- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਤਰਰਾਸ਼ਟਰੀ ਅਥਲੀਟ ਗੁਰਵਿੰਦਰਵੀਰ ਸਿੰਘ ਦਾ ਭੋਗਪੁਰ ਤੇ ਪਤਿਆਲਾਂ ਪੁੱਜਣ ’ਤੇ ਭਰਵਾਂ ਸਵਾਗਤ

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਜਾਪਾਨ ’ਚ ਹੋ ਰਹੀਆਂ ਏਸ਼ੀਆਈ ਖੇਡਾਂ-2026 ਦੇ ਮਿਕਸਡ 4×400 ਮੀਟਰ ਮੁਕਾਬਲੇ ’ਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਤੇ 100 ਮੀਟਰ ਦੌੜ ’ਚ ਕੌਮੀ ਰਿਕਾਰਡ ਕਾਇਮ ਕਰਨ ਵਾਲੇ ਅੰਤਰਰਾਸ਼ਟਰੀ ਅਥਲੀਟ ਗੁਰਵਿੰਦਰਵੀਰ ਸਿੰਘ ਦਾ ਭੋਗਪੁਰ ਤੇ ਉਨ੍ਹਾਂ ਦੇ ਜੱਦੀ ਪਿੰਡ ਪਤਿਆਲਾਂ ਪੁੱਜਣ ’ਤੇ ਇਲਾਕਾ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਗੁਰਵਿੰਦਰਵੀਰ ਸਿੰਘ ਦਾ ਕਾਫ਼ਲਾ ਗਰਿੱਲ ਹੱਟ ਜੰਕਸ਼ਨ, ਭੋਗਪੁਰ ਵਿਖੇ ਪੁੱਜਣ ’ਤੇ ਗੁਰਪਾਲ ਸਿੰਘ ਸਾਬੀ ਦੀ ਅਗਵਾਈ ਹੇਠ ਇਲਾਕਾ ਵਾਸੀਆਂ ਨੇ ਉਨ੍ਹਾਂ, ਕੋਚ ਸਰਬਜੀਤ ਸਿੰਘ ਹੈਪੀ ਤੇ ਕੋਚ ਸਰਵਣ ਸਿੰਘ ਬੀਰਮਪੁਰ ਦਾ ਫੁੱਲਾਂ ਦੇ ਹਾਰ ਤੇ ਸਿਰੋਪਿਆਂ ਨਾਲ ਸਨਮਾਨ ਕੀਤਾ। ਖੁੱਲ੍ਹੀ ਜੀਪ ’ਚ ਢੋਲ-ਢਮੱਕਿਆਂ ਨਾਲ ਪੁੱਜੇ ਕਾਫ਼ਲੇ ਦਾ ਸਵਾਗਤ ਕੀਤਾ। ਇਸੇ ਤਰ੍ਹਾਂ ਗੁਰਵਿੰਦਰਵੀਰ ਸਿੰਘ ਦੇ ਜੱਦੀ ਪਿੰਡ ਪਤਿਆਲਾਂ ਪੁੱਜਣ ’ਤੇ ਸਰਪੰਚ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਢੋਲ ਵਜਾ ਕੇ ਤੇ ਭੰਗੜਾ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪਿੰਡ ਵਾਸੀਆਂ ਵੱਲੋਂ ਗੁਰਵਿੰਦਰਵੀਰ ਸਿੰਘ ਨੂੰ ਫੁੱਲਾਂ ਦੇ ਹਾਰ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਵਿੰਦਰਵੀਰ ਸਿੰਘ ਨੇ ਕਿਹਾ ਕਿ ਉਹ ਭਵਿੱਖ ’ਚ ਹੋਣ ਵਾਲੇ ਕੌਮਾਂਤਰੀ ਮੁਕਾਬਲਿਆਂ ’ਚ ਹੋਰ ਮਿਹਨਤ ਕਰ ਕੇ ਸੋਨੇ ਦੇ ਤਮਗੇ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ ਤੇ ਦੇਸ਼, ਪੰਜਾਬ ਤੇ ਪੰਜਾਬੀਆਂ ਦਾ ਨਾਮ ਰੌਸ਼ਨ ਕਰਨ ਲਈ ਪੂਰੀ ਮਿਹਨਤ ਜਾਰੀ ਰੱਖਣਗੇ। ਕੋਚ ਸਰਬਜੀਤ ਸਿੰਘ ਹੈਪੀ ਤੇ ਕੋਚ ਸਰਵਣ ਸਿੰਘ ਬੀਰਮਪੁਰ ਨੇ ਕਿਹਾ ਕਿ ਗੁਰਵਿੰਦਰਵੀਰ ਸਿੰਘ ਦੀਆਂ ਪ੍ਰਾਪਤੀਆਂ ਨੂੰ ਦੇਖਦਿਆਂ ਉਸ ਨੂੰ ਹੋਰ ਉਤਸ਼ਾਹ ਤੇ ਸਹਾਇਤਾ ਦੀ ਲੋੜ ਹੈ। ਉਨ੍ਹਾਂ ਸਰਕਾਰਾਂ ਤੇ ਸਬੰਧਤ ਸੰਸਥਾਵਾਂ ਵੱਲੋਂ ਖਿਡਾਰੀਆਂ ਨੂੰ ਵੱਧ ਤੋਂ ਵੱਧ ਸਹਿਯੋਗ ਤੇ ਉਤਸ਼ਾਹਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।