ਸਤਲੁਜ’ ’ਤੇ ਪਾਬੰਦੀ ਸਿੱਖਾਂ ਨਾਲ ਵਿਤਕਰਾ : ਚਰਨ ਸਿੰਘ ਸਤਲੁਜ’ ਫਿਲਮ ਨੂੰ ਭਾਰਤ ਵਿੱਚ ਲੋਕਾਂ ਤੱਕ ਪਹੁੰਚਣ ਤੋਂ ਰੋਕਣਾ ਬਹੁਤ ਹੀ ਦੁੱਖਦਾਈ
Publish Date: Tue, 14 Jul 2026 07:41 PM (IST)
Updated Date: Tue, 14 Jul 2026 07:42 PM (IST)
-“ਸਤਲੁਜ” ਫ਼ਿਲਮ ਮੁੜ ਰਿਲੀਜ਼ ਕਰਨ ਦੀ ਸੰਗਤਾਂ ਨੇ ਕੀਤੀ ਮੰਗ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਮਕਸੂਦਾਂ ’ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਰਨ ਸਿੰਘ, ਸਮੂਹ ਪ੍ਰਬੰਧਕ ਕਮੇਟੀ ਨੇ ਸੰਗਤਾਂ ਸਮੇਤ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਮਨੁੱਖੀ ਅਧਿਕਾਰਾਂ ਲਈ ਉਨ੍ਹਾਂ ਦੇ ਸੰਘਰਸ਼ ਤੋਂ ਪ੍ਰੇਰਿਤ ਫ਼ਿਲਮ “ਸਤਲੁਜ” ਨੂੰ ਭਾਰਤ ਵਿੱਚ ਤੋਂ ਹਟਾਏ ਜਾਣ ’ਤੇ ਚਿੰਤਾ ਪ੍ਰਗਟ ਕੀਤੀ। ਪ੍ਰਬੰਧਕ ਕਮੇਟੀ ਵੱਲੋਂ ਸਮਾਜ ਸੇਵੀ ਮਨਪ੍ਰੀਤ ਸਿੰਘ ਦੇ ਸਹਿਯੋਗ ਨਾਲ ਮਕਸੂਦਾਂ ’ਚ ਦਿਖਾਈ ਗਈ ਫਿਲਮ ਦੇਖਣ ਤੋਂ ਬਾਅਦ ਸੰਗਤਾਂ ਨੇ ਕਿਹਾ ਕਿ ਖਾਲੜਾ ਨੇ ਪੰਜਾਬ ਦੇ ਕਾਲੇ ਦੌਰ ਦੌਰਾਨ ਕਥਿਤ ਗੈਰ-ਕਾਨੂੰਨੀ ਸਸਕਾਰਾਂ ਅਤੇ ਮਨੁੱਖੀ ਅਧਿਕਾਰਾਂ ਦੇ ਉਲੰਘਣਾਂ ਨੂੰ ਬੇਨਕਾਬ ਕਰਨ ਲਈ ਆਪਣਾ ਜੀਵਨ ਸਮਰਪਿਤ ਕੀਤਾ। ਉਨ੍ਹਾਂ ਦੀ ਹੱਤਿਆ ਦੇ ਮਾਮਲੇ ਵਿੱਚ ਕਈ ਪੁਲਿਸ ਅਧਿਕਾਰੀਆਂ ਨੂੰ ਅਦਾਲਤਾਂ ਵੱਲੋਂ ਦੋਸ਼ੀ ਠਹਿਰਾਇਆ ਗਿਆ ਸੀ। ਇਸ ਪਿਛੋਕੜ ਵਿੱਚ ਉਨ੍ਹਾਂ ਦੇ ਜੀਵਨ ’ਤੇ ਆਧਾਰਿਤ ਫ਼ਿਲਮ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਣ ਵਾਲੀ ਮੌਜੂਦਾ ਸਰਕਾਰ ਵੀ ਸਿੱਖਾਂ ਨਾਲ ਵਿੱਤਕਰਾ ਕਰ ਰਹੀ ਹੈ। ਹਾਜ਼ਰ ਸੰਗਤਾਂ ਨੇ ਮੰਗ ਕੀਤੀ ਕਿ ਪ੍ਰਧਾਨ ਚਰਨ ਸਿੰਘ, ਸਕੱਤਰ ਮਨਹਰਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਬੈਂਸ, ਅਮਰਜੀਤ ਸਿੰਘ ਡੀਸੀ, ਪਰਮਿੰਦਰ ਸਿੰਘ ਸੇਠੀ, ਪਰਮਜੀਤ ਸਿੰਘ ਘੁੰਮਣ, ਲਵਲੀ ਸਚਦੇਵਾ, ਬਲਦੇਵ ਸਿੰਘ ਟਾਹਲੀ, ਰੇਸ਼ਮ ਸਿੰਘ, ਓੰਕਾਰ ਸਿੰਘ ਬੇਦੀ, ਅਵਤਾਰ ਸਿੰਘ, ਸਾਬਕਾ ਥਾਣੇਦਾਰ ਗੁਰਮੇਲ ਸਿੰਘ, ਨਰਿੰਦਰ ਸਿੰਘ, ਹਰਜਿੰਦਰ ਸਿੰਘ,ਸੂਖਵਿੰਦਰ ਸਿੰਘ, ਜਸਬੀਰ ਸਿੰਘ, ਤੋਂ ਇਲਾਵਾ ਬੀਬੀਆਂ ਤੇ ਬੱਚਿਆਂ ਨੇ ਫਿਲਮ ਦਿਖਾਉਣ ਦਾ ਉਪਰਾਲਾ ਕਰਨ ਵਾਲੇ ਪ੍ਰਬੰਧਕਾਂ ਅਤੇ ਸਹਿਯੋਗ ਦੇਣ ਵਾਲੇ ਮਨਪ੍ਰੀਤ ਸਿੰਘ ਦਾ ਧੰਨਵਾਦ ਕਰਨ ਤੋਂ ਇਲਾਵਾ ਸਰਕਾਰ ਕੋਲੋਂ ਮੰਗ ਕੀਤੀ ਕਿ ਫ਼ਿਲਮ “ਸਤਲੁਜ” ਨੂੰ ਤੁਰੰਤ ਮੁੜ ਰਿਲੀਜ਼ ਕੀਤਾ ਜਾਵੇ,ਫ਼ਿਲਮ ਨੂੰ ਹਟਾਉਣ ਦੇ ਕਾਰਨਾਂ ਬਾਰੇ ਕੇਂਦਰ ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਵੱਲੋਂ ਜਨਤਕ ਸਪੱਸ਼ਟੀਕਰਨ ਦਿੱਤਾ ਜਾਵੇ, ਪੰਜਾਬ ਦੇ ਕਾਲੇ ਦੌਰ ਦੌਰਾਨ ਮਨੁੱਖੀ ਅਧਿਕਾਰਾਂ ਨਾਲ ਜੁੜੇ ਮਾਮਲਿਆਂ ’ਤੇ ਸੰਸਦ ਵਿੱਚ ਵਿਸਤ੍ਰਿਤ ਚਰਚਾ ਕਰਵਾਈ ਜਾਵੇ,ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਮਨੁੱਖੀ ਅਧਿਕਾਰਾਂ ਲਈ ਯੋਗਦਾਨ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਯੋਗ ਸਨਮਾਨ ਦਿੱਤਾ ਜਾਵੇ, ਪੀੜਤ ਪਰਿਵਾਰਾਂ ਨੂੰ ਸੱਚ, ਨਿਆਂ ਅਤੇ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕਦਮ ਚੁੱਕੇ ਜਾਣ, ਇਤਿਹਾਸ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਫ਼ਿਲਮਾਂ ਅਤੇ ਵਿਚਾਰਾਂ ’ਤੇ ਬੇਲੋੜੀਆਂ ਰੋਕਾਂ ਲਗਾਉਣ ਦੀ ਬਜਾਏ ਲੋਕਤੰਤਰੀ ਚਰਚਾ ਨੂੰ ਉਤਸ਼ਾਹਿਤ ਕੀਤਾ ਜਾਵੇ, ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਸੁਣਿਆ ਜਾਵੇ। --------------------- ਸਤਲੁਜ ਫਿਲਮ ਤੋਂ ਹਟਾਈ ਜਾਵੇ ਪਾਬੰਦੀ : ਸੋਹਲ ਬ੍ਰਦਰਜ਼ ਉੱਘੇ ਸਮਾਜ ਸੇਵੀ ਗੁਰਕਰਨ ਸਿੰਘ ਸੋਹਲ ਅਤੇ ਐਡਵੋਕੇਟ ਗੁਰਸ਼ਰਨ ਸਿੰਘ ਸੋਹਲ ਨੇ ਸਾਂਝੇ ਕਰਦਿਆਂ ਕਿਹਾ ਕਿ ਪ੍ਰੋਫੈਸਰ ਖਾਲੜਾ ਦੀ ਧਰਮ ਪਤਨੀ ਪਰਮਜੀਤ ਕੌਰ ਖਾਲੜਾ ਨੇ ਵੀ ਮਨੁੱਖੀ ਅਧਿਕਾਰਾਂ ਲਈ ਡੱਟ ਕੇ ਪਹਿਰਾ ਦਿੱਤਾ ਹੈ, ਜਿਸ ਲਈ ਹਰ ਇੱਕ ਪੰਜਾਬੀ ਨੂੰ ਉਹਨਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਹਰ ਇੱਕ ਬੱਚਾ, ਨੌਜਵਾਨ, ਬਜ਼ੁਰਗ ਪੰਜਾਬ ਦੇ ਉਸ ਕਾਲੇ ਦੌਰ ਤੋਂ ਜਾਣੂ ਹੋ ਚੁੱਕਾ ਹੈ ਤਾਂ ਉਸ ਲਈ ਪ੍ਰੋਫੈਸਰ ਜਸਵੰਤ ਸਿੰਘ ਖਾਲੜਾ ਉੱਤੇ ਬਣੀ ਫਿਲਮ ਸਤਲੁਜ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਦੌਰਾਨ ਐਡਵੋਕੇਟ ਗੁਰਸ਼ਰਨ ਸਿੰਘ ਸੋਹਲ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਵਿੱਚ ਧਾਰਾ 19(1)(ਏ) ਤਹਿਤ ਹਰ ਨਾਗਰਿਕ ਨੂੰ ਬੋਲਣ ਅਤੇ ਵਿਆਕਤੀ ਦੀ ਆਜ਼ਾਦੀ ਦਾ ਮੂਲ ਅਧਿਕਾਰ ਦਿੱਤਾ ਗਿਆ ਹੈ। ਇਸ ਅਧਿਕਾਰ ਵਿੱਚ ਬੋਲ ਕੇ, ਲਿਖ ਕੇ, ਛਾਪ ਕੇ ਫ਼ਿਲਮਾਂ ਰਾਹੀਂ ਜਾਂ ਡਿਜੀਟਲ ਮੀਡੀਆ ਜ਼ਰੀਏ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਸ਼ਾਮਲ ਹੈ। ਇਸ ਵਿੱਚ ਪ੍ਰੈੱਸ ਦੀ ਆਜ਼ਾਦੀ ਵੀ ਸੁਭਾਵਿਕ ਤੌਰ ਤੇ ਸ਼ਾਮਲ ਮੰਨੀ ਜਾਂਦੀ ਹੈ। ਦੋਵਾਂ ਸਮਾਜ ਸੇਵੀਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਫਿਲਮ ਤੋਂ ਪਾਬੰਦੀ ਹਟਾ ਕੇ ਓਟੀਟੀ ਮੰਚ ’ਤੇ ਸਿਨਮੇਘਰਾਂ ’ਚ ਦਿਖਾਉਣ ਲਈ ਮਨਜ਼ੂਰੀ ਦੇਣੀ ਚਾਹੀਦੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਅਰਦਾਸ ਸਮਾਗਮ ਵੀ ਸਿੱਖ ਰਵਾਇਤਾਂ ਅਨੁਸਾਰ ਵਿਛੜੀਆਂ ਰੂਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਜਥੇਦਾਰ ਸਾਹਿਬ ਵੱਲੋਂ ਕੀਤੇ ਗਏ ਨੇਕ ਉਪਰਾਲੇ ਦਾ ਵੀ ਧੰਨਵਾਦ ਕੀਤਾ।