾਸ ’ਚ ਇਕ ਅਹਿਮ ਉਪਲੱਬਧੀ ਵਜੋਂ ਪੰਜਾਬ ਵੱਕਾਰੀ ਪੁਰਸ਼ ਹਾਕੀ ਏਸ਼ਿਅਨ ਚੈਂਪੀਅਨਜ਼ ਟਰਾਫੀ-2026 ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਭਾਰਤ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਸੂਬੇ ਨੂੰ ਕਿਸੇ ਵੱਡੇ ਅੰਤਰਰਾਸ਼ਟਰੀ ਖੇਡ ਮੁਕਾਬਲੇ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ।
ਜਲੰਧਰ ਦੇ ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਦੇ ਨਿਰੀਖਣ ਸਬੰਧੀ ਦੌਰੇ ਦੌਰਾਨ ਸੰਸਦ ਮੈਂਬਰ ਤੇ ਸਾਬਕਾ ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਇਹ ਪ੍ਰਾਪਤੀ ਪੰਜਾਬ ਸਰਕਾਰ ਦੇ ਸੂਬੇ ਨੂੰ ਭਾਰਤ ਦਾ ਮੋਹਰੀ ਖੇਡ ਕੇਂਦਰ ਬਣਾਉਣ ਦੇ ਮੰਤਵ ਨਾਲ ਕੀਤੇ ਜਾ ਰਹੇ ਯਤਨਾਂ ਨੂੰ ਦਰਸਾਉਂਦੀ ਹੈ। ਪੰਜਾਬ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਸਮੇਤ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਖੇਡ ਬਜਟ ’ਚ 13 ਗੁਣਾ ਵਾਧਾ ਕੀਤਾ ਹੈ, ਇਸ ਨੂੰ ਪਹਿਲਾਂ ਦੇ 147 ਕਰੋੜ ਰੁਪਏ ਤੋਂ ਵਧਾ ਕੇ 1791 ਕਰੋੜ ਰੁਪਏ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਬੇਮਿਸਾਲ ਵਿੱਤੀ ਹੁਲਾਰੇ ਨੇ ਜ਼ਮੀਨੀ ਪੱਧਰ ਦੇ ਬੁਨਿਆਦੀ ਢਾਂਚੇ ’ਚ ਕ੍ਰਾਂਤੀ ਲਿਆਂਦੀ ਹੈ। ਇਸ ਤਹਿਤ ਸ਼ਹਿਰੀ ਤੇ ਪੇਂਡੂ ਖੇਤਰਾਂ ’ਚ ਕਰੀਬ 3100 ਆਧੁਨਿਕ ਸਟੇਡੀਅਮਾਂ ਦੇ ਵਿਕਾਸ ਨੂੰ ਹੁਲਾਰਾ ਮਿਲਿਆ ਹੈ ਤੇ ਕਦੇ ਖਾਲੀ ਪਏ ਮੈਦਾਨਾਂ ਨੂੰ ਅਜਿਹੇ ਸਰਗਰਮ ਕੇਂਦਰਾਂ ’ਚ ਬਦਲ ਦਿੱਤਾ ਗਿਆ ਹੈ, ਜਿੱਥੇ ਹਰ ਰੋਜ਼ ਸੈਂਕੜੇ ਨੌਜਵਾਨ ਸਿਖ਼ਲਾਈ ਲੈਂਦੇ ਹਨ। ਇਸ ਤੋਂ ਇਲਾਵਾ ਸੰਸਦ ਮੈਂਬਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਪਾਰਦਰਸ਼ੀ ਤੇ ਖਿਡਾਰੀ-ਕੇਂਦਰਿਤ ਇਨਾਮ ਨੀਤੀ ਦੀ ਵੀ ਸ਼ਲਾਘਾ ਕੀਤੀ, ਜੋ ਤਗਮੇ ਜਿੱਤਣ ਦੇ ਇਕ ਮਹੀਨੇ ਦੇ ਅੰਦਰ ਤੁਰੰਤ ਨਕਦ ਇਨਾਮ ਤੇ 100 ਫੀਸਦੀ ਨੌਕਰੀ ਦੀ ਸੁਰੱਖਿਆ ਦੀ ਗਾਰੰਟੀ ਦਿੰਦੀ ਹੈ, ਜਿਸ ਨਾਲ ਕਈ ਸਾਲਾਂ ਤੋਂ ਚੱਲੀ ਆ ਰਹੀ ਲਾਲਫੀਤਾਸ਼ਾਹੀ ਦਾ ਅੰਤ ਹੋਇਆ ਹੈ।
27 ਅਕਤੂਬਰ ਤੋਂ 5 ਨਵੰਬਰ 2026 ਤੱਕ ਹੋਣ ਵਾਲੀ ਆਗਾਮੀ ਏਸ਼ਿਅਨ ਚੈਂਪੀਅਨਜ਼ ਟਰਾਫੀ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਪੂਰੇ ਟੂਰਨਾਮੈਂਟ ਦੌਰਾਨ ਦੁਨੀਆ ਦੀਆਂ 6 ਬਿਹਤਰੀਨ ਟੀਮਾਂ ਭਾਰਤ, ਮਲੇਸ਼ੀਆ, ਜਾਪਾਨ, ਦੱਖਣੀ ਕੋਰੀਆ, ਚੀਨ ਤੇ ਬੰਗਲਾਦੇਸ਼ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲੇਗਾ।
ਪੁਖਤਾ ਸੁਰੱਖਿਆ ਤੇ ਵਿਸ਼ਵ-ਪੱਧਰੀ ਪ੍ਰਬੰਧਾਂ ਦਾ ਭਰੋਸਾ ਦਿੰਦਿਆਂ ਮੀਤ ਹੇਅਰ ਨੇ ਸਮੂਹ ਪੰਜਾਬੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ’ਚ ਖੇਡ ਸਥਾਨਾਂ 'ਤੇ ਪਹੁੰਚਣ, ਖੇਡ ਮੁਕਾਬਲਿਆਂ ਦਾ ਆਨੰਦ ਲੈਣ, ਆਪਣੇ ਮਨਪਸੰਦ ਅੰਤਰਰਾਸ਼ਟਰੀ ਤੇ ਸਥਾਨਕ ਖਿਡਾਰੀਆਂ ਦਾ ਹੌਸਲਾ ਵਧਾਉਣ ਤੇ ਵਿਸ਼ਵ ਖੇਡ ਨਕਸ਼ੇ 'ਤੇ ਪੰਜਾਬ ਦੀ ਸ਼ਾਨਦਾਰ ਵਾਪਸੀ ਦਾ ਜਸ਼ਨ ਮਨਾਉਣ।