- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਸਿੱਧ ਬਾਬਾ ਸੋਢਲ ਮੇਲੇ ਸਬੰਧੀ ਮੇਅਰ ਵਨੀਤ ਧੀਰ ਤੇ ਨਿਤਿਨ ਕੋਹਲੀ ਨੂੰ ਦਿੱਤਾ ਸੱਦਾ

-25 ਸਤੰਬਰ ਨੂੰ ਮਨਾਇਆ ਜਾਵੇਗਾ ਸ੍ਰੀ ਸਿੱਧ ਬਾਬਾ ਸੋਢਲ ਦਾ ਮੇਲਾ
-ਮੰਦਰ ਨੂੰ ਜਾਂਦੇ ਰਸਤਿਆਂ ’ਤੇ ਬੁਨਿਆਦੀ ਸਹੂਲਤਾਂ ਯਕੀਨੀ ਬਣਾਉਣ ਦੀ ਮੰਗ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਦਾ ਪ੍ਰਸਿੱਧ ਸ੍ਰੀ ਸਿੱਧ ਬਾਬਾ ਸੋਢਲ ਮੇਲਾ 25 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਚੱਢਾ ਬਿਰਾਦਰੀ ਵੱਲੋਂ ਮੇਅਰ ਵਨੀਤ ਧੀਰ ਤੇ ਆਮ ਆਦਮੀ ਪਾਰਟੀ ਦੇ ਹਲਕਾ ਸੈਂਟਰਲ ਦੇ ਇੰਚਾਰਜ ਨਿਤਿਨ ਕੋਹਲੀ ਨੂੰ ਉਨ੍ਹਾਂ ਦੇ ਦਫਤਰਾਂ ’ਚ ਮੇਲੇ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਨਾਲ ਹੀ ਮੇਲੇ ਤੋਂ ਪਹਿਲਾਂ ਮੰਦਰ ਨੂੰ ਜਾਣ ਵਾਲੇ ਸਾਰੇ ਰਸਤਿਆਂ ’ਤੇ ਵਿਆਪਕ ਪੱਧਰ ’ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਵੀ ਰੱਖੀ ਗਈ। ਚੱਢਾ ਬਿਰਾਦਰੀ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਵਿਪਨ ਚੱਢਾ ਦੀ ਅਗਵਾਈ ਹੇਠ ਬਿਰਾਦਰੀ ਦਾ ਵਫ਼ਦ ਮੇਅਰ ਵਨੀਤ ਧੀਰ ਨੂੰ ਮਿਲਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸ਼ਾਮ ਲਾਲ ਚੱਢਾ, ਜੇਬੀ ਚੱਢਾ, ਅਤੁਲ ਚੱਢਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ। ਇਸ ਦੌਰਾਨ ਵਿਪਨ ਚੱਢਾ ਨੇ ਕਿਹਾ ਕਿ ਸ੍ਰੀ ਸਿੱਧ ਬਾਬਾ ਸੋਢਲ ਮੇਲੇ ਦੌਰਾਨ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ’ਚ ਸ਼ਰਧਾਲੂ ਮੰਦਰ ’ਚ ਨਤਮਸਤਕ ਹੋਣ ਲਈ ਪੁੱਜਦੇ ਹਨ। ਭਾਵੇਂ ਮੁੱਖ ਮੇਲਾ 25 ਸਤੰਬਰ ਨੂੰ ਮਨਾਇਆ ਜਾਂਦਾ ਹੈ ਪਰ ਸਰਗਰਮੀਆਂ ਕਰੀਬ ਇਕ ਹਫ਼ਤਾ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ ਤੇ ਮੇਲੇ ਮਗਰੋਂ ਵੀ ਸ਼ਰਧਾਲੂਆਂ ਦੀ ਆਮਦ ਜਾਰੀ ਰਹਿੰਦੀ ਹੈ। ਮੇਲੇ ’ਚ ਸ਼ਰਧਾਲੂ ਬਾਬਾ ਜੀ ਦੇ ਦਰਬਾਰ ’ਤੇ ਨਤਮਸਤਕ ਹੋ ਕੇ ਮੰਨਤਾਂ ਮੰਗਦੇ ਹਨ। ਮੰਨਤ ਪੂਰੀ ਹੋਣ ਉਪਰੰਤ ਕਈ ਸ਼ਰਧਾਲੂ ਬੈਂਡ-ਬਾਜਿਆਂ ਸਮੇਤ ਮੱਥਾ ਟੇਕਦੇ ਹਨ। ਇਸੇ ਤਰ੍ਹਾਂ ਚੱਢਾ ਬਿਰਾਦਰੀ, ਆਨੰਦ ਬਿਰਾਦਰੀ ਸਮੇਤ ਵੱਖ-ਵੱਖ ਪਰਿਵਾਰਾਂ ਵੱਲੋਂ ਰੋਟ ਦੇ ਪ੍ਰਸ਼ਾਦ ਦਾ ਭੋਗ ਬਾਬਾ ਜੀ ਨੂੰ ਲਗਾਇਆ ਜਾਂਦਾ ਹੈ। ਇਹ ਧਾਰਮਿਕ ਰਸਮ ਵੀ ਮੇਲੇ ਦੌਰਾਨ ਹੀ ਪੂਰੀ ਕੀਤੀ ਜਾਂਦੀ ਹੈ। ਮੇਅਰ ਵਨੀਤ ਧੀਰ ਤੇ ਨਿਤਿਨ ਕੋਹਲੀ ਨੇ ਚੱਢਾ ਬਿਰਾਦਰੀ ਵੱਲੋਂ ਸ੍ਰੀ ਸਿੱਧ ਬਾਬਾ ਸੋਢਲ ਦੇ ਪ੍ਰਚਾਰ-ਪ੍ਰਸਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਮੇਲੇ ਤੋਂ ਪਹਿਲਾਂ ਮੰਦਰ ਨੂੰ ਜਾਣ ਵਾਲੇ ਸਾਰੇ ਰਸਤਿਆਂ ’ਤੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣਗੇ। ਇਸ ਤੋਂ ਇਲਾਵਾ ਮੇਲੇ ਦੀਆਂ ਤਿਆਰੀਆਂ ਸਬੰਧੀ ਮੰਦਰ ’ਚ ਬੈਠਕ ਕਰਨ ਦਾ ਵੀ ਐਲਾਨ ਕੀਤਾ ਗਿਆ।