- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਵੱਧ ਤੋਂ ਵੱਧ ਕਰਜ਼ਾ ਦੇਣ ਦੀ ਹਦਾਇਤ

-ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ’ਚ ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਵਿਸ਼ੇਸ਼ ਤਿਮਾਹੀ ਸਮੀਖਿਆ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਵਿੱਤੀ ਸਾਲ 2026-27 ਦੀ ਸਲਾਨਾ ਕਰਜ਼ਾ ਯੋਜਨਾ ਦੀ 30 ਜੂਨ 2026 ਨੂੰ ਖ਼ਤਮ ਹੋਈ ਤਿਮਾਹੀ ਲਈ ਮਿੱਥੇ ਗਏ ਟੀਚੇ ਤੇ ਨਤੀਜਿਆਂ ਦੀ ਸਮੀਖਿਆ ਕੀਤੀ ਗਈ। ਜ਼ਿਲ੍ਹੇ ’ਚ ਕੰਮ ਕਰਦੇ ਸਾਰੇ ਸਰਕਾਰੀ, ਸਹਿਕਾਰੀ ਤੇ ਗੈਰ ਸਰਕਾਰੀ ਬੈਂਕਾਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖ਼ਾ ਮੀਟਿੰਗ ਦੇ ਕਨਵੀਨਰ ਐੱਮਐੱਸ ਮੋਤੀ ਪ੍ਰਮੁੱਖ ਜ਼ਿਲ੍ਹਾ ਪ੍ਰਬੰਧਕ, ਜਲੰਧਰ ਨੇ ਕਮੇਟੀ ਦੇ ਸਨਮੁੱਖ ਰੱਖਿਆ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਵੱਧ ਤੋਂ ਵੱਧ ਕਰਜ਼ਾ ਦੇਣ ਲਈ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਰਕਾਰੀ ਸਕੀਮਾਂ ਸਬੰਧੀ ਤੇ ਸਵੈ ਸਹਾਇਤਾ ਸਮੂਹ ਦੀਆਂ ਅਰਜ਼ੀਆਂ ਦਾ ਜਲਦ ਨਿਪਟਾਰਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸੀਡੀ ਰੇਸ਼ੋ ’ਚ ਸੁਧਾਰ ਲਿਆਉਣ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ 30 ਜੂਨ, 2026 ਤੱਕ 13871 ਕਰੋੜ ਰੁਪਏ ਦੇ ਕੁੱਲ ਕਰਜ਼ੇ ਵੰਡੇ ਜਾ ਚੁੱਕੇ ਹਨ। ਮੀਟਿੰਗ ’ਚ ਰਿਜ਼ਰਵ ਬੈਂਕ ਆਫ ਇੰਡੀਆ, ਚੰਡੀਗੜ੍ਹ ਤੋਂ ਯਸ਼ ਭਾਰਦਵਾਜ ਐੱਲਡੀਓ, ਬੈਂਕਾਂ ਦੇ ਨੁਮਾਇੰਦੇ, ਰੂਡਸੈੱਟ ਤੋਂ ਡਾਇਰੈਕਟਰ ਮਨਜੀਤ ਸਿੰਘ, ਜ਼ਿਲ੍ਹਾ ਖੇਤੀਬਾੜੀ ਦਫ਼ਤਰ ਤੋਂ ਡਾ. ਜਸਵੀਰ ਸਿੰਘ, ਡੀਡੀਐੱਮ ਨਾਬਾਰਡ ਸਵਿਤਾ ਸਿੰਘ ਤੋਂ ਇਲਾਵਾ ਬਾਗਬਾਨੀ, ਮੱਛੀਪਾਲਣ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।