- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਭਗਵਾਨ ਜਗਨਨਾਥ ਦੇ ਨਾਲ

-ਭਗਵਾਨ ਜਗਨਨਾਥ ਦੇ ਨਾਲ ਸਜੇ ਭਾਜੀ ਬਲਭੱਦਰ ਤੇ ਭੈਣ ਸੁਭੱਦਰਾ
-ਵੱਖ-ਵੱਖ ਜਥੇਬੰਦੀਆਂ ਨੇ ਲੰਗਰ ਲਾ ਕੇ ਤੇ ਫੁੱਲਾਂ ਦੀ ਵਰਖਾ ਕਰ ਕੇ ਕੀਤਾ ਸਵਾਗਤ
-ਪਵਿੱਤਰ ਰਥ ਦੀ ਰੱਸੀ ਖਿੱਚਣ ਲਈ ਭਗਤਾਂ ’ਚ ਲੱਗੀ ਰਹੀ ਹੋੜ
ਜਾਸ, ਜਲੰਧਰ
ਦੁਪਹਿਰ ਦੇ ਤਿੰਨ ਵਜੇ ਸਨ। ਪ੍ਰਬੰਧਕ ਹੀ ਨਹੀਂ, ਸਗੋਂ ਭਗਵਾਨ ’ਚ ਵਿਸ਼ਵਾਸ ਰੱਖਣ ਵਾਲੇ ਭਗਤ ਵੀ ਭਗਵਾਨ ਜਗਨਨਾਥ, ਭਾਜੀ ਬਲਭੱਦਰ ਅਤੇ ਭੈਣ ਸੁਭੱਦਰਾ ਨੂੰ ਰਥ ’ਚ ਬੈਠਾਉਣ ਲਈ ਤਿਆਰ ਹੋ ਰਹੇ ਸਨ। ਗਰਮੀ ਤੇ ਹੁਮਸ ਵਿਚਾਲੇ ਪਸੀਨੇ ’ਚ ਤਰ ਭਗਤਾਂ ਦਾ ਮਕਸਦ ਸਿਰਫ ਇਸ ਰਥ ਨੂੰ ਆਕਰਸ਼ਕ ਬਣਾਉਣਾ ਸੀ। ਜਿਵੇਂ ਹੀ ਭਗਵਾਨ ਰਥ ’ਚ ਸਜਾਏ ਗਏ, ਔਰਤਾਂ ਦੀ ਸੰਗੀਤ ਮੰਡਲੀ ਨੇ ਭਜਨ ਗਾਉਣਾ ਸ਼ੁਰੂ ਕਰ ਦਿੱਤਾ। ਸ਼ਾਮ ਦੇ ਪੰਜ ਵਜੇ ਜਿਵੇਂ ਹੀ ਰਥ ਯਾਤਰਾ ਸ਼ੁਰੂ ਹੋਈ, ਇਹ ਮੌਕਾ ਸੀ ਭਗਵਾਨ ਜਗਨਨਾਥ ਸੁਸਾਇਟੀ ਵੱਲੋਂ ਵੀਰਵਾਰ ਨੂੰ ਸ਼ਹਿਰ ’ਚ ਕੱਢੀ ਗਈ ਰਥ ਯਾਤਰਾ ਦਾ। ਜੋ ਕੋਟ ਕਿਸ਼ਨ ਚੰਦ ਤੋਂ ਸ਼ੁਰੂ ਹੋ ਕੇ ਅੱਡਾ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਚੌਕ, ਫਗਵਾੜਾ ਗੇਟ, ਲਵ ਕੁਸ਼ ਚੌਕ, ਸ਼੍ਰੀ ਰਾਮ ਚੌਕ, ਬਸਤੀ ਅੱਡਾ, ਪਟੇਲ ਚੌਕ, ਸਰਕੁਲਰ ਰੋਡ, ਮਾਈ ਹੀਰਾਂ ਗੇਟ ਤੇ ਅੱਡਾ ਹੁਸ਼ਿਆਰਪੁਰ ਤੋਂ ਹੁੰਦੇ ਹੋਏ ਵਾਪਸ ਕੋਟ ਕਿਸ਼ਨ ਚੰਦ ’ਚ ਸਮਾਪਤ ਹੋਈ। ਇਸ ਦੌਰਾਨ ਪੂਰਾ ਸ਼ਹਿਰ ਜਗਨਨਾਥ ਪੁਰੀ ’ਚ ਤਬਦੀਲ ਹੋ ਗਿਆ।
ਸੜਕ ਤੋਂ 22 ਫੁੱਟ ਉੱਚੇ ਪਵਿੱਤਰ ਰਥ ’ਚ ਸਜਾਏ ਗਏ ਭਗਵਾਨ ਜਗਨਨਾਥ, ਭਰਾ ਬਲਭੱਦਰ ਅਤੇ ਭੈਣ ਸੁਭੱਦਰਾ ਦੇ ਦਰਸ਼ਨ ਕਰਨ ਤੇ ਰਥ ਦੀ ਰੱਸੀ ਖਿੱਚਣ ਲਈ ਭਗਤਾਂ ’ਚ ਉਤਸ਼ਾਹ ਦਿਖਾਈ ਦਿੱਤਾ। ਇਸ ਤੋਂ ਪਹਿਲਾਂ ਸ਼੍ਰੀ ਰਾਮਚਰਿਤਮਾਨਸ ਪਾਠ ਦਾ ਭੋਗ ਪਾਇਆ ਗਿਆ। ਸਭ ਤੋਂ ਪਹਿਲਾਂ ਰਥ ਯਾਤਰਾ ਸਬੰਧੀ ਰੱਖੇ ਗਏ ਰਾਮਾਇਣ ਦੇ ਪਾਠ ਨੂੰ ਵਿਸ਼ਰਾਮ ਦਿੱਤਾ ਗਿਆ। ਉਪਰੰਤ ਇਲਾਕੇ ’ਚ ਸਜਾਏ ਗਏ ਪੰਡਾਲ ’ਚ ਭਗਵਾਨ ਜਗਨਨਾਥ, ਬਲਭੱਦਰ ਅਤੇ ਭੈਣ ਸੁਭੱਦਰਾ ਦੇ ਸਰੂਪਾਂ ਨੂੰ ਦਰਸ਼ਨਾਂ ਲਈ ਵਿਰਾਜਮਾਨ ਕੀਤਾ ਤੇ ਆਈ ਹੋਈ ਭਜਨ ਮੰਡਲੀ ਵੱਲੋਂ ਮਧੁਰ ਭਜਨ ਕੀਰਤਨ ਕੀਤਾ ਗਿਆ। ਠੀਕ ਸ਼ਾਮ 5 ਵਜੇ ਪ੍ਰਭੂ ਜੀ ਦੇ ਸਰੂਪਾਂ ਨੂੰ ਸ਼ਾਨਦਾਰ ਰਥ ਵਿਚ ਸਥਾਪਤ ਕਰ ਕੇ ਰਥ ਯਾਤਰਾ ਨੂੰ ਸ਼ੁਰੂ ਕੀਤਾ ਗਿਆ। ਯਾਤਰਾ ਦੇ ਮਾਰਗ 'ਤੇ ਸ਼ਹਿਰ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਤੇ ਲੰਗਰ ਲਾ ਕੇ ਸਵਾਗਤ ਕੀਤਾ ਗਿਆ। ਮੰਚ ਦਾ ਸੰਚਾਲਨ ਹਰਿਸ਼ ਸ਼ਰਮਾ ਤੇ ਨੀਰਜ ਝਾਂਜੀ ਵੱਲੋਂ ਬਾਖੂਬੀ ਕੀਤਾ ਗਿਆ। ਇਸ ਪ੍ਰੋਗਰਾਮ ’ਚ ਸ਼ਹਿਰ ਦੀਆਂ ਸਾਰੀਆਂ ਸਿਆਸੀ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨਾਂ ’ਚ ਦਿਨੇਸ਼ ਢੱਲ, ਕੌਂਸਲਰ ਹਿਤੇਸ਼ ਗਰੇਵਾਲ, ਕੌਂਸਲਰ ਅਸ਼ਵਨੀ ਅਗਰਵਾਲ, ਵਿਕੀ ਕੌਸ਼ਲ, ਹਨੀ ਭਾਰਦਵਾਜ, ਮੱਟੂ ਸ਼ਰਮਾ, ਅਸ਼ਵਨੀ ਸ਼ਰਮਾ ਬਾਵਾ, ਰਾਹੁਲ ਬਾਹਰੀ, ਅਵਿਨਾਸ਼ ਸ਼ਰਾਫ, ਮੁਰਲੀ ਮਨੋਹਰ ਵਧਵਾ, ਨਰੇਸ਼ ਕੁਮਾਰ, ਹਰਵਿੰਦਰ ਸਿੰਘ, ਮੋਹਿਤ, ਨਵੀਨ, ਹਰਜੀਤ ਸਿੰਘ, ਗੁਰਪ੍ਰੀਤ ਸਿੰਘ, ਸੰਜੂ ਅਰੋੜਾ ਨੂੰ ਚੁੰਨਰੀ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਨੂੰ ਸਫਲ ਬਣਾਉਣ ’ਚ ਰੁਬੀ ਰਾਏ, ਵਿਜੇ ਖਿਲਨ, ਲਲਿਤ ਕੁਮਾਰ, ਬਸੰਤ ਪ੍ਰਧਾਨ, ਨੀਰੂ ਕਪੂਰ, ਵੰਦਨਾ, ਸੰਜੀਵ ਸ਼ਰਮਾ, ਪ੍ਰਵੀਣ ਜੋਤੀ, ਤੁਲਿਕਾ, ਨੀਲਮ, ਸੀਮਾ, ਮੰਜੀਤ, ਈਸ਼ਾ ਤੇ ਹੋਰਨਾਂ ਨੇ ਸਹਿਯੋਗ ਦਿੱਤਾ।
---
ਭਜਨਾਂ ਦਾ ਚੱਲਿਆ ਨਿਰੰਤਰ ਦੌਰ
ਰਥ ਯਾਤਰਾ ਦੌਰਾਨ ਮੂਰਤੀ ਤਾਰਾ ਦੇਵੀ ਮੰਦਰ ਮਿੱਠਾ ਬਾਜ਼ਾਰ ਦੀਆਂ ਔਰਤਾਂ ਦੀ ਸੰਗੀਤ ਮੰਡਲੀ ਦੀ ਪ੍ਰਧਾਨ ਨੀਰੂ ਕਪੂਰ ਨੇ ਭਜਨਾਂ ਨਾਲ ਸਮਾਂ ਬੰਨ੍ਹਿਆ। ਇਸ ਦੌਰਾਨ ਉਨ੍ਹਾਂ ਨਾਲ ਰਾਧਾ ਚੌਹਾਨ, ਸੁਜਨ ਤੇ ਕਰਨ ਵੱਲੋਂ ਭਜਨਾਂ 'ਤੇ ਪੇਸ਼ ਕੀਤੇ ਗਏ। ਨੀਰੂ ਕਪੂਰ ਨੇ ‘ਤੇਰਾ ਕਰ ਕੇ ਜਾਣਾ ਦੀਦਾਰ’ ਤੇ ‘ਤੇਰੇ ਚਰਨਾਂ ਦਾ ਸਹਾਰਾ ਮਿਲ ਜਾਵੇ’ ਸਮੇਤ ਕਈ ਮਨਮੋਹਕ ਭਜਨ ਪੇਸ਼ ਕੀਤੇ, ਜਿਨ੍ਹਾਂ 'ਤੇ ਭਗਤ ਮੰਤਰ ਮੁਗਧ ਹੋ ਕੇ ਝੂਮੇ।
---
ਬਾਲਾਜੀ ਦੇ ਸਰੂਪ ਵੀ ਰਹੇ ਖਿੱਚ ਦਾ ਕੇਂਦਰ
ਰਥ ਯਾਤਰਾ ਦੌਰਾਨ ਬਾਲਾਜੀ ਦੇ ਪਾਵਨ ਸਰੂਪ ਵੀ ਸਜਾਏ ਗਏ। ਜੋ ਰਥ ਯਾਤਰਾ ਤੇ ਭਗਤਾਂ ਦੇ ਨਾਲ-ਨਾਲ ਅੱਗੇ ਵਧੇ। ਭਗਤਾਂ ਲਈ ਖਿੱਚ ਦਾ ਕੇਂਦਰ ਰਹੇ ਬਾਲਾਜੀ ਦੇ ਸਰੂਪਾਂ ਦੇ ਦਰਸ਼ਨ ਕਰਨ ਲਈ ਵੀ ਭਗਤਾਂ ’ਚ ਭਾਰੀ ਉਤਸ਼ਾਹ ਸੀ।
---
ਜੀਟੀਬੀ ਨਗਰ ’ਚ ਵੀ ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ (ਇਸਕਾਨ) ਵੱਲੋਂ ਜੀਟੀਬੀ ਨਗਰ ਤੋਂ ਸ਼ਾਨਦਾਰ ਰਥ ਯਾਤਰਾ ਦਾ ਪ੍ਰਬੰਧ ਕੀਤਾ ਗਿਆ। ਮਨਮੋਹਕ ਝਾਂਕੀਆਂ ਤੇ ਭਜਨਾਂ ਨਾਲ ਰਥ ਯਾਤਰਾ ਕਰੀਬ ਪੰਜ ਵਜੇ ਮੈਨਬ੍ਰੋ ਚੌਕ ਤੋਂ ਸ਼ੁਰੂ ਹੋਈ। ਰਥ ਯਾਤਰਾ ਦਾ ਭਗਤਾਂ ਨੇ ਵੱਖ-ਵੱਖ ਕਿਸਮ ਦੇ ਵਿਅੰਜਨਾਂ ਦੇ ਲੰਗਰ ਲਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਯਾਤਰਾ ਵੱਖ-ਵੱਖ ਇਲਾਕਿਆਂ ਤੋਂ ਹੁੰਦੀ ਹੋਈ ਗੀਤਾ ਮੰਦਰ ਮਾਡਲ ਟਾਊਨ ’ਚ ਸਮਾਪਤ ਹੋਈ। ਇਸ ਮੌਕੇ 'ਤੇ ਸਾਬਕਾ ਸੀਪੀਐੱਸ ਕੇਡੀ ਭੰਡਾਰੀ ਨੇ ਵੀ ਸ਼ਿਰਕਤ ਕੀਤੀ। ਰਥ ਯਾਤਰਾ ਸੁਨੀਲ ਗੁਪਤਾ, ਨਿਤਿਨ ਮੇਹਤਾ ਤੇ ਅਮਿਤ ਤਲਵਾੜ ਦੇ ਨਾਲ-ਨਾਲ ਇਲਾਕੇ ਵਾਸੀ ਹਾਜ਼ਰ ਸਨ।