- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁਪਹਿਰ ਸਮੇਂ ਉਹਨਾਂ ਦੇ ਨਿਵਾਸ ਅਸਥਾਨ ਤੋਂ ਅੰਤਿਮ ਸ਼ੋਕ ਯਾਤਰਾ ਰਵਾਨਾ ਹੋਈ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਿਰ ਵਾਸੀ, ਰਾਜਨੀਤਿਕ ਆਗੂ ਅਤੇ ਸਮਾਜਿਕ ਸ਼ਖ਼ਸੀਅਤਾਂ ਨਮ ਅੱਖਾਂ ਨਾਲ ਸ਼ਾਮਲ ਹੋਈਆਂ।

ਤੇਜਿੰਦਰ ਕੌਰ ਥਿੰਦ, ਜਲੰਧਰ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਰਾਜਨੇਤਾ ਭਗਤ ਚੁੰਨੀ ਲਾਲ (93) ਦਾ ਅੱਜ ਸਵੇਰੇ ਅਚਾਨਕ ਦਿਹਾਂਤ ਹੋ ਗਿਆ। ਉਹ ਮੌਜੂਦਾ ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਪਿਤਾ ਸਨ। ਉਹਨਾਂ ਦੇ ਅਕਾਲ ਚਲਾਣੇ ਦੀ ਖ਼ਬਰ ਮਿਲਦਿਆਂ ਹੀ ਪੂਰੇ ਜਲੰਧਰ ਸ਼ਹਿਰ ਅਤੇ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਸ਼ੋਕ ਦੀ ਲਹਿਰ ਦੌੜ ਗਈ।
ਦੁਪਹਿਰ ਸਮੇਂ ਉਹਨਾਂ ਦੇ ਨਿਵਾਸ ਅਸਥਾਨ ਤੋਂ ਅੰਤਿਮ ਸ਼ੋਕ ਯਾਤਰਾ ਰਵਾਨਾ ਹੋਈ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਿਰ ਵਾਸੀ, ਰਾਜਨੀਤਿਕ ਆਗੂ ਅਤੇ ਸਮਾਜਿਕ ਸ਼ਖ਼ਸੀਅਤਾਂ ਨਮ ਅੱਖਾਂ ਨਾਲ ਸ਼ਾਮਲ ਹੋਈਆਂ। ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਗ੍ਰਹਿ ਵਿਖੇ ਰੱਖਣ ਤੋਂ ਬਾਅਦ ਪੂਰੇ ਸਤਿਕਾਰ ਨਾਲ ਸ਼ਮਸ਼ਾਨ ਘਾਟ ਵੱਲ ਲਿਜਾਇਆ ਗਿਆ, ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕਰਕੇ ਉਹਨਾਂ ਨੂੰ ਪੰਚ ਤੱਤਾਂ ਵਿੱਚ ਵਿਲੀਨ ਕਰ ਦਿੱਤਾ ਗਿਆ।
ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਆਸੀ ਦਿੱਗਜਾਂ ਨੇ ਦਿੱਤੀ ਸ਼ਰਧਾਂਜਲੀ
ਇਸ ਬੇਹੱਦ ਦੁੱਖ ਦੀ ਘੜੀ ਵਿੱਚ ਕੈਬਨਿਟ ਮੰਤਰੀ ਮੋਹਿੰਦਰ ਭਗਤ ਅਤੇ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਦਿੱਗਜ ਨੇਤਾ ਪਹੁੰਚੇ। ਅੰਤਿਮ ਸੰਸਕਾਰ ਅਤੇ ਸ਼ੋਕ ਯਾਤਰਾ ਦੌਰਾਨ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਹਲਕਾ ਇੰਚਾਰਜ ਸੈਂਟਰਲ ਆਮ ਆਦਮੀ ਪਾਰਟੀ ਨੀਤਿਨ ਕੋਹਲੀ, ਮੇਅਰ ਵਿਨੀਤ ਧੀਰ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਮੌਕੇ 'ਤੇ ਪਹੁੰਚ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਸਿਆਸਤ ਵਿੱਚ ਪਿਆ ਵੱਡਾ ਘਾਟਾ
ਭਗਤ ਚੁੰਨੀ ਲਾਲ ਦੇ ਜਾਣ ਨਾਲ ਜਲੰਧਰ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵੱਡਾ ਖਾਲੀਪਣ ਪੈਦਾ ਹੋ ਗਿਆ ਹੈ। ਆਪਣੇ ਲੰਮੇ ਰਾਜਨੀਤਿਕ ਸਫ਼ਰ ਦੌਰਾਨ ਉਹਨਾਂ ਨੇ ਹਮੇਸ਼ਾ ਲੋਕ ਸੇਵਾ ਅਤੇ ਇਲਾਕੇ ਦੇ ਵਿਕਾਸ ਨੂੰ ਪਹਿਲ ਦਿੱਤੀ। ਉਹਨਾਂ ਦੇ ਅਕਾਲ ਚਲਾਣੇ 'ਤੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਵਪਾਰਕ ਜਥੇਬੰਦੀਆਂ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।