- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਂਚ ਦੌਰਾਨ ਇਕ ਅਹਿਮ ਖੁਲਾਸਾ ਹੋਇਆ ਹੈ, ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ, ਮੁਲਜ਼ਮ ਆਪਣੀ ਅਸਲ ਪਛਾਣ ਲੁਕਾਉਣ ਤੇ ਪੁਲਿਸ ਦੀ ਪਕੜ ਤੋਂ ਬਚਣ ਲਈ ਸਿੱਖਾਂ ਜਾਂ ‘ਨਿਹੰਗਾਂ’ ਵਾਲਾ ਰਵਾਇਤੀ ਪਹਿਰਾਵਾ ਧਾਰਨ ਕਰ ਲੈਂਦੇ ਸਨ।

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਕਮਿਸ਼ਨਰੇਟ ਪੁਲਿਸ ਨੇ ਲੁਟੇਰਿਆਂ ਦੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜਿਸ ’ਚ ਇਕ ਨਾਬਾਲਗ ਵੀ ਸ਼ਾਮਲ ਹੈ ਜੋ ਸਾਰਾ ਦਿਨ ‘ਨਿਹੰਗ’ ਪਹਿਰਾਵਾ ਧਾਰਨ ਕਰਕੇ ਤੇ ਰਾਤ ਵੇਲੇ ਸਧਾਰਨ ਕੱਪੜਿਆਂ ’ਚ ਰਾਮਾ ਮੰਡੀ ਤੇ ਆਸ-ਪਾਸ ਦੇ ਇਲਾਕਿਆਂ ’ਚ ਹਥਿਆਰਬੰਦ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਨੇ ਗਿਰੋਹ ਕੋਲੋਂ ਚੋਰੀ ਦੇ ਤਿੰਨ ਮੋਟਰਸਾਈਕਲ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਸੈਂਟਰਲ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ 17 ਨਵੰਬਰ ਨੂੰ ਮਨੋਜ ਕੁਮਾਰ ਦਲਵੀ ਵਾਸੀ ਟੈਗੋਰ ਨਗਰ ਨੇ ਥਾਣਾ ਰਾਮਾ ਮੰਡੀ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਰਾਤ ਕਰੀਬ 11:45 ਵਜੇ ਕੰਮ ਤੋਂ ਵਾਪਸ ਘਰ ਪਰਤ ਰਿਹਾ ਸੀ। ਦਕੋਹਾ ਰੇਲਵੇ ਕਰਾਸਿੰਗ ਨੇੜੇ, ਇਕ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ ਤੇ ਪਿਸਤੌਲ ਤੇ ‘ਦਾਤਰ’ ਦਿਖਾ ਕੇ ਡਰਾਇਆ-ਧਮਕਾਇਆ। ਮੁਲਜ਼ਮਾਂ ਨੇ ਉਸ ਦਾ ਪਲਸਰ ਮੋਟਰਸਾਈਕਲ, ਬੈਗ, ਬਟੂਆ ਤੇ ਹੋਰ ਸਮਾਨ ਖੋਹ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ।
ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ ਕੀਤੇ ਗਏ ਮੁਲਜ਼ਮ ਕਾਬੂ
ਕਾਰਵਾਈ ਕਰਦਿਆਂ ਦਕੋਹਾ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਨਰਿੰਦਰ ਮੋਹਨ ਨੇ ਮਾਮਲਾ ਦਰਜ ਕਰਕੇ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਕੇ ਜਾਂਚ ਕੀਤੀ ਗਈ, ਜਿਸ ’ਚ ਇਲਾਕੇ ਦੀਆਂ ਸੀਸੀਟੀਵੀ ਫੁਟੇਜ ਦੀ ਜਾਂਚ ਵੀ ਸ਼ਾਮਲ ਸੀ। ਇਨ੍ਹਾਂ ਸੁਰਾਗਾਂ ਦੇ ਆਧਾਰ ’ਤੇ ਪੁਲਿਸ ਨੇ 26 ਨਵੰਬਰ ਨੂੰ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਹੈ ਤੇ ਫਿਲਹਾਲ ਉਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਛਾਣ ਲੁਕਾਉਣ ਲਈ ‘ਨਿਹੰਗ’ ਪਹਿਰਾਵੇ ਦੀ ਕਰਦੇ ਸਨ ਵਰਤੋਂ
ਜਾਂਚ ਦੌਰਾਨ ਇਕ ਅਹਿਮ ਖੁਲਾਸਾ ਹੋਇਆ ਹੈ, ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ, ਮੁਲਜ਼ਮ ਆਪਣੀ ਅਸਲ ਪਛਾਣ ਲੁਕਾਉਣ ਤੇ ਪੁਲਿਸ ਦੀ ਪਕੜ ਤੋਂ ਬਚਣ ਲਈ ਸਿੱਖਾਂ ਜਾਂ ‘ਨਿਹੰਗਾਂ’ ਵਾਲਾ ਰਵਾਇਤੀ ਪਹਿਰਾਵਾ ਧਾਰਨ ਕਰ ਲੈਂਦੇ ਸਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਆਕਾਸ਼ਦੀਪ ਸਿੰਘ ਉਰਫ਼ ਆਕਾਸ਼ ਵਾਸੀ ਬਸਤੀ ਗੋਬਿੰਦਗੜ੍ਹ, ਥਾਣਾ ਰਾਮ ਸਹਾਏ, ਜ਼ਿਲ੍ਹਾ ਫ਼ਿਰੋਜ਼ਪੁਰ, ਤੀਰਥ ਸਿੰਘ ਉਰਫ਼ ਗੋਲੀ ਵਾਸੀ ਰੇਲਵੇ ਸਟੇਸ਼ਨ, ਗਲੀ ਨੰਬਰ 04, ਦਲੀਪ ਸਿੰਘ ਨਗਰ, ਥਾਣਾ ਸਦਰ ਖੰਨਾ ਤੇ ਇਕ ਨਾਬਾਲਗ, ਵਾਸੀ ਸੰਤੋਖਪੁਰਾ, ਜਲੰਧਰ ਦੇ ਰੂਪ ’ਚ ਹੋਈ ਹੈ।
ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ ਤਿੰਨ ਮੋਟਰਸਾਈਕਲ, ਵਾਰਦਾਤ ’ਚ ਵਰਤਿਆ ਗਿਆ ਹਥਿਆਰ ਤੇ ਲੁੱਟਿਆ ਗਿਆ ਸਾਮਾਨ ਬਰਾਮਦ ਕੀਤਾ ਹੈ। ਏਸੀਪੀ ਓੰਕਾਰ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ’ਤੇ ਲੈ ਲਿਆ ਗਿਆ ਹੈ ਤੇ ਸ਼ਹਿਰ ’ਚ ਕੀਤੇ ਗਏ ਹੋਰ ਅਪਰਾਧਾਂ ਦਾ ਪਤਾ ਲਗਾਉਣ ਲਈ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਲੁੱਟ-ਖੋਹ ਦੀਆਂ ਹੋਰ ਘਟਨਾਵਾਂ ਦਾ ਵੀ ਪਤਾ ਲੱਗ ਸਕਦਾ ਹੈ।