ਫਿਲੌਰ ਦੇ ਪ੍ਰਾਚੀਨ ਸ਼ਿਵ ਮੰਦਰ ਨੂੰ ਜਿੰਦਰਾ ਲਾਉਣ ਦਾ ਮਾਮਲਾ ਭਖਿਆ ਫਿਲੌਰ ਦੇ ਪ੍ਰਾਚੀਨ ਸ਼ਿਵ ਮੰਦਰ ਨੂੰ ਜਿੰਦਰਾ ਲਾਉਣ ਦਾ ਮਾਮਲਾ ਭਖਿਆ
Publish Date: Mon, 28 Sep 2026 06:34 PM (IST)
Updated Date: Mon, 28 Sep 2026 06:36 PM (IST)
-ਸ਼ਰਧਾਲੂਆਂ ਨੇ ਪੁਰਾਣੇ ਮੰਦਰ ਦੇ ਗੇਟ ਖੋਲ੍ਹਣ ਦੀ ਕੀਤੀ ਮੰਗ, ਕਮੇਟੀ ਨੇ ਸੁਰੱਖਿਆ ਕਾਰਨਾਂ ਕਰਕੇ ਇਮਾਰਤ ਬੰਦ ਕਰਨ ਦੀ ਦੱਸੀ ਵਜ੍ਹਾ ਨਵਦੀਪ ਸਿੰਘ ਪਟਵਾਲੀਆ, ਪੰਜਾਬੀ ਜਾਗਰਣ, ਫਿਲੌਰ : ਫਿਲੌਰ ’ਚ ਡਾਕਖਾਨੇ ਨੇੜੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਦੀ ਪੁਰਾਣੀ ਇਮਾਰਤ ਦੇ ਗੇਟਾਂ ਨੂੰ ਜਿੰਦਰਾ ਲਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਸ਼ਨਿਚਰਵਾਰ ਨੂੰ ਮੰਦਰ ਵਿਖੇ ਇਕੱਠੇ ਹੋਏ ਸ਼ਰਧਾਲੂਆਂ ਨੇ ਪੁਰਾਣੇ ਮੰਦਰ ਦੇ ਗੇਟ ਖੋਲ੍ਹਣ ਦੀ ਮੰਗ ਕਰਦਿਆਂ ਕਿਹਾ ਕਿ ਗੇਟ ਬੰਦ ਹੋਣ ਕਾਰਨ ਉਨ੍ਹਾਂ ਨੂੰ ਮੰਦਰ ਅੰਦਰ ਜਾ ਕੇ ਦਰਸ਼ਨ ਤੇ ਪੂਜਾ-ਅਰਚਨਾ ਕਰਨ ’ਚ ਮੁਸ਼ਕਲ ਆ ਰਹੀ ਹੈ। ਇਸ ਮੌਕੇ ਅਨਮੋਲ ਸ਼ਰਮਾ, ਪੰਕਜ ਸ਼ਰਮਾ, ਰਮੇਸ਼ ਕਨੋਜੀਆ, ਅਮਿਤ ਬਖਾਰੀ, ਚਰਨਜੀਤ ਸਿੰਘ, ਸੰਜੇ ਕਨੋਜੀਆ, ਕਰਨ ਸਿੰਘ ਤੇ ਰਾਕੇਸ਼ ਕਾਲੀਆ ਸਮੇਤ ਹੋਰ ਸ਼ਰਧਾਲੂ ਮੌਜੂਦ ਸਨ। ਸ਼ਰਧਾਲੂਆਂ ਨੇ ਕਿਹਾ ਕਿ ਪ੍ਰਾਚੀਨ ਮੰਦਰ ਦੀ ਪੁਰਾਣੀ ਇਮਾਰਤ ਦੇ ਗੇਟਾਂ ਨੂੰ ਜਿੰਦਰਾ ਲਗਾ ਦਿੱਤਾ ਗਿਆ ਹੈ, ਜਿਸ ਕਾਰਨ ਉਹ ਅੰਦਰ ਜਾ ਕੇ ਮੱਥਾ ਟੇਕਣ ਤੇ ਦਰਸ਼ਨ ਕਰਨ ਤੋਂ ਵਾਂਝੇ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਮੰਦਰ ਦੇ ਗੇਟ ਖੋਲ੍ਹ ਕੇ ਸ਼ਰਧਾਲੂਆਂ ਨੂੰ ਦਰਸ਼ਨ-ਪੂਜਾ ਦੀ ਸਹੂਲਤ ਦਿੱਤੀ ਜਾਵੇ। ---------------------------- ਇਮਾਰਤ ਖਸਤਾ ਹੋਣ ਕਾਰਨ ਬੰਦ ਕਰਨ ਦੀ ਦੱਸੀ ਵਜ੍ਹਾ ਇਸ ਸਬੰਧੀ ਮੰਦਰ ਕਮੇਟੀ ਦੇ ਪ੍ਰਧਾਨ ਰਿੰਕਾ ਪਾਸੀ ਨੇ ਕਿਹਾ ਕਿ ਪੁਰਾਣੇ ਸ਼ਿਵ ਮੰਦਰ ਦੀ ਇਮਾਰਤ ਕਾਫ਼ੀ ਖਸਤਾ ਹੋ ਚੁੱਕੀ ਸੀ ਤੇ ਕਿਸੇ ਵੀ ਸਮੇਂ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਪੁਰਾਣੇ ਮੰਦਰ ਨੂੰ ਵਿਧੀ-ਵਿਧਾਨ ਅਨੁਸਾਰ ਬੰਦ ਕੀਤਾ ਗਿਆ ਹੈ। ਰਿੰਕਾ ਪਾਸੀ ਨੇ ਦੱਸਿਆ ਕਿ ਮੁਹੱਲੇ ਦੇ ਲੋਕਾਂ ਤੇ ਸ਼ਰਧਾਲੂਆਂ ਨਾਲ ਸਹਿਮਤੀ ਤੋਂ ਬਾਅਦ ਮੰਦਰ ਲਈ ਵੱਖਰੀ ਜਗ੍ਹਾ ’ਤੇ ਨਵਾਂ ਮੰਦਰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਮੰਦਰ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੁੱਲ੍ਹੇ ਹਨ ਤੇ ਉੱਥੇ ਨਿਯਮਿਤ ਤੌਰ ’ਤੇ ਪੂਜਾ-ਅਰਚਨਾ ਕੀਤੀ ਜਾ ਰਹੀ ਹੈ। ਉੱਧਰ, ਸ਼ਰਧਾਲੂ ਪੁਰਾਣੇ ਪ੍ਰਾਚੀਨ ਸ਼ਿਵ ਮੰਦਰ ਦੇ ਗੇਟ ਖੋਲ੍ਹਣ ਦੀ ਮੰਗ ’ਤੇ ਕਾਇਮ ਹਨ। ਮਾਮਲੇ ਸਬੰਧੀ ਦੋਵੇਂ ਪੱਖਾਂ ਵੱਲੋਂ ਆਪੋ-ਆਪਣੇ ਪੱਖ ਸਾਹਮਣੇ ਰੱਖੇ ਗਏ ਹਨ। ਪੁਰਾਣੀ ਇਮਾਰਤ ਦੀ ਸੁਰੱਖਿਆ ਤੇ ਮੰਦਰ ਬੰਦ ਕਰਨ ਦੀ ਪ੍ਰਕਿਰਿਆ ਨੂੰ ਲੈ ਕੇ ਹੁਣ ਅਗਲੇ ਕਦਮ ’ਤੇ ਨਜ਼ਰ ਹੈ।