- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਕਿਤ ਸ਼ਰਮਾ, ਜਾਗਰਣ, ਜਲੰਧਰ

ਅੰਕਿਤ ਸ਼ਰਮਾ, ਜਾਗਰਣ,
ਜਲੰਧਰ : ਮੌਨਸੂਨ ਦਾ ਮਹੀਨਾ ਜੁਲਾਈ ਖਤਮ ਹੋਣ ਕੰਢੇ ਹੈ ਪਰ ਇਸ ਵਾਰ ਬੱਦਲ ਕਿਸਾਨਾਂ ਦੀਆਂ ਉਮੀਦਾਂ ਮੁਤਾਬਕ ਨਹੀਂ ਵਰ੍ਹੇ। ਜੁਲਾਈ ਦੇ 28 ਦਿਨਾਂ ’ਚ ਜ਼ਿਲ੍ਹੇ ਵਿਚ ਸਿਰਫ 122.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ, ਜੋ ਆਮ ਤੋਂ 31 ਫ਼ੀਸਦੀ ਘੱਟ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਹਰ ਸਾਲ ਜੁਲਾਈ ’ਚ ਔਸਤ 200 ਤੋਂ 233 ਐੱਮਐੱਮ ਮੀਂਹ ਪੈਂਦਾ ਹੈ ਪਰ ਇਸ ਵਾਰ ਪੂਰੇ ਮਹੀਨੇ ’ਚ ਸਿਰਫ 13 ਤੋਂ 16 ਦਿਨਾਂ ਵਿਚ ਹੀ ਮੀਂਹ ਪਿਆ। ਪਿਛਲੇ 5 ਸਾਲਾਂ ਦੀ ਗੱਲ ਕਰੀਏ ਤਾਂ 2023 ਵਿਚ ਸਭ ਤੋਂ ਵੱਧ 320 ਐੱਮਐੱਮ ਮੀਂਹ ਪਿਆ ਸੀ, ਜਦਕਿ 2025 ਵਿਚ ਸਭ ਤੋਂ ਘੱਟ 146.9 ਐੱਮਐੱਮ। ਇਸ ਤੋਂ ਇਲਾਵਾ 2021 ’ਚ 220 ਐੱਮਐੱਮ, 2024 ’ਚ 205 ਐੱਮਐੱਮ ਤੇ 2022 ’ਚ 175 ਐੱਮਐੱਮ ਮੀਂਹ ਦਰਜ ਕੀਤਾ ਗਿਆ ਸੀ। ਮੰਗਲਵਾਰ ਦੀ ਸਵੇਰੇ 4 ਵਜੇ ਗਰਜ ਨਾਲ ਤੇਜ਼ ਮੀਂਹ ਪਿਆ। ਸਿਰਫ ਅੱਧੇ ਘੰਟੇ ’ਚ 1.7 ਐੱਮਐੱਮ ਮੀਂਹ ਦਰਜ ਹੋਇਆ ਪਰ ਉਸ ਤੋਂ ਬਾਅਦ ਤੇਜ਼ ਹਵਾਵਾਂ ਦਾ ਸਿਲਸਿਲਾ ਜਾਰੀ ਰਿਹਾ ਪਰ ਦੁਪਹਿਰ 12 ਵਜੇ ਤੋਂ ਬਾਅਦ ਗਰਮੀ ਨੇ ਹਰ ਕਿਸੇ ਨੂੰ ਪਰੇਸ਼ਾਨ ਕਰ ਦਿੱਤਾ। ਇਸ ਕਾਰਨ ਵੱਧ ਤੋਂ ਵੱਧ ਤਾਪਮਾਨ 33.2 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 29.4 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ। ਦੂਜੇ ਪਾਸੇ, ਮੌਸਮ ਵਿਭਾਗ ਨੇ ਅਗਲੇ ਛੇ ਦਿਨਾਂ ਵਿਚ ਵੀ ਮੌਸਮ ਦੇ ਇਸੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਜਤਾਈ ਹੈ, ਜਿਸ ਵਿਚ ਤੇਜ਼ ਹਵਾਵਾਂ ਦੇ ਨਾਲ-ਨਾਲ ਕਿਤੇ-ਕਿਤੇ ਛਿੱਟੇ ਵੀ ਪੈ ਸਕਦੇ ਹਨ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਜੁਲਾਈ ਚੌਲ ਦੀ ਫਸਲ ਲਈ ਸਭ ਤੋਂ ਮਹੱਤਵਪੂਰਨ ਮਹੀਨਾ ਹੁੰਦਾ ਹੈ। ਇਸ ਸਮੇਂ ਖੇਤਾਂ ’ਚ ਪਾਣੀ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਘੱਟ ਮੀਂਹ ਕਾਰਨ ਕਿਸਾਨਾਂ ਨੂੰ ਟਿਊਬਵੈੱਲ 'ਤੇ ਜ਼ਿਆਦਾ ਨਿਰਭਰ ਹੋਣਾ ਪਿਆ। ਜੇ ਅਗਲੇ ਕੁਝ ਦਿਨਾਂ ਵਿਚ ਚੰਗਾ ਮੀਂਹ ਨਹੀਂ ਪਿਆ ਤਾਂ ਝੋਨੇ ਦੇ ਵਾਧਾ 'ਤੇ ਅਸਰ ਪੈ ਸਕਦਾ ਹੈ ਤੇ ਉਤਪਾਦਨ ਵੀ ਘੱਟ ਹੋ ਸਕਦਾ ਹੈ। ਇਸ ਨਾਲ ਹੀ ਨਮੀ ਦੀ ਘਾਟ ਕਾਰਨ ਕੀੜੇ ਤੇ ਬਿਮਾਰੀਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ।
--
ਡੀਏਵੀ ਕਾਲਜ ਦੇ ਜਿਓਗ੍ਰਾਫੀ ਵਿਭਾਗ ਦੇ ਡਾ. ਕੁੰਵਰ ਦਾ ਕਹਿਣਾ ਹੈ ਕਿ ਮੌਨਸੂਨ ਵਿਚ ਮੀਂਹ ਤਾਂ ਪਿਆ ਹੈ ਤੇ ਆਉਣ ਵਾਲੇ ਦਿਨਾਂ ’ਚ ਵੀ ਪਵੇਗਾ। ਜੁਲਾਈ ਦੇ ਮਹੀਨੇ ’ਚ ਮੀਂਹ ਦੇ ਕੁਝ ਦਿਨ ਹੀ ਹੁੰਦੇ ਹਨ। ਇਸ ਵਿਚ ਕਈ ਵਾਰੀ ਬੱਦਲ ਆਉਂਦੇ ਹਨ ਤੇ ਬਿਨਾਂ ਵਰ੍ਹੇ ਹੀ ਚਲੇ ਜਾਂਦੇ ਹਨ। ਬਾਵਜੂਦ ਇਸ ਦੇ ਮੀਂਹ ਪਿਆ ਹੈ ਪਰ ਉਹ ਆਮ ਹੀ ਰਹੀ ਹੈ। ਆਉਣ ਵਾਲੇ ਦਿਨਾਂ ’ਚ ਮੀਂਹ ਦੀ ਵੱਧ ਸੰਭਾਵਨਾ ਹੈ ਤੇ ਹਾਂ ਪੱਖੀ ਨਤੀਜੇ ਆਉਣਗੇ। ਹਾਲਾਂਕਿ ਆਉਣ ਵਾਲੇ ਦਿਨਾਂ ’ਚ ਚੰਗਾ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ।
---
ਉੱਤਰ-ਪੱਛਮ ’ਚ ਮੌਨਸੂਨ ਆਮ ਰਹਿਣ ਦੇ ਬਾਵਜੂਦ ਜਲੰਧਰ ’ਚ ਮੀਂਹ ਦੀ ਕਮੀ
ਗੌਰਮੈਂਟ ਕਾਲਜ ਆਫ ਐਜੂਕੇਸ਼ਨ (ਬੀਐੱਡ ਕਾਲਜ) ਲਾਡੋਵਾਲੀ ਰੋਡ ਦੇ ਜਿਓਗ੍ਰਾਫੀ ਵਿਭਾਗ ਦੇ ਸ਼ੇਖਰ ਕੁਮਾਰ ਕਹਿੰਦੇ ਹਨ ਕਿ ਆਮ ਤੌਰ 'ਤੇ ਜਲੰਧਰ ਵਿਚ ਜੁਲਾਈ ਸਭ ਤੋਂ ਵੱਧ ਮੀਂਹ ਵਾਲਾ ਮਹੀਨਾ ਹੁੰਦਾ ਹੈ, ਜਿੱਥੇ ਔਸਤ 200 ਐੱਮਐੱਮ ਤੋਂ ਵੱਧ ਮੀਂਹ ਪੈਂਦਾ ਹੈ ਪਰ 2026 ਦਾ ਮੌਨਸੂਨ ਕਾਫੀ ਵੱਖਰਾ ਰਿਹਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੇ ਅਨੁਮਾਨਾਂ ਅਨੁਸਾਰ, ਜਲੰਧਰ ਉਨ੍ਹਾਂ ਭਾਰਤੀ ਜ਼ਿਲ੍ਹਿਆਂ ’ਚ ਸ਼ਾਮਲ ਹੈ ਜਿੱਥੇ ਜੁਲਾਈ ਦੌਰਾਨ ਮੀਂਹ ’ਚ 20-59 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਇਸੇ ਕਾਰਨ, ਇਹ ਕਮੀ ਵਾਲੇ ਜ਼ਿਲ੍ਹਿਆਂ ਦੀ ਸ਼੍ਰੇਣੀ ਵਿਚ ਆ ਗਿਆ ਹੈ। ਇਹ ਕਮੀ ਇਸ ਲਈ ਵੀ ਖਾਸ ਤੌਰ 'ਤੇ ਧਿਆਨ ਦੇਣ ਯੋਗ ਹੈ ਕਿਉਂਕਿ ਜਲੰਧਰ ਵਰਗੇ ਜ਼ਿਲ੍ਹਿਆਂ ’ਚ ਸਥਾਨਕ ਪੱਧਰ 'ਤੇ ਕਮੀ ਦੇ ਬਾਵਜੂਦ ਭਾਰਤ ਦੇ ਉੱਤਰ-ਪੱਛਮੀ ਮੌਸਮ ਖੇਤਰ ’ਚ ਕੁੱਲ ਮਿਲਾ ਕੇ ਮੌਨਸੂਨ ਲਗਪਗ ਆਮ ਰਿਹਾ ਹੈ। ਮੀਂਹ ਦਾ ਇਹ ਵੱਖਰਾ ਪੈਟਰਨ ਅਸਮਾਨ ਵੰਡ ਨੂੰ ਦਰਸਾਉਂਦਾ ਹੈ ਤੇ ਇਕ ਹੀ ਮੌਸਮ ਖੇਤਰ ’ਚ ਮੌਜੂਦ ਵੱਡੇ ਫਰਕ ਨੂੰ ਉਜਾਗਰ ਕਰਦਾ ਹੈ।