- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਹਾਲੀ ’ਚ ਜ਼ਮੀਨ ਦੀ ਵਰਤੋਂ ਤਬਦੀਲ ਕਰਨ ਦੀਆਂ ਮਨਜ਼ੂਰੀਆਂ ਤੇ ਲੇਆਊਟ ਬਦਲਾਅ ਨਾਲ ਜੁੜੀਆਂ ਕਥਿਤ ਬੇਨਿਯਮੀਆਂ ਦੀ ਜਾਂਚ ਦੇ ਸਬੰਧ ’ਚ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਤੇ ਸੀਨੀਅਰ ਆਈਏਐੱਸ ਅਧਿਕਾਰੀ ਅਨੁਰਾਗ ਵਰਮਾ ਬੁੱਧਵਾਰ ਨੂੰ ਜਲੰਧਰ ਸਥਿਤ ਈਡੀ ਦਫ਼ਤਰ ’ਚ ਪੇਸ਼ ਹੋਏ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਮੋਹਾਲੀ ’ਚ ਜ਼ਮੀਨ ਦੀ ਵਰਤੋਂ ਤਬਦੀਲ ਕਰਨ ਦੀਆਂ ਮਨਜ਼ੂਰੀਆਂ ਤੇ ਲੇਆਊਟ ਬਦਲਾਅ ਨਾਲ ਜੁੜੀਆਂ ਕਥਿਤ ਬੇਨਿਯਮੀਆਂ ਦੀ ਜਾਂਚ ਦੇ ਸਬੰਧ ’ਚ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਤੇ ਸੀਨੀਅਰ ਆਈਏਐੱਸ ਅਧਿਕਾਰੀ ਅਨੁਰਾਗ ਵਰਮਾ ਬੁੱਧਵਾਰ ਨੂੰ ਜਲੰਧਰ ਸਥਿਤ ਈਡੀ ਦਫ਼ਤਰ ’ਚ ਪੇਸ਼ ਹੋਏ। ਦੱਸਿਆ ਜਾ ਰਿਹਾ ਹੈ ਕਿ ਕਰੀਬ 10 ਘੰਟੇ ਚੱਲੀ ਪੁੱਛਗਿੱਛ ’ਚ ਉਨ੍ਹਾਂ ਈਡੀ ਦੇ ਦੋ ਅਧਿਕਾਰੀਆਂ ਕੋਲ ਬਿਆਨ ਦਰਜ ਕਰਵਾਏ। ਉਨ੍ਹਾਂ ਤੋਂ ਤਿੱਖੇ ਸਵਾਲ ਪੁੱਛੇ ਗਏ ਤੇ ਦਸਤਾਵੇਜਾਂ ਸਬੰਧੀ ਜਾਣਕਾਰੀ ਮੰਗੀ ਗਈ। ਹੁਣ ਇਸ ਮਾਮਲੇ ’ਚ ਐੱਸਐੱਸਪੀ ਮੋਹਾਲੀ ਵਰੁਣ ਕੁਮਾਰ ਨੂੰ ਬੁੱਧਵਾਰ ਨੂੰ ਸੰਮਨ ਜਾਰੀ ਕੀਤੇ ਗਏ ਹਨ। ਉਨਾਂ ਦੀ ਵੀਰਵਾਰ ਨੂੰ ਪੇਸ਼ ਹੋਣ ਦੀ ਸੰਭਾਵਨਾ ਹੈ।
ਈਡੀ ਵੱਲੋਂ ਅਨੁਰਾਗ ਵਰਮਾ ਨੂੰ ਸਭ ਤੋਂ ਪਹਿਲਾਂ 31 ਅਗਸਤ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ। ਹਾਲਾਂਕਿ, ਉਸ ਸਮੇਂ ਉਹ ਪੇਸ਼ ਨਹੀਂ ਹੋ ਸਕੇ ਸਨ ਤੇ ਉਨ੍ਹਾਂ ਨੇ ਜ਼ਰੂਰੀ ਦਸਤਾਵੇਜ਼ ਇਕੱਠੇ ਕਰਨ ਲਈ ਹੋਰ ਸਮਾਂ ਮੰਗਿਆ ਸੀ। ਇਸ ਤੋਂ ਬਾਅਦ ਏਜੰਸੀ ਨੇ ਉਨ੍ਹਾਂ ਨੂੰ 7 ਸਤੰਬਰ ਦੀ ਤਰੀਕ ਦਿੱਤੀ, ਪਰ ਬਾਅਦ ’ਚ ਈਮੇਲ ਰਾਹੀਂ 9 ਸਤੰਬਰ ਸਵੇਰੇ 10 ਵਜੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ। ਇਸੇ ਤਹਿਤ ਉਹ ਬੁੱਧਵਾਰ ਸਵੇਰੇ ਮੰਗੇ ਗਏ ਰਿਕਾਰਡ ਸਮੇਤ ਈਡੀ ਸਾਹਮਣੇ ਹਾਜ਼ਰ ਹੋਏ। ਉਹ ਸਵੇਰੇ 11.10 ਵਜੇ ਈਡੀ ਦਫ਼ਤਰ ਪੁੱਜੇ। ਜਦੋਂ ਉਹ ਦਫ਼ਤਰ ਪਹੁੰਚੇ ਤਾਂ ਉਨ੍ਹਾਂ ਦੇ ਹੱਥ ’ਚ ਕੇਸ ਨਾਲ ਸਬੰਧਤ ਦਸਤਾਵੇਜ਼ਾਂ ਦੀ ਫਾਈਲ ਫੜੀ ਹੋਈ ਸੀ। ਗੱਡੀ ਤੋਂ ਉਤਰਨ ਤੋਂ ਤੁਰੰਤ ਬਾਅਦ ਉਹ ਬਿਨਾਂ ਕਿਸੇ ਦੇਰੀ ਦੇ ਸਿੱਧੇ ਈਡੀ ਦਫ਼ਤਰ ਅੰਦਰ ਦਾਖ਼ਲ ਹੋਏ। ਕਰੀਬ 10 ਘੰਟੇ ਬਾਅਦ ਰਾਤ 9 ਵੱਜ ਕੇ 8 ਮਿੰਟ ’ਤੇ ਉਹ ਬਾਹਰ ਨਿਕਲੇ। ਦਫ਼ਤਰ ’ਚੋਂ ਬਾਹਰ ਨਿਕਲਦੇ ਹੀ ਉਨ੍ਹਾਂ ਜਦੋਂ ਮੀਡੀਆ ਨੂੰ ਉੱਥੇ ਦੇਖਿਆ ਤਾਂ ਬਗ਼ੈਰ ਕੋਈ ਬਿਆਨ ਦਿੱਤੇ ਵਾਪਸ ਅੰਦਰ ਚਲੇ ਗਏ। ਅੰਦਰ ਕੀ ਪੁੱਛਗਿੱਛ ਹੋਈ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਸੂਤਰਾਂ ਮੁਤਾਬਕ ਪੁੱਛਗਿੱਛ ’ਚ ਉਨ੍ਹਾਂ ਕਈ ਅਹਿਮ ਖ਼ੁਲਾਸੇ ਕੀਤੇ ਹਨ।
ਇਹ ਹੈ ਮਾਮਲਾ : ਇਹ ਜਾਂਚ ਮੁਹਾਲੀ ਤੇ ਨਿਊ ਚੰਡੀਗੜ੍ਹ ਖੇਤਰ ’ਚ ਵੱਡੇ ਰੀਅਲ ਅਸਟੇਟ ਪ੍ਰੋਜੈਕਟਾਂ (ਜਿਵੇਂ ਕਿ ਸਨਟੈਕ ਸਿਟੀ ਤੇ ਐਲਟਸ ਸਪੇਸ ਬਿਲਡਰਜ਼) ਨੂੰ ਦਿੱਤੀਆਂ ਗਈਆਂ ਸੀਐੱਲਯੂ. ਮਨਜ਼ੂਰੀਆਂ, ਅਣਅਧਿਕਾਰਤ ਲੇਆਊਟ ਬਦਲਾਅ ਅਤੇ ਪ੍ਰਸ਼ਾਸਨਿਕ ਨਰਮੀ ਨਾਲ ਜੁੜੀ ਹੋਈ ਹੈ। ਈਡੀ ਇਸ ਗੱਲ ਦੀ ਪੜਤਾਲ ਕਰ ਰਹੀ ਹੈ ਕਿ ਕੀ ਨਿੱਜੀ ਬਿਲਡਰਾਂ ਨੂੰ ਨਾਜਾਇਜ਼ ਫ਼ਾਇਦਾ ਪਹੁੰਚਾਉਣ ਲਈ ਨਿਯਮਾਂ ਦੀ ਅਣਦੇਖੀ ਕੀਤੀ ਗਈ ਸੀ। ਜਿਸ ਸਮੇਂ ਇਹ ਫ਼ੈਸਲੇ ਲਏ ਗਏ ਸਨ, ਉਸ ਵੇਲੇ ਅਨੁਰਾਗ ਵਰਮਾ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੁਖੀ ਵਜੋਂ ਤਾਇਨਾਤ ਸਨ। ਇਸ ਤੋਂ ਪਹਿਲਾਂ ਵੀ ਈਡੀ ਇਸੇ ਮਾਮਲੇ ’ਚ ਇਕ ਹੋਰ ਸੀਨੀਅਰ ਆਈਏਐੱਸ. ਅਧਿਕਾਰੀ ਕੰਵਲਪ੍ਰੀਤ ਬਰਾੜ ਤੋਂ ਲੰਬੀ ਪੁੱਛਗਿੱਛ ਕਰ ਚੁੱਕੀ ਹੈ। ਜਾਂਚ ਏਜੰਸੀ ਵੱਲੋਂ ਸਰਕਾਰੀ ਰਿਕਾਰਡ ਤੇ ਅਨੁਰਾਗ ਵਰਮਾ ਵੱਲੋਂ ਸੌਂਪੇ ਗਏ ਦਸਤਾਵੇਜ਼ਾਂ ਦਾ ਮਿਲਾਨ ਕਰਕੇ ਅਗਲੀ ਕਾਰਵਾਈ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ।