- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਚ ਮੰਚ ਸ਼ੁੱਧੀਕਰਨ ਮਾਮਲੇ ਤੇ ਰਾਹੁਲ ਗਾਂਧੀ ਤੇ ਐਫਆਈਆਰ ਦਰਜ ਮਾਮਲੇ ਵਿਚ ਆਯੋਜਿਤ ਵਿਸ਼ਾਲ 'ਰੋਸ ਰੈਲੀ' ਜ਼ਰੀਏ ਪੰਜਾਬ ਕਾਂਗਰਸ ਨੇ ਜ਼ਬਰਦਸਤ ਸ਼ਕਤੀ ਪ੍ਰਦਰਸ਼ਨ ਕੀਤਾ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਅੱਜ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਚ ਮੰਚ ਸ਼ੁੱਧੀਕਰਨ ਮਾਮਲੇ ਤੇ ਰਾਹੁਲ ਗਾਂਧੀ ਤੇ ਐਫਆਈਆਰ ਦਰਜ ਮਾਮਲੇ ਵਿਚ ਆਯੋਜਿਤ ਵਿਸ਼ਾਲ 'ਰੋਸ ਰੈਲੀ' ਜ਼ਰੀਏ ਪੰਜਾਬ ਕਾਂਗਰਸ ਨੇ ਜ਼ਬਰਦਸਤ ਸ਼ਕਤੀ ਪ੍ਰਦਰਸ਼ਨ ਕੀਤਾ। ਇਹ ਸ਼ਕਤੀ ਪ੍ਰਦਰਸ਼ਨ ਜਲੰਧਰ ਦੇ ਐਮਪੀ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਕਾਾਂਗਰਸ ਦੇਨਵੇਂ ਕੇਂਦਰੀ ਇੰਚਾਰਜ ਸਚਿਨ ਪਾਇਲਟ ਦੇ ਪੰਜਾਬ ਦੌਰੇ ਤੋਂ ਠੀਕ ਪਹਿਲਾਂ ਕੀਤਾ, ਜਿਸ ਨਾਲ ਪੰਜਾਬ ਦੇ ਸਿਆਸੀ ਸਮੀਕਰਨ ਬਦਲ ਸਕਦੇ ਹਨ। ਪੰਜਾਬ ਭਰ ਵਿਚੋੰ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਇੱਕ ਮੰਚ 'ਤੇ ਇਕੱਠੇ ਕਰਕੇਚੰਨੀ ਨੇ ਹਾਈਕਮਾਨ ਅਤੇ ਨਵੇਂ ਇੰਚਾਰਜ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਸੂਬੇ ਦੀ ਰਾਜਨੀਤੀ ਅਤੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਨ੍ਹਾਂ ਦਾ ਦਾਅਵਾ ਅੱਜ ਵੀ ਪੂਰੀ ਤਰ੍ਹਾਂ ਕਾਇਮ ਹੈ।
ਹਾਲਾਂਕਿ ਮੰਚ ਤੋਂ ਚੰਨੀ ਜਾਂ ਰੰਧਾਵਾ ਨੇ ਸਿੱਧੇ ਤੌਰ 'ਤੇ ਸੀ.ਐੱਮ. ਚਿਹਰੇ ਬਾਰੇ ਕੋਈ ਬਿਆਨਬਾਜ਼ੀ ਨਹੀਂ ਕੀਤੀ, ਪਰ ਦੋਵਾਂ ਆਗੂਆਂ ਨੇ ਇਹ ਸਪੱਸ਼ਟ ਕੀਤਾ ਕਿ ਪੰਜਾਬ 'ਚ ਕਾਾਂਗਰਸ ਪਾਰਟੀ ਹਮੇਸ਼ਾ ਧਰਮ ਨਿਰਪੱਖਤਾ ਨੂੰ ਤਰਜੀਹ ਦਿੰਦੀ ਰਹੀ ਹੈ। ਪੰਜਾਬ ਵਿਚ ਕਦੇ ਵੀ ਜਾਤ-ਪਾਤ ਦੀ ਰਾਜਨੀਤੀ ਲਈ ਕੋਈ ਥਾਂ ਨਹੀਂ ਰਹੀ। ਚੰਨੀ ਨੇ ਇਕੱਠ ਨੂੰ ਸੰਬੋਧਨ ਕਰਦਿਆੰ ਕਿਹਾ ਕਿ ਪੰਜਾਬ 'ਚ ਹਰ ਵਰਗ ਤੇ ਭਾਈਚਾਰੇ ਦੇ ਲੋਕ ਭਾਵੇੰ ਉਹ ਸਿੱਖ, ਹਿੰਦੂ, ਈਸਾਈ ਅਤੇ ਮੁਸਲਮਾਨ ਕੋਈ ਵੀ ਹੋਵੇ ਹਮੇਸ਼ਾ ਸਾਰੇ ਇਕਜੁੱਟ ਰਹੇ ਹਨ ਅਤੇ ਭਵਿੱਖ ਵਿਚ ਵੀ ਇਹ ਇਕਜੁੱਟਤਾ ਦੇਖਣ ਨੂੰ ਮਿਲੇਗੀ। ਇਸ ਰੈਲੀ ਦੇ ਬਹਾਨੇ ਚੰਨੀ ਨੇ ਹਾਈਕਮਾਨ ਨੂੰ ਇਹ ਜਤਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਉਹ ਪਾਰਟੀ ਦੇ ਪੂਰੀ ਤਰ੍ਹਾਂ ਵਫ਼ਾਦਾਰ ਸਿਪਾਹੀ ਹਨ।
ਇਸ ਰੈਲੀ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਸੰਸਦ ਮੈਂਬਰ ਮੁਹੰਮਦ ਸਾਦਿਕ ਸਮੇਤ ਕਈ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਦੀ ਭਾਰੀ ਮੌਜੂਦਗੀ ਦੇਖਣ ਨੂੰ ਮਿਲੀ। ਮੰਚ ਸੰਚਾਲਨ ਕਰ ਰਹੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਵਿਧਾਇਕ ਬਾਵਾ ਹੈਨਰੀ ਨੇ ਚਰਨਜੀਤ ਸਿੰਘ ਚੰਨੀ ਨੂੰ ਵਾਰ-ਵਾਰ 'ਭਾਵੀ ਮੁੱਖ ਮੰਤਰੀ' (ਆਉਣ ਵਾਲੇ ਸੀ.ਐੱਮ.) ਕਹਿ ਕੇ ਪੁਕਾਰਿਆ। ਜਦੋਂ ਵੀ ਮੰਚ ਤੋਂ ਚੰਨੀ ਨੂੰ ਭਾਵੀ ਸੀ.ਐੱਮ. ਕਿਹਾ ਜਾਂਦਾ, ਤਾਂ ਪੰਡਾਲ 'ਚ ਮੌਜੂਦ ਵਰਕਰਾਂ ਦਾ ਜੋਸ਼ ਦੇਖਣਯੋਗ ਹੁੰਦਾ ਸੀ ਅਤੇ ਪੰਡਾਲ ਨਾਅਰਿਆਂ ਨਾਲ ਗੂੰਜ ਉੱਠਦਾ ਸੀ।
ਜ਼ਿਕਰਯੋਗ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਚੰਨੀ ਨੂੰ ਸੀ.ਐੱਮ. ਚਿਹਰਾ ਬਣਾਉਣ ਦੀ ਮੰਗ ਲਗਾਤਾਰ ਉੱਠਦੀ ਰਹੀ ਹੈ। ਪੰਜਾਬ 'ਚ ਸੰਗਠਨ ਦੀਆਂ ਨਵੀਆਂ ਟੀਮਾਂ ਦੇ ਗਠਨ ਅਤੇ ਸਾਬਕਾ ਇੰਚਾਰਜ ਭੂਪੇਸ਼ ਬਘੇਲ ਨਾਲ ਟਕਰਾਅ ਦਾ ਮੁੱਖ ਕਾਰਨ ਵੀ ਇਹੀ ਮੰਨਿਆ ਜਾ ਰਿਹਾ ਸੀ। ਹੁਣ ਬਘੇਲ ਦੀ ਥਾਂ ਸਚਿਨ ਪਾਇਲਟ ਨੂੰ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਹਾਈ ਕਮਾਨ ਕੀ ਫੈਸਲਾ ਲੈੰਦੀ ਹੈ। ਰਾਜਾ ਵੜਿੰਗ ਦੀ ਥਾਂ ਚੰਨੀ ਧੜੇ ਦਾ ਪ੍ਰਧਾਨ ਥਆਪਿਆ ਜਾਣਾ ਵੀ ਇਸ ਗੱਲ ਦੀ ਗਵਾਹੀ ਭਰੇਗਾ। ਦੱਸ ਦੇਈਏ ਕਿ ਸੁਖਜਿੰਦਰ ਸਿੰਘ ਰੰਧਾਵਾ ਇਸ ਤੋੰ ਪਹਿਲਾਂ ਹੀ ਕਈ ਵਾਰ ਜਨਤਕ ਤੌਰ ਤੇ ਚਰਨਜੀਤ ਸਿੰਘ ਚੰਨੀ ਨੂੰ ਸੀ.ਐੱਮ. ਫੇਸ ਬਣਾਉਣ ਦੀ ਖੁੱਲ੍ਹ ਕੇ ਵਕਾਲਤ ਕਰ ਚੁੱਕੇ ਹਨ। ਹੁਣ ਇਕ ਵਾਰ ਫਿਰ ਤੋੰ ਕਾਂਗਰਸ ਦੇ ਸਿਆਸੀ ਸਮੀਕਰਨ ਬਦਲਦੇ ਨਜ਼ਰ ਆ ਰਹੇ ਹਨ।