- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਤਰ ਰਾਸ਼ਟਰੀ ਡਰੱਗ ਰੈਕਟ ਦਾ ਪਰਦਾਫਾਸ਼

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ ਦੀ ਪੁਲਿਸ ਨੇ ਇਕ ਅੰਤਰਰਾਸ਼ਟਰੀ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ, ਜਿਸ ਦੇ ਮੈਂਬਰ ਰੇਲ ਗੱਡੀ ਰਾਹੀਂ ਨੇਪਾਲ ਤੋਂ ਚਰਸ ਲਿਆ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਸਪਲਾਈ ਕਰਦੇ ਸਨ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ ਭਾਰੀ ਮਾਤਰਾ ’ਚ ਚਰਸ ਬਰਾਮਦ ਕਰਦੇ ਹੋਏ ਤਿੰਨ ਨੇਪਾਲੀਆਂ ਨੂੰ ਗ੍ਰਿਫਤਾਰ ਕੀਤਾ ਹੈ। ਏਡੀਸੀਪੀ ਇਨਵੈਸਟੀਗੇਸ਼ਨ ਦੇਵ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸਰਿੰਦਰ ਕੁਮਾਰ ਕੰਬੋਜ ਦੀ ਅਗਵਾਈ ਹੇਠ ਸਟਾਫ ਦੀ ਟੀਮ ਨੇ 28 ਅਗਸਤ ਨੂੰ ਦੇਵਾਨੰਦ ੳਰਫ ਨੰਦਾ ਵਾਸੀ ਨੇਪਾਲ ਹਾਲ ਵਾਸੀ ਦਕੋਹਾ ਰਾਮਾ ਮੰਡੀ ਨੂੰ ਗਸ਼ਤ ਦੌਰਾਨ ਉਸ ਵੇਲੇ ਗ੍ਰਿਫਤਾਰ ਕੀਤਾ ਜਦ ਉਹ ਕਾਲੇ ਰੰਗ ਦੇ ਇਕ ਲਿਫਾਫੇ ’ਚ ਡੇਢ ਕਿੱਲੋਂ ਚਰਸ ਲੈ ਕੇ ਪੈਦਲ ਜਾ ਰਿਹਾ ਸੀ। ਮੁਲਜ਼ਮ ਖਿਲਾਫ ਥਾਣਾ ਰਾਮਾਮੰਡੀ ’ਚ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ’ਚੋਂ ਪੁਲਿਸ ਰਿਮਾਂਡ ’ਤੇ ਲੈ ਕੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਦੇ ਦੋ ਹੋਰ ਸਾਥੀ ਨੇਪਾਲ ਤੋਂ ਰੇਲ ਗੱਡੀ ਰਾਹੀਂ ਚਰਸ ਲੈ ਕੇ ਪੁੱਜੇ ਹਨ। ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ ਵੱਲੋਂ ਗਿਰੋਹ ਦੇ ਦੋ ਹੋਰ ਮੈਂਬਰ ਬੁੱਧ ਬਹਾਦਰ ਵਾਸੀ ਨੇਪਾਲ ਹਾਲ ਵਾਸੀ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਸੂਰਿਆ ਰੱਤੀ ਉਰਫ ਹਿਮ ਰਤੀ ਵਾਸੀ ਨੇਪਾਲ ਹਾਲ ਵਾਸੀ ਟਾਂਡਾ ਜਿਲਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ 33 ਕਿੱਲੋ ਚਰਸ ਬਰਾਮਦ ਕੀਤੀ। ਦੋਵਾਂ ਖਿਲਾਫ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰਕੇ ਡੁੰਘਾਈ ਨਾਲ ਪੁੱਛਗਿੱਛ ਲਈ ਪੁਲਿਸ ਰਿਮਾਂਡ ਲਿਆ ਹੈ। ਪੁਲਿਸ ਰਿਮਾਂਡ ਦੌਰਾਨ ਗਿਰੋਹ ਦੇ ਹੋਰ ਮੈਂਬਰਾਂ ਨੂੰ ਵੀ ਗ੍ਰਿਫਤਾਰ ਕਰਕੇ ਨਸ਼ੇ ਦੀ ਬਰਾਮਦਗੀ ਕੀਤੀ ਜਾਵੇਗੀ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਫੜੇ ਗਏ ਮੁਲਜ਼ਮਾਂ ਖਿਲਾਫ ਇਸ ਤੋਂ ਪਹਿਲਾਂ ਵੀ ਨਸ਼ਾ ਤਸਕਰੀ ਦੇ ਵੱਖ-ਵੱਖ ਥਾਣਿਆਂ ’ਚ ਮਾਮਲੇ ਦਰਜ ਹਨ।