ਜਲੰਧਰ ’ਚ ਆਪਣੀ ਗੱਡੀ ’ਚ ਪੈਟਰੋਲ-ਡੀਜ਼ਲ ਪਵਾਉਣ ਤੋਂ ਪਹਿਲਾਂ ਜਾਣੋ ਨਵਾਂ ਆਦੇਸ਼, ਨਹੀਂ ਤਾਂ ਪੰਪ ਤੋਂ ਖਾਲੀ ਹੱਥ ਪਰਤਣਾ ਪਵੇਗਾ ਘਰ
ਡੀ.ਸੀ.ਪੀ. ਜਗਰੂਪ ਬਾਠ ਨੇ ਦੱਸਿਆ ਕਿ ਇਹ ਹੁਕਮ ਪੁਲਿਸ ਕਮਿਸ਼ਨਰੇਟ ਵੱਲੋਂ 'ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ' ਦੀ ਧਾਰਾ 163 ਤਹਿਤ ਜਾਰੀ ਕੀਤੇ ਗਏ ਹਨ। ਇਹ ਹੁਕਮ ਕਮਿਸ਼ਨਰੇਟ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਲਾਗੂ ਰਹਿਣਗੇ। ਡੀਸੀਪੀ ਨੇ ਦੱਸਿਆ ਕਿ ਸ਼ਹਿਰ ਵਿੱਚ ਬਹੁਤ ਸਾਰੇ ਵਾਹਨ 'ਹਾਈ-ਸਿਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ' ਤੋਂ ਬਿਨਾਂ ਚੱਲ ਰਹੇ ਹਨ।
Publish Date: Thu, 24 Sep 2026 12:59 PM (IST)
Updated Date: Thu, 24 Sep 2026 01:06 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ। ਸ਼ਹਿਰ ’ਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਅਪਰਾਧਿਕ ਗਤੀਵਿਧੀਆਂ ’ਤੇ ਰੋਕ ਲਗਾਉਣ ਲਈ, ਕਮਿਸ਼ਨਰੇਟ ਪੁਲਿਸ ਨੇ ਸਖ਼ਤ ਕਦਮ ਚੁੱਕੇ ਹਨ। ਬਿਨਾਂ ਨੰਬਰ ਪਲੇਟਾਂ ਵਾਲੇ ਜਾਂ ਟੁੱਟੀਆਂ, ਛੇੜਛਾੜ ਕੀਤੀਆਂ ਨੰਬਰ ਪਲੇਟਾਂ ਵਾਲੇ ਵਾਹਨਾਂ ਵਿਰੁੱਧ ਸਖ਼ਤੀ ਵਰਤਦਿਆਂ, ਪੁਲਿਸ ਨੇ ਅਜਿਹੇ ਵਾਹਨਾਂ ਨੂੰ ਪੈਟਰੋਲ, ਡੀਜ਼ਲ ਅਤੇ ਸੀਐੱਨਜੀ ਦੀ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਹੈ।
ਇਸ ਤੋਂ ਇਲਾਵਾ, ਰੈਸਟੋਰੈਂਟਾਂ, ਹੋਟਲਾਂ, ਢਾਬਿਆਂ, ਬਾਰਾਂ, ਕੈਫੇ ਅਤੇ ਹੋਰ ਜਨਤਕ ਥਾਵਾਂ ਦੇ ਅੰਦਰ ਲਾਇਸੰਸਸ਼ੁਦਾ ਹਥਿਆਰ ਲੈ ਕੇ ਜਾਣ ਅਤੇ ਉਨ੍ਹਾਂ ਨੂੰ ਮੇਜ਼ਾਂ 'ਤੇ ਰੱਖਣ ਸਬੰਧੀ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ।
ਡੀ.ਸੀ.ਪੀ. ਜਗਰੂਪ ਬਾਠ ਨੇ ਦੱਸਿਆ ਕਿ ਇਹ ਹੁਕਮ ਪੁਲਿਸ ਕਮਿਸ਼ਨਰੇਟ ਵੱਲੋਂ 'ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ' ਦੀ ਧਾਰਾ 163 ਤਹਿਤ ਜਾਰੀ ਕੀਤੇ ਗਏ ਹਨ। ਇਹ ਹੁਕਮ ਕਮਿਸ਼ਨਰੇਟ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਲਾਗੂ ਰਹਿਣਗੇ। ਡੀਸੀਪੀ ਨੇ ਦੱਸਿਆ ਕਿ ਸ਼ਹਿਰ ਵਿੱਚ ਬਹੁਤ ਸਾਰੇ ਵਾਹਨ 'ਹਾਈ-ਸਿਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ' ਤੋਂ ਬਿਨਾਂ ਚੱਲ ਰਹੇ ਹਨ।
ਇਸ ਤੋਂ ਇਲਾਵਾ, ਕੁਝ ਵਾਹਨਾਂ ਦੀਆਂ ਨੰਬਰ ਪਲੇਟਾਂ ਟੁੱਟੀਆਂ ਹੋਈਆਂ, ਪੜ੍ਹਨਯੋਗ ਨਾ ਹੋਣ ਵਾਲੀਆਂ ਜਾਂ ਛੇੜਛਾੜ ਕੀਤੀਆਂ ਹੋਈਆਂ ਹਨ। ਅਜਿਹੇ ਵਾਹਨਾਂ ਦੀ ਪਛਾਣ ਕਰਨੀ ਮੁਸ਼ਕਲ ਹੁੰਦੀ ਹੈ ਅਤੇ ਇਨ੍ਹਾਂ ਦੇ ਅਪਰਾਧਿਕ ਘਟਨਾਵਾਂ ਵਿੱਚ ਵਰਤੇ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ।
ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਸ਼ਹਿਰ ਦੇ ਸਾਰੇ ਪੈਟਰੋਲ ਪੰਪ ਸੰਚਾਲਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਅਜਿਹੇ ਵਾਹਨਾਂ,ਭਾਵੇਂ ਉਹ ਦੋ-ਪਹੀਆ, ਤਿੰਨ-ਪਹੀਆ, ਚਾਰ-ਪਹੀਆ ਜਾਂ ਵਪਾਰਕ ਵਾਹਨ ਹੋਣ ਵਿੱਚ ਬਾਲਣ ਨਾ ਭਰਨ ਜਿਨ੍ਹਾਂ ਕੋਲ ਜਾਇਜ਼ ਨੰਬਰ ਪਲੇਟਾਂ ਨਹੀਂ ਹਨ।
ਡੀਸੀਪੀ ਜਗਰੂਪ ਬਾਠ ਨੇ ਦੱਸਿਆ ਕਿ ਲੋਕ ਅਕਸਰ ਜਨਤਕ ਥਾਵਾਂ ਜਿਵੇਂ ਕਿ ਰੈਸਟੋਰੈਂਟ, ਹੋਟਲ, ਬੈਂਕੁਏਟ ਹਾਲ, ਢਾਬੇ, ਬਾਰ ਅਤੇ ਕੈਫੇ ਵਿੱਚ ਲਾਇਸੰਸਸ਼ੁਦਾ ਹਥਿਆਰ ਲੈ ਕੇ ਜਾਂਦੇ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਮੇਜ਼ਾਂ 'ਤੇ ਵੀ ਰੱਖ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹਥਿਆਰਾਂ ਦਾ ਪ੍ਰਦਰਸ਼ਨ ਕਰਨਾ 'ਆਰਮਜ਼ ਐਕਟ' ਦੀਆਂ ਧਾਰਾਵਾਂ ਤਹਿਤ ਗੰਭੀਰ ਉਲੰਘਣਾ ਹੈ।
ਪੁਲਿਸ ਨੇ ਅਜਿਹੇ ਸਾਰੇ ਅਦਾਰਿਆਂ ਦੇ ਸੰਚਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਹਾਤੇ ਵਿੱਚ "ਹਥਿਆਰ ਲਿਆਉਣ ਦੀ ਮਨਾਹੀ ਹੈ" ਦੇ ਸਪੱਸ਼ਟ ਬੋਰਡ ਲਗਾਉਣ ਤਾਂ ਜੋ ਆਉਣ ਵਾਲੇ ਲੋਕਾਂ ਨੂੰ ਅੰਦਰ ਦਾਖਲ ਹੋਣ ਤੋਂ ਪਹਿਲਾਂ ਨਿਯਮਾਂ ਬਾਰੇ ਜਾਣਕਾਰੀ ਮਿਲ ਸਕੇ। ਸੰਚਾਲਕਾਂ ਨੂੰ ਇਨ੍ਹਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।