- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਠੇਕੇਦਾਰ ਹੇਮੰਤ ਬਾਂਸਲ ਨੇ ਦੋਸ਼ ਲਾਇਆ ਕਿ ਬ੍ਰਿਜ ਵਰਕਸ਼ਾਪ ਵਿੱਚ ਕੀਤੇ ਮਸ਼ੀਨਰੀ ਦੇ ਕੰਮਾਂ ਦੇ ਕਰੀਬ 50 ਤੋਂ 60 ਲੱਖ ਰੁਪਏ ਦੇ ਬਕਾਇਆ ਭੁਗਤਾਨ ਨੂੰ ਜਾਰੀ ਕਰਨ ਦੇ ਬਦਲੇ ਐੱਸਐੱਸਈ ਵੱਲੋਂ ਦੋ ਫ਼ੀਸਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਬੰਧੀ ਹੋਈ ਮੋਬਾਈਲ ਗੱਲਬਾਤ ਦੀ ਰਿਕਾਰਡਿੰਗ ਵੀ ਉਨ੍ਹਾਂ ਕੋਲ ਮੌਜੂਦ ਹੈ।

ਮਦਨ ਭਾਰਦਵਾਜ, ਜਲੰਧਰ : ਕੈਂਟ ਰੇਲਵੇ ਸਟੇਸ਼ਨ ਦੀ ਬ੍ਰਿਜ ਵਰਕਸ਼ਾਪ ਦੇ ਸੀਨੀਅਰ ਸੈਕਸ਼ਨ ਇੰਜਨੀਅਰ (ਐੱਸਐੱਸਈ) ਮਿਲਿੰਦ ਕੁਮਾਰ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਸੀਬੀਆਈ ਦੇ ਇੰਸਪੈਕਟਰ ਕੁਲਦੀਪ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਨੇ ਵਰਕਸ਼ਾਪ ਵਿੱਚ ਛਾਪੇਮਾਰੀ ਕਰਕੇ ਇਹ ਕਾਰਵਾਈ ਕੀਤੀ। ਗ੍ਰਿਫ਼ਤਾਰੀ ਠੇਕੇਦਾਰ ਹੇਮੰਤ ਬਾਂਸਲ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ।
ਠੇਕੇਦਾਰ ਹੇਮੰਤ ਬਾਂਸਲ ਨੇ ਦੋਸ਼ ਲਾਇਆ ਕਿ ਬ੍ਰਿਜ ਵਰਕਸ਼ਾਪ ਵਿੱਚ ਕੀਤੇ ਮਸ਼ੀਨਰੀ ਦੇ ਕੰਮਾਂ ਦੇ ਕਰੀਬ 50 ਤੋਂ 60 ਲੱਖ ਰੁਪਏ ਦੇ ਬਕਾਇਆ ਭੁਗਤਾਨ ਨੂੰ ਜਾਰੀ ਕਰਨ ਦੇ ਬਦਲੇ ਐੱਸਐੱਸਈ ਵੱਲੋਂ ਦੋ ਫ਼ੀਸਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਬੰਧੀ ਹੋਈ ਮੋਬਾਈਲ ਗੱਲਬਾਤ ਦੀ ਰਿਕਾਰਡਿੰਗ ਵੀ ਉਨ੍ਹਾਂ ਕੋਲ ਮੌਜੂਦ ਹੈ। ਰਿਸ਼ਵਤ ਨਾ ਦੇਣ ਕਾਰਨ ਉਨ੍ਹਾਂ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਗਿਆ ਅਤੇ ਕੰਮ ਵਿੱਚ ਦੇਰੀ ਦਾ ਹਵਾਲਾ ਦੇ ਕੇ ਤਿੰਨ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ, ਜਿਸ ਦੀ ਅਦਾਇਗੀ ਉਹ ਕਰ ਚੁੱਕੇ ਹਨ।
ਠੇਕੇਦਾਰ ਨੇ ਦੱਸਿਆ ਕਿ ਇਸ ਵੇਲੇ ਕਰੀਬ 28 ਲੱਖ ਰੁਪਏ ਦਾ ਭੁਗਤਾਨ ਬਕਾਇਆ ਸੀ, ਪਰ ਐੱਸਐੱਸਈ ਵੱਲੋਂ ਇਹ ਕਹਿ ਕੇ ਰੋਕਿਆ ਜਾ ਰਿਹਾ ਸੀ ਕਿ ਵਰਕਸ਼ਾਪ ਵਿੱਚ ਮਸ਼ੀਨਰੀ ਕਿਸ ਦੀ ਇਜਾਜ਼ਤ ਨਾਲ ਲਗਾਈ ਗਈ ਹੈ, ਜਦਕਿ ਉਨ੍ਹਾਂ ਕੋਲ ਇਸ ਕੰਮ ਦਾ ਵਿਧੀਵਤ ਵਰਕ ਆਰਡਰ ਮੌਜੂਦ ਸੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਛੇ ਮਹੀਨਿਆਂ ਵਿੱਚ ਮੁਕੰਮਲ ਹੋਣ ਵਾਲੇ ਕੰਮ ਨੂੰ ਦੋ ਸਾਲ ਲੱਗਣ ਦਾ ਹਵਾਲਾ ਦੇ ਕੇ ਉਨ੍ਹਾਂ 'ਤੇ ਜੁਰਮਾਨਾ ਲਗਾਇਆ ਗਿਆ।
ਪਹਿਲਾਂ ਰੇਲਵੇ ਅਧਿਕਾਰੀਆਂ, ਫਿਰ ਸੀਬੀਆਈ ਨੂੰ ਕੀਤੀ ਸ਼ਿਕਾਇਤ
ਠੇਕੇਦਾਰ ਮੁਤਾਬਕ ਉਨ੍ਹਾਂ ਨੇ ਪਹਿਲਾਂ ਬੜੌਦਾ ਹਾਊਸ, ਨਵੀਂ ਦਿੱਲੀ ਸਥਿਤ ਬ੍ਰਿਜ ਵਰਕਸ਼ਾਪ ਦੇ ਮੁੱਖ ਇੰਜਨੀਅਰ ਆਰਪੀ ਸਿੰਘ ਕੋਲ ਸ਼ਿਕਾਇਤ ਕੀਤੀ। ਮੁੱਖ ਇੰਜਨੀਅਰ ਨੇ ਵਰਕਸ਼ਾਪ ਵਿੱਚ ਲਗਾਈ ਗਈ ਮਸ਼ੀਨਰੀ ਦੀ ਖਰੀਦ ਅਤੇ ਕੰਮ ਦੀ ਕ੍ਰਾਸ ਜਾਂਚ ਕਰਨ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਠੇਕੇਦਾਰ ਨੇ ਸੀਬੀਆਈ ਕੋਲ ਵੀ ਸ਼ਿਕਾਇਤ ਦਰਜ ਕਰਵਾ ਕੇ ਰਿਸ਼ਵਤ ਮੰਗਣ ਸਬੰਧੀ ਮੋਬਾਈਲ ਰਿਕਾਰਡਿੰਗ ਮੁਹੱਈਆ ਕਰਵਾਈ।
ਸ਼ਿਕਾਇਤ ਦੀ ਜਾਂਚ ਤੋਂ ਬਾਅਦ ਸੀਬੀਆਈ ਨੇ ਵਿਸ਼ੇਸ਼ ਟੀਮ ਬਣਾਈ ਅਤੇ ਬੁੱਧਵਾਰ ਨੂੰ ਬ੍ਰਿਜ ਵਰਕਸ਼ਾਪ ਵਿੱਚ ਛਾਪੇਮਾਰੀ ਕਰਕੇ ਐੱਸਐੱਸਈ ਮਿਲਿੰਦ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਟੀਮ ਨੇ ਮੌਕੇ ਤੋਂ ਕੁਝ ਦਸਤਾਵੇਜ਼ ਵੀ ਆਪਣੇ ਕਬਜ਼ੇ ਵਿੱਚ ਲਏ। ਕਾਰਵਾਈ ਦੌਰਾਨ ਵਰਕਸ਼ਾਪ ਵਿੱਚ ਹੜਕੰਪ ਮਚ ਗਿਆ ਅਤੇ ਸੀਬੀਆਈ ਦੀ ਟੀਮ ਮੁਲਜ਼ਮ ਨੂੰ ਆਪਣੇ ਨਾਲ ਲੈ ਗਈ।
ਮੁੱਖ ਇੰਜੀਨੀਅਰ ਨੇ ਕੀਤੀ ਗ੍ਰਿਫ਼ਤਾਰੀ ਦੀ ਪੁਸ਼ਟੀ
ਬੜੌਦਾ ਹਾਊਸ ਸਥਿਤ ਬ੍ਰਿਜ ਵਰਕਸ਼ਾਪ ਦੇ ਮੁੱਖ ਇੰਜੀਨੀਅਰ ਆਰਪੀ ਸਿੰਘ ਨੇ ਐੱਸਐੱਸਈ ਮਿਲਿੰਦ ਕੁਮਾਰ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਠੇਕੇਦਾਰ ਦੀ ਸ਼ਿਕਾਇਤ ਤੋਂ ਬਾਅਦ ਮਸ਼ੀਨਰੀ ਦੀ ਖਰੀਦ ਅਤੇ ਕੰਮ ਦੀ ਕ੍ਰਾਸ ਜਾਂਚ ਦੇ ਹੁਕਮ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਸੀਬੀਆਈ ਨੇ ਆਪਣੀ ਜਾਂਚ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਗ੍ਰਿਫ਼ਤਾਰੀ ਕੀਤੀ ਹੈ। ਗ੍ਰਿਫ਼ਤਾਰੀ ਤੋਂ ਬਾਅਦ ਵਰਕਸ਼ਾਪ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਇਸ ਘਟਨਾ ਨੂੰ ਲੈ ਕੇ ਚਰਚਾ ਦਾ ਮਾਹੌਲ ਰਿਹਾ।