ਨਿਗਮ ਕਮਿਸ਼ਨਰ ਨੇ ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ਲਈ ਟਰਾਂਸਪੋਰਟ ਨਗਰ ਦਾ ਕੀਤਾ ਮੁਆਇਨਾ ਨਿਗਮ ਕਮਿਸ਼ਨਰ ਨੇ ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ਲਈ ਟਰਾਂਸਪੋਰਟ ਨਗਰ ਦਾ ਕੀਤਾ ਮੁਆਇਨਾ
Publish Date: Wed, 21 Oct 2026 07:42 PM (IST)
Updated Date: Wed, 21 Oct 2026 07:45 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ, ਜਲੰਧਰ : ਜਲੰਧਰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਜੋ ਕਿ ਬਰਲਟਨ ਪਾਰਕ ਵਿਖੇ ਆਉਂਦੀ 27 ਅਕਤੂਬਰ ਨੂੰ ਸ਼ੁਰੂ ਹੋਣ ਜਾ ਰਹੀ ਹੈ, ਦੇ ਮੱਦੇਨਜ਼ਰ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਵੱਲੋਂ ਟੀਮਾਂ ਦੇ ਠਹਿਰਨ ਵਾਲੇ ਹੋਟਲ ਟਿਊਲਿਪ, ਅੰਮ੍ਰਿਤਸਰ ਬਾਈਪਾਸ ਰੋਡ ਤੇ ਟਰਾਂਸਪੋਰਟ ਨਗਰ ਦੇ ਆਲੇ-ਦੁਆਲੇ ਦੇ ਇਲਾਕਿਆਂ ਦਾ ਦੌਰਾ ਕਰਕੇ ਸਫ਼ਾਈ ਵਿਵਸਥਾ, ਸੜਕਾਂ ਦੀ ਹਾਲਤ ਤੇ ਸਟਰੀਟ ਲਾਈਟਾਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ ਗਿਆ। ਉਨ੍ਹਾਂ ਨਾਲ ਸਹਾਇਕ ਸਿਹਤ ਅਫ਼ਸਰ ਕ੍ਰਿਸ਼ਨ, ਐਕਸੀਅਨ ਰਣਬੀਰ ਸਿੰਘ, ਐੱਸਡੀਓ ਕਾਰਤਿਕ ਤੇ ਠੇਕੇਦਾਰ ਗੌਰਵ ਗੁਪਤਾ ਵੀ ਮੌਜੂਦ ਸਨ। ਹਦਾਇਤਾਂ : ਜਾਇਜ਼ੇ ਦੌਰਾਨ ਕਮਿਸ਼ਨਰ ਸੁਰਿੰਦਰ ਸਿੰਘ ਨੇ ਸਬੰਧਿਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ’ਚ ਸ਼ਾਮਲ ਹੋਣ ਵਾਲੀਆਂ ਟੀਮਾਂ ਦੇ ਠਹਿਰਨ ਵਾਲੇ ਹੋਟਲ ਤੇ ਉਨ੍ਹਾਂ ਦੇ ਆਉਣ-ਜਾਣ ਵਾਲੇ ਸਾਰੇ ਨਿਰਧਾਰਿਤ ਰਸਤਿਆਂ ’ਤੇ ਸਫ਼ਾਈ, ਸੜਕਾਂ ਦੀ ਮੁਰੰਮਤ ਤੇ ਸਟਰੀਟ ਲਾਈਟਾਂ ਦੇ ਸੁਚੱਜੇ ਪ੍ਰਬੰਧ ਹਰ ਹਾਲਤ ’ਚ ਯਕੀਨੀ ਬਣਾਏ ਜਾਣ। ਰੁਕਾਵਟ ਬਰਦਾਸ਼ਤ ਨਹੀਂ : ਕਮਿਸ਼ਨਰ ਨੇ ਸਪੱਸ਼ਟ ਨਿਰਦੇਸ਼ ਦਿੱਤੇ ਕਿ ਟੀਮਾਂ ਦੇ ਰੂਟਾਂ ’ਤੇ ਕਿਸੇ ਵੀ ਕਿਸਮ ਦੀ ਰੁਕਾਵਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੜਕਾਂ ’ਤੇ ਪਏ ਮਲਬੇ, ਕੂੜੇ ਤੇ ਹੋਰ ਅੜਚਨਾਂ ਨੂੰ ਤੁਰੰਤ ਹਟਾਇਆ ਜਾਵੇ ਤੇ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ। ਇਸ ਦੇ ਨਾਲ ਹੀ ਸਟਰੀਟ ਲਾਈਟਾਂ ਦੀ ਜਾਂਚ ਕਰ ਕੇ ਖ਼ਰਾਬ ਲਾਈਟਾਂ ਨੂੰ ਤੁਰੰਤ ਠੀਕ ਕਰਵਾਇਆ ਜਾਵੇ ਤੇ ਰਾਤ ਸਮੇਂ ਵੀ ਰੌਸ਼ਨੀ ਯਕੀਨੀ ਬਣਾਈ ਜਾਏ ਤੇ ਚੈਂਪੀਅਨ ਦੌਰਾਨ ਅਧਿਕਾਰੀ ਤੇ ਕਰਮਚਾਰੀ ਆਪਸੀ ਤਾਲਮੇਲ ਬਣਾਏ ਰਖਦੇ ਹੋਏ ਸਾਰੇ ਪ੍ਰਬੰਧਾਂ ਦੀ ਸਮੀਖਿਆ ਕਰਨ। ਉਨ੍ਹਾਂ ਕਿਹਾ ਕਿ ਇਹ ਇਕ ਅੰਤਰਰਾਸ਼ਟਰੀ ਪੱਧਰ ਦਾ ਖੇਡ ਸਮਾਗਮ ਹੈ ਤੇ ਇਸ ਦੌਰਾਨ ਸ਼ਹਿਰ ਦੀ ਸਾਫ਼-ਸਫ਼ਾਈ, ਸੁਚੱਜੀ ਆਵਾਜਾਈ ਤੇ ਬਿਹਤਰ ਬੁਨਿਆਦੀ ਸਹੂਲਤਾਂ ਨੂੰ ਯਕੀਨੀ ਬਣਾਉਣਾ ਨਗਰ ਨਿਗਮ ਦਾ ਮੁੱਖ ਕਰਤਵ ਹੈ। ਇਸ ਲਈ ਕਿਸੇ ਵੀ ਪੱਧਰ ’ਤੇ ਲਾਪ੍ਰਵਾਹੀ ਨਾ ਵਰਤੀ ਜਾਵੇ ਤੇ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾਣ।