- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਿਲਾਵਾਂ ਦੀ ਅਗਵਾਈ ਹੇਠ ਐਲਡੇਕੋ ਵਿੱਚ ਗੂੰਜਿਆ ਸਫ਼ਾਈ ਦਾ ਸੁਨੇਹਾ, ਸੇਂਟ ਸੋਲਜਰ ਅਤੇ ਲਿਟਲ ਇੰਡੀਆ ਸਕੂਲ ਦੇ ਬੱਚਿਆਂ ਨੇ ਬੰਨ੍ਹਿਆ ਸਮਾਂ

ਔਰਤਾਂ ਦੀ ਅਗਵਾਈ ਹੇਠ ਐਲਡੇਕੋ ’ਚ ਗੂੰਜਿਆ ਸਫ਼ਾਈ ਦਾ ਸੁਨੇਹਾ
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ
ਐਲਡੇਕੋ ਗ੍ਰੀਨਜ਼ ’ਚ ਕਰਵਾਈ ਗਈ ਸਫ਼ਾਈ ਮੁਹਿੰਮ ਵਿੱਚ ਬੱਚਿਆਂ, ਔਰਤਾਂ ਤੇ ਸੁਸਾਇਟੀ ਵਾਸੀਆਂ ਨੇ ਸਫ਼ਾਈ ਤੇ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ। ਮੁਹਿੰਮ ’ਚ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਮੁੱਖ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਸਫ਼ਾਈ ਅਤੇ ਵਾਤਾਵਰਣ ਸੰਭਾਲ ਦੇ ਸੰਸਕਾਰ ਦੇਣਾ ਭਵਿੱਖ ਦੇ ਸਮਾਜ ਨੂੰ ਸੰਵਾਰਨ ਦੇ ਬਰਾਬਰ ਹੈ। ਪ੍ਰੋਗਰਾਮ ਦੀ ਸ਼ੁਰੂਆਤ ਸਫ਼ਾਈ ਰੈਲੀ ਨਾਲ ਹੋਈ। ਰੈਲੀ ਤੋਂ ਬਾਅਦ ਸੁਸਾਇਟੀ ਕੰਪਲੈਕਸ ’ਚ ਸਫ਼ਾਈ ਮੁਹਿੰਮ ਚਲਾਈ ਗਈ ਤੇ ਹਾਜ਼ਰ ਲੋਕਾਂ ਨੇ ਆਪਣੇ ਆਲੇ-ਦੁਆਲੇ ਸਫ਼ਾਈ ਬਣਾਈ ਰੱਖਣ ਤੇ ਹੋਰਨਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਨ ਦੀ ਸਹੁੰ ਚੁੱਕੀ।
ਸੰਤ ਸੀਚੇਵਾਲ ਨੇ ਕਿਹਾ ਕਿ ਸਫ਼ਾਈ ਕਿਸੇ ਇਕ ਵਿਅਕਤੀ ਜਾਂ ਸੰਸਥਾ ਦਾ ਕੰਮ ਨਹੀਂ, ਸਗੋਂ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਸੇਂਟ ਸੋਲਜਰ ਸਕੂਲ ਦੀ ਗਿੱਧਾ ਟੀਮ ਨੇ ਰਵਾਇਤੀ ਨਾਚ ਰਾਹੀਂ ਸਫ਼ਾਈ ਦਾ ਸੁਨੇਹਾ ਦਿੱਤਾ, ਜਦਕਿ ਸਕੂਲ ਦੀ ਬੈਂਡ ਟੀਮ ਨੇ ਧੁਨਾਂ ਨਾਲ ਮਾਹੌਲ ’ਚ ਜੋਸ਼ ਭਰ ਦਿੱਤਾ। ਇਸੇ ਤਰ੍ਹਾਂ ਲਿਟਲ ਇੰਡੀਆ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਫ਼ਾਈ ਅਤੇ ਵਾਤਾਵਰਣ ਸੰਭਾਲ ’ਤੇ ਆਧਾਰਿਤ ਸ਼ਾਨਦਾਰ ਕੋਰੀਓਗ੍ਰਾਫੀ ਪੇਸ਼ ਕੀਤੀ। ਐਲਡੇਕੋ ਲਾਇਬ੍ਰੇਰੀ ਟੀਮ ਵੱਲੋਂ ਕਰਵਾਏ ਮੁਕਾਬਲੇ ’ਚ ਬੱਚਿਆਂ ਨੇ ਸਫ਼ਾਈ, ਹਰਿਆਵਲੀ ਅਤੇ ਵਾਤਾਵਰਣ ਸੰਭਾਲ ਨਾਲ ਸਬੰਧਤ ਰਚਨਾਤਮਕ ਨਾਅਰੇ ਲਿਖੇ। ਜੇਤੂ ਬੱਚਿਆਂ ਸਮੇਤ ਵਧੀਆ ਪ੍ਰਦਰਸ਼ਨ ਕਰਨ ਵਾਲੇ ਪ੍ਰਤੀਭਾਗੀਆਂ ਨੂੰ ਤਮਗੇ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਸੰਤ ਸੀਚੇਵਾਲ ਨੇ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਵਿੱਚ ਰਚਨਾਤਮਕਤਾ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਵੀ ਪੈਦਾ ਕਰਦੇ ਹਨ। ਮਹਿਲਾਵਾਂ ਦੀ ਸਰਗਰਮ ਭੂਮਿਕਾ ਮੁਹਿੰਮ ਦੀ ਸਭ ਤੋਂ ਮਹੱਤਵਪੂਰਨ ਕੜੀ ਰਹੀ। ਉਨ੍ਹਾਂ ਮਹਿਕ ਜਿੰਦਲ, ਸ਼ਵੇਤਾ ਗੋਪਾਲ, ਸੁਨੀਤਾ ਪਾਲ, ਰੁਚੀ ਪੁਰੀ, ਕੰਚਨ, ਸ਼ਾਲਿਮਾ, ਇੰਦੂ ਬੱਤਰਾ ਅਤੇ ਸੁਪਨਾ ਤੁਲੀ ਸਮੇਤ ਸਾਰੀਆਂ ਮਹਿਲਾ ਮੈਂਬਰਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਮੰਚ ਸੰਚਾਲਨ ਸ਼ਵੇਤਾ ਗੋਪਾਲ ਨੇ ਕੀਤਾ। ਬੱਚਿਆਂ ਅਤੇ ਕਲਾਕਾਰਾਂ ਦਾ ਉਤਸ਼ਾਹ ਵਧਾਉਣ ਲਈ ਇਨਾਮ ਵੀ ਵੰਡੇ ਗਏ। ਸੁਖਵਿੰਦਰ ਸਿੰਘ ‘ਸੁੱਖੀ’ ਵੱਲੋਂ ਗਿੱਧਾ ਟੀਮ ਨੂੰ 10 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ।
ਸੰਜੀਵ ਲਖਨਪਾਲ, ਵਰਿੰਦਰ ਕਾਂਸਲ ਸਮੇਤ ਹੋਰ ਪਤਵੰਤੇ ਵਿਅਕਤੀਆਂ ਨੇ ਵੀ ਬੱਚਿਆਂ ਅਤੇ ਗਿੱਧਾ ਟੀਮ ਨੂੰ ਇਨਾਮ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਪ੍ਰੋਗਰਾਮ ਨੂੰ ਸਫਲ ਬਣਾਉਣ ’ਚ ਮੁੱਖ ਪ੍ਰਾਯੋਜਕ ਭਗਵਾਨ ਦਾਸ ਚੌਧਰੀ, ਪ੍ਰੋਜੈਕਟ ਡਾਇਰੈਕਟਰ ਡਾ. ਸੁਗਨੀ, ਗੋਪਾਲ ਕ੍ਰਿਸ਼ਨ, ਨਰੇਸ਼ ਸਰਨਾ, ਮੋਹਨ ਲੂਥਰਾ, ਸੰਜੇ ਗੁਲਾਟੀ, ਹੈਪੀ ਮੱਕੜ, ਰਾਕੇਸ਼ ਸ਼ਰਮਾ, ਟੀ.ਐਸ. ਬੱਗਾ, ਰਾਜੇਸ਼ ਪੁਰੀ, ਸੁਮਿਤ ਠੁਕਰਾਲ, ਕਵਲ ਨੈਨ, ਨੇਕਟਰ ਚੌਹਾਨ, ਨਰੇਸ਼ ਢੱਲ, ਰਾਜ ਕੁਮਾਰ, ਡਾ. ਨਵਦੀਪ ਅਨੇਜਾ, ਨਵਤੇਜ ਸਿੰਘ, ਅਨੂਪ ਮਿਗਲਾਨੀ, ਐਡਵੋਕੇਟ ਰਾਜੇਸ਼ ਵਰਮਾ, ਐਸ.ਐਨ. ਚੋਪੜਾ ਤੇ ਸੌਰਵ ਸ਼ਰਮਾ ਸਮੇਤ ਸੁਸਾਇਟੀ ਵਾਸੀਆਂ ਨੇ ਸਹਿਯੋਗ ਦਿੱਤਾ।