
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰੱਖੜੀ ਮੁਹਿੰਮ ਤਹਿਤ ਪੰਜਾਬੀ ਜਾਗਰਣ ਅਤੇ ਦੈਨਿਕ ਜਾਗਰਣ ਨੇ ਬੀਐਸਐਫ ਦੇ ਆਈਜੀ ਨੂੰ ਸੌਂਪੀਆਂ ਵੀਰ ਜਵਾਨਾਂ ਲਈ ਰੱਖੜੀਆਂ

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ‘ਪੰਜਾਬੀ ਜਾਗਰਣ’ ਤੇ ‘ਦੈਨਿਕ ਜਾਗਰਣ’ ਦੇ ‘ਭਾਰਤ ਰੱਖਿਆ ਪਰਵ’ ਮੁਹਿੰਮ ਤਹਿਤ ਸੋਮਵਾਰ ਨੂੰ ਜਲੰਧਰ ਵਿੱਚ ਸਕੂਲੀ ਬੱਚਿਆਂ ਵੱਲੋਂ ਸਰਹੱਦ ’ਤੇ ਤਾਇਨਾਤ ਵੀਰ ਜਵਾਨਾਂ ਲਈ ਤਿਆਰ ਕੀਤੀਆਂ ਰੱਖੜੀਆਂ ਬੀਐੱਸਐੱਫ ਪੰਜਾਬ ਫਰੰਟੀਅਰ ਦੇ ਆਈਜੀ ਆਈਪੀਐੱਸ ਡਾ. ਅਤੁਲ ਫੁਲਝੇਲੇ ਨੂੰ ਸੌਂਪੀਆਂ ਗਈਆਂ। ਜਾਗਰਣ ਗਰੁੱਪ ਪੰਜਾਬ ਦੇ ਜਨਰਲ ਮੈਨੇਜਰ ਨੀਰਜ ਸ਼ਰਮਾ ਨੇ ਉਨ੍ਹਾਂ ਨੂੰ ਰੱਖੜੀਆਂ, ਗ੍ਰੀਟਿੰਗ ਕਾਰਡ ਤੇ ਸਨੇਹੇ ਸੰਦੇਸ਼ ਭੇਟ ਕੀਤੇ। ‘ਭਾਰਤ ਰੱਖਿਆ ਪਰਵ’ ‘ਪੰਜਾਬੀ ਜਾਗਰਣ’ ਤੇ ‘ਦੈਨਿਕ ਜਾਗਰਣ’ ਦੀ ਇਕ ਰਾਸ਼ਟਰੀ ਪਹਿਲ ਹੈ, ਜਿਸ ਤਹਿਤ ਰੱਖੜੀ ਦੇ ਮੌਕੇ ਸਰਹੱਦਾਂ ’ਤੇ ਦੇਸ਼ ਦੀ ਰੱਖਿਆ ਲਈ ਤਾਇਨਾਤ ਵੀਰ ਜਵਾਨਾਂ ਤੱਕ ਦੇਸ਼ ਭਰ ਦੇ ਨਾਗਰਿਕਾਂ ਅਤੇ ਸਕੂਲੀ ਬੱਚਿਆਂ ਵੱਲੋਂ ਤਿਆਰ ਕੀਤੀਆਂ ਰੱਖੜੀਆਂ ਤੇ ਸਨੇਹੇ ਸੰਦੇਸ਼ ਭੇਜੇ ਜਾਂਦੇ ਹਨ। ਇਸ ਦਾ ਉਦੇਸ਼ ਘਰ ਤੋਂ ਦੂਰ ਸਰਹੱਦਾਂ ’ਤੇ ਡਿਊਟੀ ਨਿਭਾਅ ਰਹੇ ਜਵਾਨਾਂ ਤੱਕ ਉਨ੍ਹਾਂ ਦੀਆਂ ਭੈਣਾਂ ਦਾ ਪਿਆਰ ਤੇ ਸਤਿਕਾਰ ਪਹੁੰਚਾਉਣਾ ਹੈ। ‘ਜਾਗਰਣ ਗਰੁੱਪ’ ਵੱਲੋਂ ਪਿਛਲੇ ਕਰੀਬ 20 ਸਾਲਾਂ ਤੋਂ ਇਹ ਅਭਿਆਨ ਪੂਰੇ ਉਤਸ਼ਾਹ ਨਾਲ ਚਲਾਇਆ ਜਾ ਰਿਹਾ ਹੈ। ਇਸ ਮੁਹਿੰਮ ਰਾਹੀਂ ਦੇਸ਼ ਦੇ ਸੁਰੱਖਿਆ ਬਲਾਂ ਦੀ ਬਹਾਦਰੀ, ਅਨੁਸ਼ਾਸਨ ਅਤੇ ਨਿਸ਼ਕਾਮ ਸੇਵਾ ਪ੍ਰਤੀ ਸਨਮਾਨ ਅਤੇ ਧੰਨਵਾਦ ਪ੍ਰਗਟ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਸਰਹੱਦਾਂ ’ਤੇ ਤਾਇਨਾਤ ਜਵਾਨਾਂ ਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ। ਇਹ ਅਭਿਆਨ ਨੌਜਵਾਨਾਂ ਅਤੇ ਸਕੂਲੀ ਵਿਦਿਆਰਥੀਆਂ ਵਿੱਚ ਦੇਸ਼ ਪ੍ਰੇਮ ਅਤੇ ਸੈਨਿਕਾਂ ਦੀ ਕੁਰਬਾਨੀ ਪ੍ਰਤੀ ਜਾਗਰੂਕਤਾ ਵਧਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਹਰ ਸਾਲ ਦੇਸ਼ ਭਰ ਦੇ ਸਕੂਲਾਂ, ਕਾਲਜਾਂ ਅਤੇ ਸਮਾਜਿਕ ਸੰਸਥਾਵਾਂ ਦੇ ਵਿਦਿਆਰਥੀ ਆਪਣੇ ਹੱਥਾਂ ਨਾਲ ਸੁੰਦਰ ਰੱਖੜੀਆਂ ਤਿਆਰ ਕਰਦੇ ਹਨ ਅਤੇ ਜਵਾਨਾਂ ਦੇ ਨਾਮ ਪ੍ਰੇਰਣਾਦਾਇਕ ਤੇ ਭਾਵਨਾਤਮਕ ਪੱਤਰ ਲਿਖਦੇ ਹਨ।
ਇਸ ਮੌਕੇ ਬੀਐੱਸਐੱਫ ਦੇ ਆਈਜੀ ਆਈਪੀਐੱਸ ਡਾ. ਅਤੁਲ ਫੁਲਝੇਲੇ, ਡਿਪਟੀ ਇੰਸਪੈਕਟਰ ਜਨਰਲ ਕਮਲਜੀਤ ਸਿੰਘ, ਦੂਜੀ ਕਮਾਨ ਅਧਿਕਾਰੀ (ਜਨਰਲ) ਨਰਿੰਦਰ ਪਾਲ ਅਤੇ ਡਿਪਟੀ ਕਮਾਂਡੈਂਟ (ਜਨਰਲ) ਅਖਿਲੇਸ਼ ਬਿਸ਼ਟ ਵੀ ਮੌਜੂਦ ਸਨ।