ਦੋ ਧਿਰਾਂ ਦੀ ਲੜਾਈ ਨੂੰ ਨਸ਼ਿਆਂ ਤੇ ਮਾਈਨਿੰਗ ਨਾਲ ਜੋੜਨਾ ਗ਼ਲਤ ਦੋ ਧਿਰਾਂ ਦੀ ਲੜਾਈ ਨੂੰ ਨਸ਼ਿਆਂ ਤੇ ਮਾਈਨਿੰਗ ਨਾਲ ਜੋੜਨਾ ਗ਼ਲਤ
Publish Date: Thu, 20 Aug 2026 09:08 PM (IST)
Updated Date: Thu, 20 Aug 2026 09:09 PM (IST)
-ਸਰਪੰਚ ਤੇ ਪੰਚਾਇਤ ਨੇ ਦੋਸ਼ ਨਕਾਰੇ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਨਜ਼ਦੀਕੀ ਪਿੰਡ ਬਾਊਪੁਰ ਬੇਟ ਦੀ ਪੰਚਾਇਤ ਤੇ ਮੌਜੂਦਾ ਸਰਪੰਚ ਬਲਵਿੰਦਰ ਸਿੰਘ ਨੇ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਵੀਡੀਓ ਵਾਇਰਲ ਕਰਕੇ ਪੰਚਾਇਤ ਤੇ ਸਰਪੰਚ ‘ਤੇ ਲਾਏ ਗਏ ਨਜਾਇਜ਼ ਮਾਈਨਿੰਗ ਅਤੇ ਨਸ਼ਿਆਂ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਪਿੰਡ ਬਾਊਪੁਰ ਬੇਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਤੇ ਸਰਪੰਚ ਬਲਵਿੰਦਰ ਸਿੰਘ ਨੇ ਮਾਮਲੇ ਸਬੰਧੀ ਪੱਖ ਸਪੱਸ਼ਟ ਕੀਤਾ ਹੈ। ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਇਕ ਸਾਲ ਪਹਿਲਾਂ ਪਿੰਡ ਦੇ ਦੋ ਨੌਜਵਾਨਾਂ ਪਰਮਜੀਤ ਸਿੰਘ ਅਤੇ ਜਗਦੀਸ਼ ਸਿੰਘ ਵਿਚਕਾਰ ਕਿਸੇ ਮਾਮਲੇ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਪੰਚਾਇਤ ਨੇ ਥਾਣੇ ਵਿਚ ਜਾ ਕੇ ਦੋਵਾਂ ਧਿਰਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਸੀ। ਹਾਲ ਹੀ ਵਿਚ ਜਦੋਂ ਪਰਮਜੀਤ ਸਿੰਘ ਸੜਕ ‘ਤੇ ਖੜ੍ਹਾ ਸੀ ਤਾਂ ਜਗਦੀਸ਼ ਸਿੰਘ ਮੋਟਰ ਸਾਈਕਲ ‘ਤੇ ਆਇਆ ਅਤੇ ਕਥਿਤ ਤੌਰ ‘ਤੇ ਸੋਟੀ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਦੋਵਾਂ ਵਿਚਕਾਰ ਮੁੜ ਝਗੜਾ ਹੋ ਗਿਆ। ਇਹ ਦੋ ਨੌਜਵਾਨਾਂ ਦੀ ਆਪਸੀ ਲੜਾਈ ਹੈ ਪਰ ਹੁਣ ਇਸ ਨੂੰ ਪੰਚਾਇਤ ਅਤੇ ਸਰਪੰਚ ਨੂੰ ਬਦਨਾਮ ਕਰਨ ਲਈ ਤੂਲ ਦਿੱਤਾ ਜਾ ਰਿਹਾ ਹੈ। ਸਰਪੰਚ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਜਾਂ ਪਰਮਜੀਤ ਸਿੰਘ ਦਾ ਮਾਈਨਿੰਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਸੈਲੂਨ ਦਾ ਕੰਮ ਕਰਦਾ ਹੈ। ਮਾਈਨਿੰਗ ਦਾ ਕੰਮ ਨਾਲ ਲੱਗਦੇ ਜ਼ਿਲ੍ਹੇ ਮੋਗਾ ਦੇ ਪਿੰਡ ਗੱਟੀ ਜੱਟਾਂ ਵੱਲ ਹੁੰਦਾ ਹੈ ਅਤੇ ਉੱਥੋਂ ਲੰਘਣ ਵਾਲੇ ਵਾਹਨਾਂ ਨਾਲ ਪਿੰਡ ਦੀ ਪੰਚਾਇਤ ਦਾ ਕੋਈ ਸਬੰਧ ਨਹੀਂ। ਸਰਪੰਚ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਮਾਈਨਿੰਗ ਖੱਡਾਂ ਦਾ ਮੂੰਹ ਤੱਕ ਨਹੀਂ ਦੇਖਿਆ। ਨਸ਼ਾ ਤਸਕਰਾਂ ਦਾ ਵਿਰੋਧ ਕਰਨ ‘ਤੇ ਗੋਲੀਆਂ ਤੱਕ ਚੱਲੀਆਂ ਸਨ। ਜਿਹੜੀ ਧਿਰ ਅੱਜ ਨਸ਼ਾ ਵਿਰੋਧੀ ਹੋਣ ਦਾ ਦਾਅਵਾ ਕਰ ਰਹੀ ਹੈ, ਉਹ ਕਦੇ ਵੀ ਪਿੰਡ ਦੀ ਨਸ਼ਾ ਰੋਕੂ ਕਮੇਟੀ ਜਾਂ ਠੀਕਰੀ ਪਹਿਰਿਆਂ ਦਾ ਹਿੱਸਾ ਨਹੀਂ ਰਹੀ। ਜੇ ਕਿਸੇ ਨੂੰ ਕੋਈ ਸੱਟ-ਫੇਟ ਲੱਗੀ ਸੀ ਤਾਂ ਉਹ ਪ੍ਰਸ਼ਾਸਨ ਕੋਲ ਜਾ ਕੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਸੁਤੰਤਰ ਹਨ। ਉਹ ਪੰਚਾਇਤ ਤੇ ਪਿੰਡ ਵਾਸੀਆਂ ਨਾਲ ਸਲਾਹ-ਮਸ਼ਵਰਾ ਕਰਕੇ ਮਾਣਹਾਨੀ ਦਾ ਕੇਸ ਦਰਜ ਕਰਵਾਉਣ ‘ਤੇ ਵਿਚਾਰ ਕਰ ਰਹੇ ਹਨ। ਇਸ ਮੌਕੇ ਸੁਰਜੀਤ ਸਿੰਘ ਸਰਾਰੀ, ਸ਼ਾਮ ਸਿੰਘ ਮੈਂਬਰ, ਮੁੱਖਾ ਸਿੰਘ ਮੈਂਬਰ, ਕੁਲਵੰਤ ਸਿੰਘ ਮੈਂਬਰ, ਬਿੰਦਰ ਸਿੰਘ ਮੈਂਬਰ, ਗੁਰਦੇਵ ਸਿੰਘ ਮੈਂਬਰ, ਸੁਖਵਿੰਦਰ ਸਿੰਘ ਲੰਬੜਦਾਰ ਆਦਿ ਹਾਜ਼ਰ ਸਨ।