- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਪਹੁੰਚੇ ਸ਼ਾਹੀ ਇਮਾਮ ਨੇ ਕੀਤੀ ਹਰ ਜ਼ਿਲ੍ਹੇ ’ਚ ਇਸਲਾਮੀ ਸਕੂਲ ਬਨਾਉਣ ਦੀ ਮੰਗ

-ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੁਸਲਿਮ ਆਗੂਆਂ ਨਾਲ ਕੀਤੀ ਮੁਲਾਕਾਤ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਅੱਜ ਪੰਜਾਬ ਦੇ ਸ਼ਾਹੀ ਇਮਾਮ ਉਸਮਾਨ ਰਹਿਮਾਨੀ ਨੇ ਜਲੰਧਰ ਦੌਰੇ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੁਸਲਿਮ ਆਗੂਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹ ਪੰਜਾਬ ਮੁਸਲਿਮ ਬੋਰਡ ਦੇ ਚੇਅਰਮੈਨ ਅਬਦੁਲ ਬਾਰੀ ਸਲਮਾਨੀ ਦੇ ਨਿਵਾਸ ਸਥਾਨ ਅਵਤਾਰ ਨਗਰ ਵਿਖੇ ਪਹੁੰਚੇ। ਉਨ੍ਹਾਂ ਦੇ ਪੁੱਜਣ ’ਤੇ ਚੇਅਰਮੈਨ ਅਬਦੁਲ ਬਾਰੀ ਸਲਮਾਨੀ ਤੇ ਹੋਰ ਪਤਵੰਤਿਆਂ ਵੱਲੋਂ ਸ਼ਾਹੀ ਇਮਾਮ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲਬਾਤ ਦੌਰਾਨ ਸ਼ਾਹੀ ਇਮਾਮ ਨੇ ਕਿਹਾ ਕਿ ਉਹ ਵੱਖ-ਵੱਖ ਪਾਰਟੀਆਂ ਦੇ ਮੁਸਲਿਮ ਆਗੂਆਂ ਨੂੰ ਮਿਲੇ ਤੇ ਉਨਾਂ ਨੂੰ ਆਪਸੀ ਭਾਈਚਾਰਕ ਸਾਂਝ ਤੇ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਪ੍ਰੇਰਿਤ ਕੀਤਾ।
ਗੱਲਬਾਤ ਦੌਰਾਨ ਸ਼ਾਹੀ ਇਮਾਮ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਮੁਸਲਿਮ ਡਿਵੈਲਪਮੈਂਟ ਬੋਰਡ ਤੇ ਵਕਫ ਬੋਰਡ ਨੂੰ ਫੰਡ ਜਾਰੀ ਕੀਤੇ ਜਾਣ ਤਾਂ ਜੋ ਵੱਖ-ਵੱਖ ਸ਼ਹਿਰਾਂ ’ਚ ਇਸਲਾਮੀ ਸਕੂਲ ਖੋਲੇ ਜਾ ਸਕਣ। ਹਾਲੇ ਤਕ ਮਲੇਰਕੋਟਲਾ, ਲੁਧਿਆਣਾ, ਪਟਿਆਲਾ ਤੇ ਮੰਡੀ ਗੋਬਿੰਦਗੜ੍ਹ ਵਿਚ ਹੀ ਇਹ ਸਕੂਲ ਹਨ। ਫੰਡ ਪੱਖੋਂ ਦੋਵੇਂ ਬੋਰਡ ਖਾਲੀ ਹਨ। ਦੋਵਾਂ ਬੋਰਡਾਂ ਲਈ ਵਿਸ਼ੇਸ਼ ਫੰਡ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਸਾਰੇ ਜ਼ਿਲ੍ਹਿਆਂ ’ਚ ਇਕ ਇਕ ਇਸਲਾਮੀ ਸਕੂਲ ਖੋਲ੍ਹੇ ਜਾਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸਕੂਲੀ ਤੇ ਦੁਨਿਆਵੀ ਸਿੱਖਿਆ ਦੇ ਨਾਲ-ਨਾਲ ਧਰਮ ਦੀ ਵੀ ਸਿੱਖਿਆ ਦੇਣ। ਇਸ ਦੌਰਾਨ ਸ਼ਾਹੀ ਇਮਾਮ ਨੇ ਹੱਜ ਯਾਤਰਾ ਦੌਰਾਨ ਹਾਜੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਚਾਰ ਸਾਲਾਂ ਤੋਂ ਹਾਜੀਆਂ ਲਈ ਮਾੜੇ ਪ੍ਰਬੰਧ ਕਰਨ ਵਾਲੀਆਂ ਕੰਪਨੀਆਂ ਦੀ ਮਨਮਾਨੀ ਜਾਰੀ ਹੈ। ਕਿਰਾਏ ’ਚ ਵਾਧਾ ਕਰਕੇ ਕਥਿਤ ਤੌਰ ’ਤੇ ਵੱਡੀ ਧਾਂਦਲੀ ਕੀਤੀ ਗਈ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਜੇ ਕਿਸੇ ਕੰਪਨੀ ਵੱਲੋਂ ਬੇਨਿਯਮੀਆਂ ਕੀਤੀਆਂ ਗਈਆਂ ਹਨ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਧਾਰਮਿਕ ਤੇ ਸਮਾਜਿਕ ਆਗੂਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਸਮਾਜ ਨਾਲ ਜੁੜੇ ਮੁੱਦਿਆਂ ਨੂੰ ਸਹੀ ਮੰਚ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਤੇ ਮੰਗ ਕੀਤੀ ਕਿ ਮੁਸਲਿਮ ਸਮਾਜ ਦੀਆਂ ਪੈਂਡਿੰਗ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਦਿਆਂ ਜਲਦ ਤੋਂ ਜਲਦ ਠੋਸ ਕਦਮ ਚੁੱਕੇ ਜਾਣ। ਇਸ ਮੌਕੇ ਚੇਅਰਮੈਨ ਅਬਦੁਲ ਬਾਰੀ ਸਲਮਾਨੀ ਤੇ ਹੋਰਨਾਂ ਨੇ ਸ਼ਾਹੀ ਇਮਾਮ ਦਾ ਸਮਨਾਨ ਵੀ ਕੀਤਾ।
----------
ਨਾਸਿਰ ਸਲਮਾਨੀ ਦੇ ਨਿਵਾਸ ਸਥਾਨ ’ਤੇ ਪੁੱਜੇ
ਪੰਜਾਬ ਸਰਕਾਰ ਦੇ ਸਾਬਕਾ ਘੱਟ-ਗਿਣਤੀ ਕਮਿਸ਼ਨ ਮੈਂਬਰ ਨਾਸਿਰ ਸਲਮਾਨੀ ਦੇ ਨਿਵਾਸ ਸਥਾਨ ’ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਸ਼ਾਹੀ ਇਮਾਮ ਦਾ ਭਰਵਾਂ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਅਲੀ ਹਸਨ ਸਲਮਾਨੀ, ਸਾਬਕਾ ਵਕਫ਼ ਬੋਰਡ ਮੈਂਬਰ, ਕਲੀਮ ਆਜ਼ਾਦ, ਅਯੂਬ ਸਲਮਾਨੀ, ਇਮਰਾਨ, ਮੇਹਤਾਬ ਸਲਮਾਨੀ, ਹਾਜੀ ਨਸੀਮ ਸਲਮਾਨੀ, ਬਿਲਾਲ ਮਸਜਿਦ ਪ੍ਰਧਾਨ ਮਸੂਦ ਸਲਮਾਨੀ, ਮੁਸਤਕੀਮ ਸਲਮਾਨੀ, ਗਯੂਰ ਸਲਮਾਨੀ, ਅਯਾਜ਼ ਮੈਕਸ ਸਲਮਾਨੀ, ਵਸੀਮ ਸਲਮਾਨੀ, ਜ਼ਾਕਿਰ ਸਲਮਾਨੀ, ਆਰਿਫ਼ ਸਲਮਾਨੀ, ਮੇਹਤਾਬ ਸਲਮਾਨੀ, ਖੁਰਸ਼ੀਦ ਸਲਮਾਨੀ, ਤਸਲੀਮ ਸਲਮਾਨੀ ਤੇ ਸ਼ਮੀਮ ਸਲਮਾਨੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।