ਜਲੰਧਰ ਸਿਟੀ ਦਾ 90 ਕਰੋੜ ਦਾ ਟੈਂਡਰ ਅਲਾਟ
ਜਲੰਧਰ ਸਿਟੀ ਦਾ 90 ਕਰੋੜ ਦਾ ਟੈਂਡਰ ਅਲਾਟ, ਰੇਲ ਰਾਜ ਮੰਤਰੀ
Publish Date: Thu, 26 Mar 2026 10:25 PM (IST)
Updated Date: Thu, 26 Mar 2026 10:29 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਸਿਟੀ ਰੇਲਵੇ ਸਟੇਸ਼ਨ ਦਾ ਪਹਿਲੇ ਪੜਾਅ ’ਚ 90 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਾਣ ਕੰਮ ਜਲਦੀ ਸ਼ੁਰੂ ਹੋਵੇਗਾ। ਇਸ ਲਈ ਕੰਪਨੀ ਨੂੰ ਟੈਂਡਰ ਅਲਾਟ ਹੋ ਚੁੱਕਾ ਹੈ ਤੇ ਠੇਕੇਦਾਰ ਵੱਲੋਂ ਜਲਦ ਹੀ ਸਥਿਤੀ ਅਨੁਸਾਰ ਮਸ਼ੀਨਾਂ ਲਿਆਂਦੀਆਂ ਜਾਣਗੀਆਂ, ਜਿਸ ਤੋਂ ਬਾਅਦ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਇਹ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਨੇ 450 ਕਰੋੜ ਰੁਪਏ ਦੇ ਰੇਲਵੇ ਸਟੇਸ਼ਨਾਂ ਦੇ ਨਿਰਮਾਣ ਤੇ ਆਰਓਬੀ ਆਦਿ ਦੇ ਕੰਮਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ 90 ਕਰੋੜ ਤੇ ਬਿਆਸ ਸਟੇਸ਼ਨ ’ਤੇ 62 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਾਣ ਹੋਵੇਗਾ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੀ ਦੂਜੀ ਲੜੀ ਹੇਠ ਦੋਵੇਂ ਸਟੇਸ਼ਨਾਂ ਦੇ ਨਿਰਮਾਣ ਕੰਮ ਦਾ ਜਲਦ ਹੀ ਉਦਘਾਟਨ ਕੀਤਾ ਜਾਵੇਗਾ, ਕਿਉਂਕਿ ਦੋਵੇਂ ਸਟੇਸ਼ਨ ਬਹੁਤ ਮਹੱਤਵਪੂਰਨ ਹਨ ਤੇ ਉਨ੍ਹਾਂ ਦੇ ਨਵੀਨੀਕਰਨ ਦੀ ਲੋੜ ਸੀ ਤਾਂ ਜੋ ਯਾਤਰੀਆਂ ਨੂੰ ਵਧੀਆ ਸਹੂਲਤਾਂ ਮਿਲ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਰੇਲਵੇ ਕੋਲ ਫੰਡ ਦੀ ਕੋਈ ਘਾਟ ਨਹੀਂ ਹੈ ਤੇ ਯਾਤਰੀ ਸਹੂਲਤਾਂ ਤੇ ਭਵਿੱਖ ਦੀਆਂ ਯੋਜਨਾਵਾਂ ਨੂੰ ਧਿਆਨ ’ਚ ਰੱਖ ਕੇ ਹੀ ਕੰਮ ਕੀਤੇ ਜਾਂਦੇ ਹਨ, ਇਸ ਲਈ ਕੁਝ ਸਮਾਂ ਲੱਗਣਾ ਸੁਭਾਵਿਕ ਹੈ। ----------------------- 90 ਮੀਟਰ ਲੰਬੀ ਤੇ 20 ਮੀਟਰ ਚੌੜੀ ਹੋਵੇਗੀ ਨਵੀਂ ਬਿਲਡਿੰਗ ਮੌਜੂਦਾ ਪੁਰਾਣੀ ਬਿਲਡਿੰਗ ਨੂੰ ਫਿਲਹਾਲ ਨਹੀਂ ਛੇੜਿਆ ਜਾਵੇਗਾ। ਫੁੱਟਓਵਰ ਬ੍ਰਿਜ ਤੋਂ ਅੱਗੇ ਵਾਲੇ ਹਿੱਸੇ ਨੂੰ ਤੋੜ ਕੇ ਉੱਥੇ ਨਵੀਂ ਬਿਲਡਿੰਗ ਬਣਾਈ ਜਾਵੇਗੀ, ਜੋ ਸਟੇਸ਼ਨ ਦੀ ਮੁੱਖ ਐਂਟਰੀ ਹੋਵੇਗੀ। ਇਸ ਲਈ 90 ਮੀਟਰ ਲੰਬੀ ਤੇ 20 ਮੀਟਰ ਚੌੜੀ ਬਿਲਡਿੰਗ ਤਿਆਰ ਕੀਤੀ ਜਾਵੇਗੀ। ਇਸ ਲਈ ਡਾਕਘਰ ਤੇ ਜੀਆਰਪੀ ਕੰਟਰੋਲ ਰੂਮ ਦੀਆਂ ਇਮਾਰਤਾਂ ਨੂੰ ਤੋੜਿਆ ਜਾਵੇਗਾ। ਰੇਲਵੇ ਕਾਲੋਨੀਆਂ ਵੱਲੋਂ ਆਉਣ ਵਾਲੀ ਸੜਕ ਲਗਭਗ ਡੇਢ ਸਾਲ ਲਈ ਬੰਦ ਰਹੇਗੀ। ਸੜਕ ਦੇ ਦੂਜੇ ਪਾਸੇ ਦੀਆਂ ਕਈ ਇਮਾਰਤਾਂ ਵੀ ਤੋੜੀਆਂ ਜਾਣਗੀਆਂ, ਜਿਨ੍ਹਾਂ ਵਿਚ ਯੂਨੀਅਨਾਂ ਦੇ ਦਫ਼ਤਰ, ਐੱਸਐੱਚਓ ਜੀਆਰਪੀ ਰਿਹਾਇਸ਼ ਤੇ ਵੈੱਲਫੇਅਰ ਦਫ਼ਤਰ ਸ਼ਾਮਲ ਹਨ। ਨਿਰਮਾਣ ਦੌਰਾਨ ਜੀਆਰਪੀ ਨੂੰ ਲੁਧਿਆਣਾ ਵੱਲ ਦੇ ਪਲੇਟਫਾਰਮ ਦੇ ਅੰਤ ’ਚ ਨਵੀਂ ਇਮਾਰਤ ’ਚ ਸ਼ਿਫਟ ਕੀਤਾ ਜਾਵੇਗਾ, ਜਦਕਿ ਆਰਪੀਐੱਫ ਅਜੇ ਆਪਣੀ ਮੌਜੂਦਾ ਜਗ੍ਹਾ ’ਤੇ ਹੀ ਰਹੇਗੀ। ਦੂਜੇ ਪੜਾਅ ’ਚ ਸੈਕੰਡ ਐਂਟਰੀ ਬਣਾਈ ਜਾਵੇਗੀ ਤੇ ਫੁੱਟਓਵਰ ਬ੍ਰਿਜ ਨੂੰ ਵੀ ਚੌੜਾ ਕੀਤਾ ਜਾਵੇਗਾ। ਮਾਲ ਗੁਦਾਮ ਨੂੰ ਸ਼ਿਫਟ ਕਰਕੇ ਯਾਰਡ ਏਰੀਆ ਨੂੰ ਵੀ ਸਿਧਾ ਕੀਤਾ ਜਾਵੇਗਾ ਤਾਂ ਜੋ ਪਲੇਟਫਾਰਮਾਂ ਦੀ ਗਿਣਤੀ ਵਧ ਸਕੇ। ਇਸ ਦੇ ਨਾਲ ਪਲੇਟਫਾਰਮ ਨੰਬਰ 5 ਦੀ ਲਾਈਨ ਨੂੰ ਵੀ ਅੱਗੇ ਵਧਾਇਆ ਜਾਵੇਗਾ, ਜਿਸ ਨਾਲ ਟ੍ਰੇਨਾਂ ਨੂੰ ਆਉਟਰ ’ਤੇ ਰੋਕਣ ਦੀ ਲੋੜ ਨਹੀਂ ਪਵੇਗੀ। ------------------------- ਇਹ ਹੋਣਗੀਆਂ ਨਵੀਆਂ ਸਹੂਲਤਾਂ ਸਟੇਸ਼ਨ ’ਤੇ ਹੇਠ ਲਿਖੀਆਂ ਆਧੁਨਿਕ ਸਹੂਲਤਾਂ ਦਿੱਤੀਆਂ ਜਾਣਗੀਆਂ: ਐਸਕਲੇਟਰ ਤੇ ਲਿਫਟਾਂ ਵਾਟਰ ਟ੍ਰੀਟਮੈਂਟ ਪਲਾਂਟ ਰੂਫਟਾਪ ਤੇ ਪਾਵਰ ਗ੍ਰਿਡ ਰੇਨ ਵਾਟਰ ਹਾਰਵੇਸਟਿੰਗ ਸਿਸਟਮ ਡਿਜੀਟਲ ਸਕ੍ਰੀਨ ਏਟੀਐੱਮ ਮਸ਼ੀਨਾਂ ਲੱਗੇਜ ਸਕੈਨਿੰਗ ਮਸ਼ੀਨਾਂ ਮੈਟਲ ਡਿਟੈਕਟਰ ਨਾਲ ਐਂਟਰੀ ਗੇਟ ਡਿਜੀਟਲ ਲਾਕਰ ਤੇ ਹੈਲਪ ਡੈਸਕ ਵਨ ਸਟੇਸ਼ਨ ਵਨ ਪ੍ਰੋਡਕਟ ਸਟਾਲ ਡੋਰਮਿਟਰੀ ਸਹੂਲਤ -------------------- 164 ਸਾਲ ਬਾਅਦ ਨਵੀਂ ਬਿਲਡਿੰਗ ਦਾ ਨਿਰਮਾਣ ਜਲੰਧਰ ਦੇ ਰੇਲਵੇ ਸਟੇਸ਼ਨ ਦਾ ਨਿਰਮਾਣ 1862 ’ਚ ਸ਼ੁਰੂ ਹੋਇਆ ਸੀ ਤੇ 1870 ’ਚ ਇਸ ਨੂੰ ਅੰਮ੍ਰਿਤਸਰ-ਅੰਬਾਲਾ-ਸਹਾਰਨਪੁਰ-ਗਾਜ਼ੀਆਬਾਦ ਰੇਲ ਮਾਰਗ ਨਾਲ ਜੋੜਿਆ ਗਿਆ ਸੀ। ਇਹ ਸਟੇਸ਼ਨ ਅੰਗਰੇਜ਼ੀ ਦੌਰ ਦਾ ਬਣਿਆ ਹੋਇਆ ਹੈ ਤੇ ਇਸ ਦੀ ਮੁੱਖ ਇਮਾਰਤ ਕਾਫ਼ੀ ਪੁਰਾਣੀ ਹੈ। ਹੁਣ 164 ਸਾਲ ਬਾਅਦ ਇਸ ਦੀ ਨਵੀਂ ਬਿਲਡਿੰਗ ਬਣਾਈ ਜਾਵੇਗੀ ਤੇ ਮੁੱਖ ਐਂਟਰੀ ਵੀ ਬਦਲੀ ਜਾਵੇਗੀ। ਨਵਾਂ ਪਾਰਕਿੰਗ ਏਰੀਆ ਜੀਆਰਪੀ ਬਿਲਡਿੰਗ ਦੇ ਨੇੜੇ ਬਣਾਇਆ ਜਾਵੇਗਾ ਤੇ ਰੇਲਵੇ ਰੋਡ ਨੂੰ ਸਿੱਧਾ ਸਟੇਸ਼ਨ ਨਾਲ ਜੋੜਿਆ ਜਾਵੇਗਾ। ਵਨ-ਵੇ ਟ੍ਰੈਫਿਕ ਨੂੰ ਤਰਜੀਹ ਦਿੱਤੀ ਜਾਵੇਗੀ। ਮੌਜੂਦਾ ਸਮੇਂ ’ਚ ਸਟੇਸ਼ਨ ‘ਤੇ ਰੋਜ਼ਾਨਾ ਲਗਪਗ 105 ਟ੍ਰੇਨਾਂ ਆਉਂਦੀਆਂ ਹਨ ਤੇ ਕਰੀਬ 30 ਹਜ਼ਾਰ ਯਾਤਰੀ ਆਉਂਦੇ-ਜਾਂਦੇ ਹਨ। ਅਜੇ ਸਟੇਸ਼ਨ ’ਤੇ 5 ਪਲੇਟਫਾਰਮ ਹਨ, ਜਿਨ੍ਹਾਂ ਦੀ ਗਿਣਤੀ ਵਧਾਈ ਜਾਵੇਗੀ। ਇਸ ਤੋਂ ਇਲਾਵਾ ਏਸੀ ਵੇਟਿੰਗ ਹਾਲ ਤਕਰੀਬਨ ਤਿਆਰ ਹੈ ਤੇ ਜਲਦ ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ ਜਨਰਲ ਵੇਟਿੰਗ ਹਾਲ, ਰਿਜ਼ਰਵੇਸ਼ਨ ਵੇਟਿੰਗ ਹਾਲ, ਟਿਕਟ ਕਾਊਂਟਰ ਤੇ 6 ਆਟੋਮੈਟਿਕ ਟਿਕਟ ਵੇਂਡਿੰਗ ਮਸ਼ੀਨਾਂ ਦੀ ਸਹੂਲਤ ਵੀ ਮੌਜੂਦ ਹੈ।